PM ਮੋਦੀ ਦੀ ਦੀਵੇ ਜਗਾਉਣ ਅਪੀਲ ''ਤੇ ਭਾਜਪਾ ਮਹਿਲਾ ਨੇਤਾ ਨੇ ਕੀਤੀ ਹੱਦ ਪਾਰ, ਵੀਡੀਓ ਵਾਇਰਲ

04/06/2020 2:07:33 PM

ਲਖਨਊ— ਕੋਰੋਨਾ ਵਾਇਰਸ ਵਿਰੁੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ 5 ਅਪ੍ਰੈਲ ਯਾਨੀ ਕਿ ਕੱਲ ਰਾਤ 9 ਵਜੇ 9 ਮਿੰਟ ਲਈ ਦੀਵੇ, ਮੋਮਬੱਤੀ ਜਾਂ ਟਾਰਚ ਜਗਾ ਕੇ ਇਕਜੁੱਟਤਾ ਦਾ ਸੰਦੇਸ਼ ਦਿੱਤਾ। ਇਸ ਦਰਮਿਆਨ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲੇ ਦੀ ਭਾਜਪਾ ਮਹਿਲਾ ਮੋਰਚੇ ਦੀ ਜ਼ਿਲਾ ਪ੍ਰਧਾਨ ਮੰਜੂ ਤਿਵਾੜੀ ਨੇ ਕੋਰੋਨਾ ਨੂੰ ਦੌੜਾਉਣ ਲਈ ਹਵਾਈ ਫਾਇਰਿੰਗ ਕੀਤੀ। ਇਸ ਦਾ ਵੀਡੀਓ ਵੀ ਮੰਜੂ ਨੇ ਫੇਸਬੁੱਕ 'ਤੇ ਪੋਸਟ ਕੀਤਾ ਸੀ। ਜਿਸ ਨੂੰ ਕਈ ਲੋਕਾਂ ਨੇ ਸ਼ੇਅਰ ਵੀ ਕੀਤਾ ਅਤੇ ਇਹ ਵੀਡੀਓ ਵਾਇਰਲ ਹੋ ਗਿਆ। ਉਨ੍ਹਾਂ ਨੇ ਆਪਣੀ ਇਸ ਹਰਕਤ ਲਈ ਮੁਆਫ਼ੀ ਮੰਗੀ ਹੈ। 

 

ਭਾਜਪਾ ਮਹਿਲਾ ਮੋਰਚਾ ਦੀ ਜ਼ਿਲਾ ਪ੍ਰਧਾਨ ਮੰਜੂ ਤਿਵਾੜੀ ਨੇ ਆਪਣੀ ਸਫਾਈ 'ਚ ਲੋਕਾਂ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਕੱਲ ਜਦੋਂ ਉਹ ਘਰ ਤੋਂ ਬਾਹਰ ਨਿਕਲੀ ਤਾਂ ਉਨ੍ਹਾਂ ਨੂੰ ਬਿਲਕੁੱਲ ਦੀਵਾਲੀ ਵਰਗਾ ਮਾਹੌਲ ਲੱਗਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਤਸ਼ਾਹਿਤ ਹੋ ਕੇ ਫਾਇਰਿੰਗ ਕਰ ਦਿੱਤੀ ਸੀ। ਮੈਂ ਇਸ ਲਈ ਬਹੁਤ ਸ਼ਰਮਿੰਦਾ ਹਾਂ ਅਤੇ ਫਿਰ ਕਦੇ ਅਜਿਹੀ ਗਲਤੀ ਨਹੀਂ ਕਰਾਂਗੀ। ਓਧਰ ਉੱਤਰ ਪ੍ਰਦੇਸ਼ ਕਾਂਗਰਸ ਨੇ ਇਸ ਦਾ ਵੀਡੀਓ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਨਾਲ ਹੀ ਲਿਖਿਆ ਕਿ ਕਾਨੂੰਨ ਤੋੜਨ 'ਚ ਸਭ ਤੋਂ ਅੱਗੇ ਭਾਜਪਾ ਨੇਤਾ ਹੀ ਰਹਿੰਦੇ ਹਨ। ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਵੇ ਜਗਾਉਣ ਦੀ ਅਪੀਲ ਕੀਤੀ ਸੀ ਪਰ ਦੇਖੋ ਕਿਵੇਂ ਭਾਜਪਾ ਨੇਤਾ ਅਤੇ ਬਲਰਾਮਪੁਰ ਭਾਜਪਾ ਮਹਿਲਾ ਮੋਰਚਾ ਦੀ ਜ਼ਿਲਾ ਪ੍ਰਧਾਨ ਨੇ ਖੁੱਲ੍ਹੇਆਮ ਫਾਇਰਿੰਗ ਕੀਤੀ ਅਤੇ ਵੀਡੀਓ ਵੀ ਫੇਸਬੁੱਕ 'ਤੇ ਪੋਸਟ ਕਰ ਦਿੱਤੀ। ਯੋਗੀ ਆਦਿਤਿਆਨਾਥ ਇਸ 'ਤੇ ਕਾਰਵਾਈ ਕਰਨਗੇ ਕੀ? 

ਪੁਲਸ ਅਧਿਕਾਰੀ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਮੰਜੂ ਤਿਵਾੜੀ ਵਲੋਂ ਫਾਇਰਿੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Tanu

This news is Content Editor Tanu