ਚੋਣਾਂ ''ਚ ਤਿੰਨ ਮਹੀਨਿਆਂ ਅੰਦਰ ਭਾਜਪਾ ਨੂੰ ਲੱਗਾ ਤੀਜਾ ''ਝਟਕਾ''

02/21/2018 4:31:37 PM

ਨਵੀਂ ਦਿੱਲੀ — ਦਸੰਬਰ 2017 ਦੀਆਂ ਚੋਣਾਂ 'ਚ ਭਾਜਪਾ ਨੂੰ ਗੁਜਰਾਤ 'ਚ ਸਰਕਾਰ ਕਾਇਮ ਰੱਖਣ ਲਈ ਭਾਰੀ ਮੁਸ਼ੱਕਤ ਕਰਨੀ ਪਈ। ਜਿਥੇ 2012 ਦੀਆਂ ਚੋਣਾਂ 'ਚ ਭਾਜਪਾ ਨੇ 182 ਮੈਂਬਰੀ ਸਦਨ 'ਚ 116 ਸੀਟਾਂ ਜਿੱਤ ਕੇ ਭਾਰੀ ਬਹੁਮਤ ਹਾਸਿਲ ਕੀਤਾ ਸੀ ਅਤੇ ਕਾਂਗਰਸ ਸਿਰਫ 60 ਸੀਟਾਂ ਹੀ ਜਿੱਤ ਸਕੀ ਸੀ, ਉਥੇ ਹੀ 2017 ਦੀਆਂ ਚੋਣਾਂ ਦੇ 18 ਦਸੰਬਰ ਨੂੰ ਐਲਾਨੇ ਗਏ ਨਤੀਜਿਆਂ 'ਚ ਭਾਜਪਾ ਸਿਰਫ 99 ਸੀਟਾਂ ਹੀ ਜਿੱਤ ਸਕੀ ਤੇ ਕਾਂਗਰਸ ਨੇ ਇਸ ਨੂੰ ਸਖ਼ਤ ਚੁਣੌਤੀ ਦਿੰਦਿਆਂ 80 ਸੀਟਾਂ ਜਿੱਤ ਲਈਆਂ।
ਭਾਜਪਾ ਨੂੰ ਦੂਜਾ ਚੋਣ ਝਟਕਾ ਇਸ ਸਾਲ ਹੋਈਆਂ ਰਾਜਸਥਾਨ ਅਤੇ ਬੰਗਾਲ ਦੀਆਂ 5 ਉਪ-ਚੋਣਾਂ ਵਿਚ ਲੱਗਾ। ਜਿਥੇ 1 ਫਰਵਰੀ ਨੂੰ ਐਲਾਨੇ ਨਤੀਜਿਆਂ ਵਿਚ ਰਾਜਸਥਾਨ 'ਚ ਦੋਵੇਂ ਲੋਕ ਸਭਾ ਸੀਟਾਂ ਅਤੇ 1 ਵਿਧਾਨ ਸਭਾ ਸੀਟ 'ਤੇ ਭਾਜਪਾ ਨੂੰ ਹਰਾ ਕੇ ਕਾਂਗਰਸ ਨੇ ਕਬਜ਼ਾ ਕਰ ਲਿਆ, ਉਥੇ ਹੀ ਬੰਗਾਲ 'ਚ ਇਕ ਵਿਧਾਨ ਸਭਾ ਅਤੇ ਇਕ ਲੋਕ ਸਭਾ ਸੀਟ ਲਈ ਹੋਈ ਉਪ-ਚੋਣ ਵਿਚ ਵੀ ਭਾਜਪਾ ਦੇ ਹੱਥ ਖਾਲੀ ਹੀ ਰਹੇ। 
ਇਸ ਤੋਂ 18 ਦਿਨਾਂ ਬਾਅਦ ਹੀ ਹੁਣ 19 ਫਰਵਰੀ ਨੂੰ ਐਲਾਨੇ ਗਏ ਗੁਜਰਾਤ ਦੀਆਂ ਨਗਰ ਪਾਲਿਕਾ ਚੋਣਾਂ ਦੇ ਨਤੀਜਿਆਂ 'ਚ ਹਾਲਾਂਕਿ ਭਾਜਪਾ ਜਿੱਤ ਤਾਂ ਗਈ ਹੈ ਪਰ ਇਸ ਦੀਆਂ ਸੀਟਾਂ ਪਿਛਲੀ ਵਾਰ ਦੀਆਂ 59 ਸੀਟਾਂ ਦੇ ਮੁਕਾਬਲੇ ਘਟ ਕੇ 47 ਹੀ ਰਹਿ ਗਈਆਂ ਹਨ। 
ਦੂਜੇ ਪਾਸੇ ਪਿਛਲੀ ਵਾਰ ਲੱਗਭਗ 1 ਦਰਜਨ ਨਗਰ ਪਾਲਿਕਾਵਾਂ ਉੱਤੇ ਜਿੱਤਣ ਵਾਲੀ ਕਾਂਗਰਸ ਨੇ ਭਾਜਪਾ ਨੂੰ ਝਟਕਾ ਦਿੰਦਿਆਂ 16 ਨਗਰ ਪਾਲਿਕਾਵਾਂ 'ਚ ਜਿੱਤ ਕੇ ਆਪਣੀ ਸਥਿਤੀ ਕੁਝ ਸੁਧਾਰ ਲਈ ਹੈ। ਭਾਜਪਾ ਨੇ ਸਭ ਤੋਂ ਖਰਾਬ ਪ੍ਰਦਰਸ਼ਨ ਜੂਨਾਗੜ੍ਹ ਜ਼ਿਲੇ ਵਿਚ ਕੀਤਾ, ਜਿਥੇ ਇਹ ਚਾਰੇ ਸੀਟਾਂ 'ਤੇ ਹਾਰ ਗਈ ਤੇ ਕਾਂਗਰਸ ਨੇ ਜਿੱਤ ਹਾਸਿਲ ਕੀਤੀ। 
ਇਨ੍ਹਾਂ ਤਿੰਨਾਂ ਹੀ ਚੋਣਾਂ 'ਚ ਲੱਗਣ ਵਾਲੇ ਝਟਕੇ ਭਾਜਪਾ ਲੀਡਰਸ਼ਿਪ ਲਈ ਇਕ ਚਿਤਾਵਨੀ ਹਨ ਕਿ ਜੇ ਉਸ ਨੇ ਆਪਣੀ ਕਾਰਜਸ਼ੈਲੀ ਨਾ ਬਦਲੀ, ਲੋਕਾਂ ਦੀਆਂ ਤਕਲੀਫਾਂ ਵੱਲ ਧਿਆਨ ਦੇਣਾ ਨਾ ਸ਼ੁਰੂ ਕੀਤਾ ਅਤੇ ਆਪਸੀ ਕਲੇਸ਼ ਨੂੰ ਖਤਮ ਨਾ ਕੀਤਾ ਤਾਂ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਨੂੰ ਹੋਰ ਝਟਕੇ ਸਹਿਣ ਲਈ ਤਿਆਰ ਰਹਿਣਾ ਪਵੇਗਾ।