ਦਿਲ ਨੂੰ ਸਿਹਤਮੰਦ ਰੱਖਣ ਲਈ ਇਕ ਮਿੰਟ ’ਚ 60 ਪੌੜੀਆਂ ਚੜ੍ਹਨ ਦੀ ਮੁਹਿੰਮ

09/30/2022 4:10:49 PM

ਨਵੀਂ ਦਿੱਲੀ (ਭਾਸ਼ਾ)– ਦਿਲ ਨੂੰ ਸਿਹਤਮੰਦ ਰੱਖਣ ਬਾਰੇ ਜਾਗਰੂਕਤਾ ਫੈਲਾਉਣ ਲਈ ਚਲਾਈ ਜਾ ਰਹੀ ਇਕ ਅਨੋਖੀ ਮੁਹਿੰਮ ਤਹਿਤ ਲੋਕਾਂ ਨੂੰ ਇਕ ਮਿੰਟ ’ਚ 60 ਪੌੜੀਆਂ ਚੜ੍ਹਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣ ਅਤੇ 5 ਹੋਰ ਲੋਕਾਂ ਨੂੰ ਟੈਗ ਕਰਕੇ, ਉਨ੍ਹਾਂ ਨੂੰ ਇਹ ਚੁਣੌਤੀ ਦੇਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਹੀਲ ਫਾਊਂਡੇਸ਼ਨ ਦੇ ਸਹਿਯੋਗ ਨਾਲ ‘ਹਾਰਟ 2 ਹਾਰਟ-ਹੈਲਥੀ ਹਾਰਟ ਚੈਲੰਜ’ ਨਾਂ ਦੀ ਇਹ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੀ ਸ਼ੁਰੂਆਤ 22 ਸਤੰਬਰ ਨੂੰ ਕੀਤੀ ਗਈ ਸੀ। ਇਸ ਦਾ ਮਕਸਦ ਲੋਕਾਂ ਨੂੰ ਦਿਲ ਦੀ ਸਿਹਤ ’ਤੇ ਧਿਆਨ ਦੇਣ ਲਈ ਪ੍ਰੇਰਿਤ ਕਰਨਾ ਅਤੇ ਵਿਸ਼ਵ ਦਿਲ ਦਿਵਸ ਦੇ ਮੌਕੇ ਇਸ ਬਾਰੇ ਜਾਗਰੂਕਤਾ ਫੈਲਾਉਣਾ ਹੈ। ਆਯੋਜਕਾਂ ਮੁਤਾਬਕ, ਹੁਣ ਤੱਕ ਲਗਭਗ 750 ਲੋਕ ਇਸ ਚੁਣੌਤੀ ਨੂੰ ਪੂਰਾ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਵੀਡੀਓਜ਼ ਪੋਸਟ ਕੀਤੀਆਂ ਹਨ।

ਕਾਰਡੀਓਵੈਸਕੁਲਰ ਸਾਇੰਸ ਸਬੰਧੀ ਇਕ ਪ੍ਰਮੁੱਖ ਅੰਤਰਰਾਸ਼ਟਰੀ ਮੈਗਜ਼ੀਨ ’ਚ ਪ੍ਰਕਾਸ਼ਿਤ ਅਧਿਐਨ ਮੁਤਾਬਕ, ਪੌੜੀਆਂ ਚੜ੍ਹਨਾ ਦਿਲ ਦੀ ਸਿਹਤ ਦਾ ਮੁੱਲਾਂਕਣ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ। ਇਸ ’ਚ ਕਿਹਾ ਗਿਆ ਹੈ ਕਿ 90 ਸਕਿੰਟਾਂ ’ਚ ਚਾਰ ਮੰਜ਼ਿਲਾਂ (60 ਪੌੜੀਆਂ) ਨਹੀਂ ਚੜ੍ਹ ਸਕਣਾ, ਦਿਲ ਦੇ ਠੀਕ ਕੰਮ ਨਾ ਕਰਨ ਦਾ ਸੰਕੇਤ ਹੋ ਸਕਦਾ ਹੈ। ਅਧਿਐਨ ਮੁਤਾਬਕ, ਜੋ ਲੋਕ ਇਕ ਮਿੰਟ ’ਚ 60 ਪੌੜੀਆਂ ਚੜ੍ਹ ਸਕਦੇ ਹਨ, ਉਨ੍ਹਾਂ ਦਾ ਦਿਲ ਸ਼ਾਇਦ ਸਭ ਤੋਂ ਵਧੀਆ ਕੰਮ ਕਰ ਰਿਹਾ ਹੈ। ਉਕਤ ਮੁਹਿੰਮ ਤਹਿਤ ਲੋਕਾਂ ਨੂੰ ਇਕ ਮਿੰਟ ’ਚ 60 ਪੌੜੀਆਂ ਚੜ੍ਹਨੀਆਂ ਪੈਣਗੀਆਂ, ਜੋ ਚਾਰ ਮੰਜ਼ਿਲਾਂ ’ਤੇ ਚੜ੍ਹਨ ਦੇ ਬਰਾਬਰ ਹੈ। ਇਸ ਤੋਂ ਬਾਅਦ ਉਹ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨਗੇ ਅਤੇ ਪੰਜ ਲੋਕਾਂ ਨੂੰ ਟੈਗ ਕਰ ਕੇ ਅਜਿਹਾ ਕਰਨ ਦੀ ਚੁਣੌਤੀ ਦੇਣਗੇ।

Rakesh

This news is Content Editor Rakesh