BJP ਨੇ ਅੰਮ੍ਰਿਤਸਰ ''ਚ ਉਤਾਰਿਆ ਸਿੱਖ ਉਮੀਦਵਾਰ, 2014 ਦੀ ਹਾਰ ਦਾ ਬਦਲਾ ਲਵਾਂਗੇ : ਹਰਦੀਪ ਪੁਰੀ

05/15/2019 5:14:49 PM

ਨਵੀਂ ਦਿੱਲੀ/ਅੰਮ੍ਰਿਤਸਰ (ਭਾਸ਼ਾ)— ਲੋਕ ਸਭਾ ਚੋਣਾਂ 2019 ਲਈ ਭਾਜਪਾ ਵਲੋਂ ਅੰਮ੍ਰਿਤਸਰ ਸੀਟ ਤੋਂ ਉਮੀਦਵਾਰ ਉਤਾਰੇ ਕੇਂਦਰੀ ਮੰਤਰੀ ਹਰਦੀਪ ਪੁਰੀ ਇਸ ਪਵਿੱਤਰ ਨਗਰੀ ਤੋਂ ਚੋਣ ਲੜਨ ਨੂੰ ਲੈ ਕੇ ਉਤਸ਼ਾਹਿਤ ਹਨ। ਹਰਦੀਪ ਪੁਰੀ ਪਹਿਲੀ ਵਾਰ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਹਨ। ਪੁਰੀ ਨੇ ਕਿਹਾ ਕਿ ਭਾਜਪਾ 2014 ਦੀ ਹਾਰ ਦਾ ਆਪਣਾ ਬਦਲਾ ਲਵੇਗੀ, ਕਿਉਂਕਿ ਉਸ ਨੇ ਇਕ ਸਿੱਖ ਉਮੀਦਵਾਰ ਨੂੰ ਉਤਾਰਿਆ ਹੈ ਅਤੇ ਭਾਈਚਾਰੇ ਦੀ ਵੋਟ ਨਿਸ਼ਚਿਤ ਤੌਰ 'ਤੇ ਇਕਜੁਟ ਹੋ ਰਹੀ ਹੈ। ਹਰਦੀਪ ਪੁਰੀ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਹਨ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਨੇ 2014 'ਚ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣਿਆ, ਜੋ ਸੰਸਦ ਮੈਂਬਰ ਹੋਣ ਦੇ ਬਾਵਜੂਦ 3 ਸਾਲ ਤਕ ਇੱਥੇ ਨਹੀਂ ਆਏ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਤੋਂ ਭਾਜਪਾ ਦੇ ਦਿੱਗਜ ਨੇਤਾ ਅਰੁਣ ਜੇਤਲੀ ਨੂੰ 1 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਸਾਲ 2017 ਵਿਚ ਪੰਜਾਬ ਦਾ ਮੁੱਖ ਮੰਤਰੀ ਚੁਣੇ ਜਾਣ ਤੋਂ ਬਾਅਦ ਕੈਪਟਨ ਨੇ ਲੋਕ ਸਭਾ ਮੈਂਬਰ ਦੇ ਤੌਰ 'ਤੇ ਅਸਤੀਫਾ ਦੇ ਦਿੱਤਾ ਸੀ। 

ਹਰਦੀਪ ਪੁਰੀ ਨੇ ਇਕ ਨਿਊਜ਼ ਏਜੰਸੀ ਨੂੰ ਇੰਟਰਵਿਊ 'ਚ ਕਿਹਾ, ''ਮੈਂ ਜਿੱਥੇ ਵੀ ਜਾਂਦਾ ਹਾਂ ਲੋਕ ਮੈਨੂੰ ਕਹਿੰਦੇ ਹਨ ਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣ ਕੇ ਇਕ ਵੱਡੀ ਭੁੱਲ ਕੀਤੀ ਹੈ, ਜੋ ਅੰਮ੍ਰਿਤਸਰ ਨਹੀਂ ਆਏ। ਪੁਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਪਾਰਟੀ 2014 ਦੀ ਆਪਣੀ ਹਾਰ ਦਾ ਬਦਲਾ ਲਵੇਗੀ।'' ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਵਿਰੁੱਧ ਮਜ਼ਬੂਤ ਸੱਤਾ ਵਿਰੋਧੀ ਲਹਿਰ ਹੈ। ਇਸ ਸਵਾਲ 'ਤੇ ਭਾਜਪਾ ਦੇ ਇਕ ਹਿੰਦੂਤਵ ਪਾਰਟੀ ਹੋਣ ਦੀ ਧਾਰਨਾ ਦਾ ਸਿੱਖ ਬਹੁਲ ਅੰਮ੍ਰਿਤਸਰ 'ਚ ਕੀ ਅਸਰ ਪਾਵੇਗਾ, ਤਾਂ ਇਸ ਦੇ ਜਵਾਬ ਵਿਚ ਪੁਰੀ ਨੇ ਕਿਹਾ ਕਿ ਭਾਜਪਾ ਸਾਰੇ ਭਾਈਚਾਰੇ ਲੋਕਾਂ ਲਈ ਹੈ ਅਤੇ ਮੈਂ ਇਕ ਸਿੱਖ ਚਿਹਰਾ ਹਾਂ। ਪਾਰਟੀ ਨੇ ਸਿੱਖ ਉਮੀਦਵਾਰ ਨੂੰ ਉਤਾਰਿਆ ਹੈ। ਸਿੱਖ ਭਾਈਚਾਰੇ ਦੀ ਵੋਟ ਨਿਸ਼ਚਿਤ ਤੌਰ 'ਤੇ ਇਕਜੁਟ ਹੋ ਰਹੀ ਹੈ। ਸਥਿਤੀ ਕਾਫੀ ਹੱਦ ਤਕ ਸਾਡੇ ਪੱਖ ਵਿਚ ਹੈ। ਇੱਥੇ ਦੱਸ ਦੇਈਏ ਕਿ ਪੁਰੀ ਦਾ ਸਿੱਧਾ ਮੁਕਾਬਲਾ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਨਾਲ ਹੈ, ਜੋ 2017 ਵਿਚ ਅਮਰਿੰਦਰ ਸਿੰਘ ਦੇ ਅਸਤੀਫੇ ਮਗਰੋਂ ਇੱਥੋਂ ਚੋਣ ਜਿੱਤੇ ਸਨ। ਅੰਮ੍ਰਿਤਸਰ ਵਿਚ ਵੋਟਿੰਗ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਯਾਨੀ ਕਿ 19 ਮਈ ਨੂੰ ਹੋਣਗੀਆਂ। 

ਹਰਦੀਪ ਪੁਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੰਮ੍ਰਿਤਸਰ 'ਚ 2019 ਦੀਆਂ ਲੋਕ ਸਭਾ ਚੋਣਾਂ 2014 ਤੋਂ ਅਲੱਗ ਹਨ। ਸਾਲ 1984 ਸਿੱਖ ਕਤਲੇਆਮ ਮੁੱਦਾ ਹੈ, ਜਿਸ ਨੂੰ ਸੈਮ ਪਿਤ੍ਰੋਦਾ ਵਲੋਂ ਹੋਰ ਗੁੰਝਲਦਾਰ ਬਣਾ ਦਿੱਤਾ ਗਿਆ ਹੈ। ਕਾਂਗਰਸ ਨੇਤਾ ਸੈਮ ਪਿਤ੍ਰੋਦਾ ਨੇ ਸਿੱਖ ਵਿਰੋਧੀ ਦੰਗਿਆਂ 'ਤੇ ਆਪਣੀ 'ਹੋਇਆ ਤਾਂ ਹੋਇਆ' ਟਿੱਪਣੀ ਤੋਂ ਵਿਵਾਦ ਪੈਦਾ ਕਰ ਦਿੱਤਾ ਸੀ। ਟਿੱਪਣੀ ਵਿਚ ਭਾਜਪਾ ਨਾਲ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਨਿੰਦਾ ਕੀਤੀ ਗਈ। ਗਾਂਧੀ ਨੇ ਉਨ੍ਹਾਂ ਨੂੰ ਮੁਆਫ਼ੀ ਮੰਗਣ ਲਈ ਵੀ ਕਿਹਾ।

Tanu

This news is Content Editor Tanu