1000 ਰੁਪਏ ਕਿਲੋ ਟਮਾਟਰ! ਖਰੀਦਦਾਰਾਂ ਦੀਆਂ ਲੱਗੀਆਂ ਲਾਈਨਾਂ, ਜਾਣੋ ਕਿਉਂ ਹਨ ਖ਼ਾਸ
Thursday, Feb 05, 2026 - 01:40 PM (IST)
ਬੈਤੂਲ- ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਇਕ ਉੱਨਤ ਕਿਸਾਨ ਅਨਿਲ ਵਰਮਾ ਨੇ ਖੇਤੀ ਦੀ ਦੁਨੀਆ 'ਚ ਇਕ ਨਵਾਂ ਅਧਿਆਏ ਲਿਖ ਦਿੱਤਾ ਹੈ। ਉਨ੍ਹਾਂ ਨੇ ਜ਼ਿਲ੍ਹੇ 'ਚ ਪਹਿਲੀ ਵਾਰ ਕਾਲੇ ਟਮਾਟਰ (Indigo Tomato) ਦੀ ਸਫਲ ਖੇਤੀ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਨਵੀਂ ਤਕਨੀਕ ਅਤੇ ਨਵੀਨਤਾ ਨਾਲ ਕਿਸਾਨ ਆਪਣੀ ਆਮਦਨ 'ਚ ਕਈ ਗੁਣਾ ਵਾਧਾ ਕਰ ਸਕਦੇ ਹਨ।
ਵਿਦੇਸ਼ੀ ਬੀਜਾਂ ਤੋਂ ਤਿਆਰ ਹੋਈ ਫਸਲ
ਇਹ ਖਾਸ ਕਿਸਮ ਦਾ ਟਮਾਟਰ ਮੂਲ ਰੂਪ 'ਚ ਅਮਰੀਕਾ 'ਚ ਵਿਕਸਿਤ ਕੀਤਾ ਗਿਆ ਸੀ ਅਤੇ ਮੌਜੂਦਾ ਸਮੇਂ ਅਮਰੀਕਾ, ਬ੍ਰਿਟੇਨ, ਜਾਪਾਨ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਇਸ ਦੀ ਖੇਤੀ ਕੀਤੀ ਜਾਂਦੀ ਹੈ। ਅਨਿਲ ਵਰਮਾ ਨੇ ਇਸ ਦੇ ਬੀਜ ਵਿਦੇਸ਼ਾਂ ਤੋਂ ਮੰਗਵਾਏ ਸਨ, ਜਿਨ੍ਹਾਂ ਦੀ ਕੀਮਤ ਲਗਭਗ 3000 ਰੁਪਏ 'ਚ ਸਿਰਫ 60 ਤੋਂ 70 ਦਾਣੇ ਪਈ ਸੀ। ਇੰਨੀ ਜ਼ਿਆਦਾ ਲਾਗਤ ਦੇ ਬਾਵਜੂਦ, ਫਸਲ ਦੀ ਉੱਚੀ ਕੀਮਤ ਕਾਰਨ ਇਹ ਲਾਹੇਵੰਦ ਸਾਬਤ ਹੋ ਰਹੀ ਹੈ।
ਆਮ ਟਮਾਟਰ ਨਾਲੋਂ ਭਾਰੀ ਅਤੇ ਗੁਣਕਾਰੀ
ਜਿੱਥੇ ਆਮ ਟਮਾਟਰ ਲਾਲ ਹੁੰਦੇ ਹਨ, ਉੱਥੇ ਇਹ ਟਮਾਟਰ ਗੂੜ੍ਹੇ ਜਾਮਣੀ-ਕਾਲੇ ਰੰਗ ਦਾ ਹੈ। ਅਨਿਲ ਵਰਮਾ ਦੇ ਖੇਤ 'ਚ ਉੱਗਿਆ ਇਕ ਟਮਾਟਰ 350 ਤੋਂ 400 ਗ੍ਰਾਮ ਤੱਕ ਦਾ ਹੈ, ਜੋ ਕਿ ਆਮ ਟਮਾਟਰ ਨਾਲੋਂ ਕਿਤੇ ਵੱਡਾ ਅਤੇ ਭਾਰੀ ਹੈ। ਇਸ ਦਾ ਸਵਾਦ ਹਲਕਾ ਮਿੱਠਾ ਅਤੇ ਘੱਟ ਖੱਟਾ ਹੁੰਦਾ ਹੈ, ਜਿਸ ਕਾਰਨ ਸਲਾਦ, ਸੂਪ ਅਤੇ ਖਾਸ ਪਕਵਾਨਾਂ 'ਚ ਇਸ ਦੀ ਮੰਗ ਬਹੁਤ ਜ਼ਿਆਦਾ ਹੈ।
ਸਿਹਤ ਲਈ 'ਵਰਦਾਨ' ਹੈ ਇਹ ਕਾਲਾ ਟਮਾਟਰ
ਮਾਹਿਰਾਂ ਨੇ ਇਸ ਨੂੰ 'ਪ੍ਰੀਮੀਅਮ ਸੁਪਰਫੂਡ' ਦੀ ਸ਼੍ਰੇਣੀ 'ਚ ਰੱਖਿਆ ਹੈ। ਇਸ 'ਚ ਵਿਟਾਮਿਨ ਏ, ਸੀ ਅਤੇ ਕੇ ਦੇ ਨਾਲ-ਨਾਲ ਐਂਥੋਸਾਇਨਿਨ ਅਤੇ ਲਾਈਕੋਪੀਨ ਵਰਗੇ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਹ ਤੱਤ ਦਿਲ ਦੀਆਂ ਬੀਮਾਰੀਆਂ, ਕੈਂਸਰ, ਸੋਜ ਅਤੇ ਅੱਖਾਂ ਦੀਆਂ ਸਮੱਸਿਆਵਾਂ ਤੋਂ ਬਚਾਅ 'ਚ ਮਦਦ ਕਰਦੇ ਹਨ।
ਕਿਸਾਨਾਂ ਲਈ ਭਵਿੱਖ ਦੀ ਖੇਤੀ
ਅਨਿਲ ਵਰਮਾ ਦਾ ਮੰਨਣਾ ਹੈ ਕਿ ਬਦਲਦੇ ਮੌਸਮ ਅਤੇ ਵਧਦੀ ਲਾਗਤ ਦੇ ਦੌਰ 'ਚ ਹਾਈ-ਵੈਲਿਊ ਫਸਲਾਂ ਖੇਤੀ ਨੂੰ ਮੁੜ ਮੁਨਾਫੇ ਦਾ ਸੌਦਾ ਬਣਾ ਸਕਦੀਆਂ ਹਨ। ਫਿਲਹਾਲ ਬਾਜ਼ਾਰ 'ਚ ਇਸ ਦੀ ਕੀਮਤ 1000 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਰਹੀ ਹੈ। ਖੇਤੀ ਮਾਹਿਰਾਂ ਅਨੁਸਾਰ ਬੈਤੂਲ ਦੀ ਜਲਵਾਯੂ ਅਤੇ ਮਿੱਟੀ ਇਸ ਖੇਤੀ ਲਈ ਬਹੁਤ ਅਨੁਕੂਲ ਹੈ ਅਤੇ ਅਨਿਲ ਵਰਮਾ ਦੀ ਸਫ਼ਲਤਾ ਤੋਂ ਪ੍ਰੇਰਿਤ ਹੋ ਕੇ ਹੁਣ ਹੋਰ ਕਿਸਾਨ ਵੀ ਇਸ ਪਾਸੇ ਰੁਚੀ ਦਿਖਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

