ਭਾਜਪਾ ਬਦਲ ਦੇਵੇਗੀ ਤਿਰੰਗਾ : ਮਹਿਬੂਬਾ

08/05/2022 5:36:29 PM

ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਨੇ ਸ਼ੁੱਕਰਵਾਰ ਇਹ ਕਹਿ ਕੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ’ਚ ਕੇਂਦਰ ’ਚ ਸੱਤਾਧਾਰੀ ਭਾਜਪਾ ਦੇਸ਼ ਦੇ ਤਿਰੰਗੇ ਨੂੰ ਬਦਲ ਦੇਵੇਗੀ ਅਤੇ ਨਾਲ ਹੀ ਸੰਵਿਧਾਨ ਨੂੰ ਖ਼ਤਮ ਕਰ ਦੇਵੇਗੀ। ਜੰਮੂ-ਕਸ਼ਮੀਰ ’ਚ ਧਾਰਾ 370 ਨੂੰ ਖਤਮ ਕੀਤੇ ਜਾਣ ਦੇ ਤਿੰਨ ਸਾਲ ਪੂਰੇ ਹੋਣ ’ਤੇ ਵਰਕਰਾਂ ਨਾਲ ਮਿਲ ਕੇ ਵਿਰੋਧ ਵਿਖਾਵਾ ਕਰਨ ਪਿੱਛੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਮਹਿਬੂਬਾ ਨੇ ਦੋਸ਼ ਲਾਇਆ ਕਿ ਪੁਲਸ ਨੇ ਮੈਨੂੰ ਰੈਲੀ ਨਹੀਂ ਕਰਨ ਦਿੱਤੀ। ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਆਉਣ ਵਾਲੇ ਦਿਨਾਂ ’ਚ ਭਾਜਪਾ ਦੇਸ਼ ਦੇ ਸੰਵਿਧਾਨ ਨੂੰ ਖ਼ਤਮ ਕਰ ਦੇਵੇਗੀ। ਉਹ ਲੋਕਰਾਜ ਅਤੇ ਧਰਮ ਨਿਰਪੱਖਤਾ ’ਤੇ ਆਧਾਰਿਤ ਭਾਰਤੀ ਸੰਵਿਧਾਨ ਨੂੰ ਖ਼ਤਮ ਕਰ ਕੇ ਭਾਰਤ ਨੂੰ ਇਕ ਧਾਰਮਿਕ ਦੇਸ਼ ਬਣਾ ਦੇਵੇਗੀ।

ਮਹਿਬੂਬਾ ਨੇ ਕਿਹਾ ਕਿ ਭਾਜਪਾ ਤਿਰੰਗੇ ਨੂੰ ਵੀ ਬਦਲ ਦੇਵੇਗੀ। ਇਸ ਨੂੰ ਦੇਸ਼ਵਾਸੀ ਬਹੁਤ ਮਾਨ ਨਾਲ ਲਹਿਰਾਉਂਦੇ ਹਨ। ਜੇ ਭਾਰਤ ਅੱਜ ਵੀ ਨਾ ਜਾਗਿਆ ਤਾਂ ਬਹੁਤ ਕੁਝ ਖਤਮ ਹੋ ਜਾਏਗਾ, ਕੁਝ ਵੀ ਨਹੀਂ ਬਚੇਗਾ। ਭਾਜਪਾ ਵਾਲੇ ਉਸੇ ਤਰ੍ਹਾਂ ਇਸ ਦੇਸ਼ ਦੇ ਸੰਵਿਧਾਨ ਅਤੇ ਤਿਰੰਗੇ ਨੂੰ ਬਦਲ ਦੇਣਗੇ ਜਿਸ ਤਰ੍ਹਾਂ ਜੰਮੂ-ਕਸ਼ਮੀਰ ਦਾ ਸੰਵਿਧਾਨ ਅਤੇ ਝੰਡਾ ਖੋਹਿਆ ਗਿਆ ਸੀ। ਜੰਮੂ-ਕਸ਼ਮੀਰ ਦੇ ਲੋਕਾਂ ਨੇ ਇਹ ਸਹੁੰ ਖਾਧੀ ਹੈ ਕਿ ਉਨ੍ਹਾਂ ਕੋਲੋਂ 5 ਅਗਸਤ 2019 ਨੂੰ ਜੋ ਕੁਝ ਖੋਹਿਆ ਗਿਆ ਸੀ , ਨੂੰ ਉਹ ਵਾਪਸ ਲੈ ਕੇ ਰਹਿਣਗੇ।

DIsha

This news is Content Editor DIsha