ਤਾਮਿਲਨਾਡੂ ਐਕਸਪ੍ਰੈੱਸ ਟ੍ਰੇਨ ’ਚ ਟ੍ਰਾਲੀ ਬੈਗ ’ਚੋਂ ਲਾਸ਼ ਦੇ ਟੁਕੜੇ ਮਿਲੇ
Thursday, Aug 06, 2026 - 04:03 AM (IST)
ਆਗਰਾ - ਆਗਰਾ ਕੈਂਟ ਰੇਲਵੇ ਸਟੇਸ਼ਨ ’ਤੇ ਬੁੱਧਵਾਰ ਸਵੇਰੇ ਉਸ ਸਮੇਂ ਤੜਥੱਲੀ ਮਚ ਗਈ, ਜਦੋਂ ਚੇਨਈ ਤੋਂ ਨਵੀਂ ਦਿੱਲੀ ਜਾ ਰਹੀ ਤਾਮਿਲਨਾਡੂ ਐਕਸਪ੍ਰੈੱਸ ਦੇ ਜਨਰਲ ਕੋਚ ਵਿਚ ਰੱਖੇ ਇਕ ਲਾਵਾਰਿਸ ਟ੍ਰਾਲੀ ਬੈਗ ’ਚੋਂ ਅਣਪਛਾਤੀ ਲਾਸ਼ ਦੇ ਟੁਕੜੇ ਬਰਾਮਦ ਹੋਏ। ਬੈਗ ’ਚੋਂ ਬਦਬੂ ਆਉਣ ਤੋਂ ਬਾਅਦ ਯਾਤਰੀਆਂ ਨੇ ਇਸ ਦੀ ਸੂਚਨਾ ਰੇਲਵੇ ਸਟਾਫ਼ ਨੂੰ ਦਿੱਤੀ, ਜਿਸ ਤੋਂ ਬਾਅਦ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਦੀ ਟੀਮ ਮੌਕੇ ’ਤੇ ਪਹੁੰਚੀ।
ਪੁਲਸ ਉਪ ਕਪਤਾਨ (ਡੀ. ਐੱਸ. ਪੀ.) ਜੀ. ਆਰ. ਪੀ. ਰਾਜੇਸ਼ ਦੀਕਸ਼ਿਤ ਨੇ ਦੱਸਿਆ ਕਿ ਟ੍ਰੇਨ ਦੇ ਆਗਰਾ ਕੈਂਟ ਸਟੇਸ਼ਨ ਪਹੁੰਚਣ ’ਤੇ ਜਨਰਲ ਕੋਚ ਵਿਚ ਰੱਖੇ ਇਕ ਸ਼ੱਕੀ ਬੈਗ ਦੀ ਜਾਂਚ ਕੀਤੀ ਗਈ। ਬੈਗ ਖੋਲ੍ਹਣ ’ਤੇ ਉਸ ਵਿਚੋਂ ਇਕ ਲਾਸ਼ ਦੇ ਵੱਢੇ ਹੋਏ ਅੰਗ ਮਿਲੇ। ਪੁਲਸ ਨੇ ਬੈਗ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ੁਰੂਆਤੀ ਜਾਂਚ ਵਿਚ ਪੁਲਸ ਨੂੰ ਖ਼ਦਸ਼ਾ ਹੈ ਕਿ ਇਹ ਬੈਗ ਚੇਨਈ ਸਟੇਸ਼ਨ ਤੋਂ ਹੀ ਟ੍ਰੇਨ ਵਿਚ ਰੱਖਿਆ ਗਿਆ ਸੀ। ਜਾਂਚ ਏਜੰਸੀਆਂ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਘਟਨਾ ਨੂੰ ਕਿਸੇ ਹੋਰ ਥਾਂ ਅੰਜਾਮ ਦੇਣ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਬੈਗ ਨੂੰ ਟ੍ਰੇਨ ਵਿਚ ਤਾਂ ਨਹੀਂ ਛੱਡਿਆ ਗਿਆ। ਜੀ. ਆਰ. ਪੀ. ਅਤੇ ਆਰ. ਪੀ. ਐੱਫ. ਦੀਆਂ ਸਾਂਝੀਆਂ ਟੀਮਾਂ ਟ੍ਰੇਨ ਦੇ ਰੂਟ ’ਤੇ ਆਉਣ ਵਾਲੇ ਮੁੱਖ ਰੇਲਵੇ ਸਟੇਸ਼ਨਾਂ ਦੇ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀਆਂ ਹਨ, ਤਾਂ ਜੋ ਬੈਗ ਨੂੰ ਟ੍ਰੇਨ ਵਿਚ ਰੱਖਣ ਵਾਲੇ ਸ਼ੱਕੀ ਵਿਅਕਤੀ ਦੀ ਪਛਾਣ ਹੋ ਸਕੇ।
