ਭਾਜਪਾ ''ਚ ਬੈਠਕਾਂ ਦਾ ਦੌਰ, ਜਾਰੀ ਹੋ ਸਕਦੀ ਹੈ ਉਮੀਦਵਾਰਾਂ ਦੀ ਪਹਿਲੀ ਸੂਚੀ

03/17/2019 10:52:01 AM

ਨਵੀਂ ਦਿੱਲੀ— ਭਾਜਪਾ ਨੇ ਲੋਕ ਸਭਾ ਚੋਣਾਂ ਲਈ ਪਹਿਲੇ ਪੜਾਅ ਦੇ ਉਮੀਦਵਾਰਾਂ ਦੇ ਨਾਂਵਾਂ ਨੂੰ ਆਖਰੀ ਰੂਪ ਦੇਣ ਲਈ ਦੇਰ ਰਾਤ ਤਕ ਸਲਾਹ ਮਸ਼ਵਰਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਹਾਜ਼ਰੀ 'ਚ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੋਈ, ਜਿਸ ਵਿਚ ਵੱਖ-ਵੱਖ ਨਾਂਵਾਂ 'ਤੇ ਚਰਚਾ ਹੋਈ। ਸੂਤਰਾਂ ਮੁਤਾਬਕ ਭਾਜਪਾ ਐਤਵਾਰ ਨੂੰ ਆਪਣੇ ਉਮੀਦਵਾਰਾਂ ਦੇ ਨਾਂਵਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਲਖਨਊ ਤੋਂ ਹੀ ਚੋਣ ਲੜਨਗੇ। 

ਮਹਾਰਾਸ਼ਟਰ ਦੀ ਨਾਗਪੁਰ ਸੀਟ ਤੋਂ ਨਿਤਿਨ ਗਡਕਰੀ, ਮੁੰਬਈ ਨੌਰਥ ਸੈਂਟਰ ਤੋਂ ਪੂਨਮ ਮਹਾਜਨ, ਮੁੰਬਈ ਨੌਰਥ ਈਸਟ ਤੋਂ ਕਿਰੀਟ ਸੌਮਈਆ ਨੂੰ ਉਤਾਰਿਆ ਜਾਵੇਗਾ। ਉੱਥੇ ਹੀ ਬਿਹਾਰ ਦੀ ਪਟਨਾ ਸਾਹਿਬ ਸੀਟ ਤੋਂ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਪੱਛਮੀ ਚੰਪਾਰਨ ਤੋਂ ਸੰਜੈ ਜੈਸਵਾਲ ਅਤੇ ਪੂਰਬੀ ਚੰਪਾਰਨ ਤੋਂ ਕੇਂਦਰੀ ਮੰਤਰੀ ਰਾਧਾਮੋਹਨ ਸਿੰਘ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਹਾਲਾਂਕਿ ਸ਼ਨੀਵਾਰ ਦੇਰ ਰਾਤ ਤਕ ਚਲੀ ਬੈਠਕ ਤੋਂ ਬਾਅਦ ਪਾਰਟੀ ਵਲੋਂ ਅਧਿਕਾਰਤ ਤੌਰ 'ਤੇ ਕੋਈ ਲਿਸਟ ਜਾਰੀ ਨਹੀਂ ਕੀਤੀ ਗਈ। 

ਐਤਵਾਰ ਯਾਨੀ ਕਿ ਅੱਜ ਵੀ ਪਾਰਟੀ ਪ੍ਰਧਾਨ ਕਈ ਸੂਬਿਆਂ ਦੇ ਕੋਰ ਗਰੁੱਪ ਨਾਲ ਬੈਠਕ ਕਰਨਗੇ। ਇਨ੍ਹਾਂ ਵਿਚ ਯੂ. ਪੀ., ਕਰਨਾਟਕ, ਛੱਤੀਸਗੜ੍ਹ, ਰਾਜਸਥਾਨ ਅਤੇ ਤਾਮਿਲਨਾਡੂ ਸ਼ਾਮਲ ਹੈ। ਇਨ੍ਹਾਂ ਬੈਠਕਾਂ ਤੋਂ ਬਾਅਦ ਕੁਝ ਸੀਟਾਂ 'ਤੇ ਨਾਮ ਫਾਈਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤਾ ਵਿਰੋਧੀ ਪ੍ਰਭਾਵ ਨਾਲ ਨਜਿੱਠਣ ਲਈ ਅਕਸਰ ਕਈ ਉਮੀਦਵਾਰਾਂ ਨੂੰ ਬਦਲ ਦਿੰਦੇ ਹਨ, ਅਜਿਹੇ ਵਿਚ ਮੌਜੂਦਾ ਸੰਸਦ ਮੈਂਬਰਾਂ ਦੇ ਭਵਿੱਖ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਗਰਮ ਹੈ। ਇੱਥੇ ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ 11 ਅਪ੍ਰੈਲ ਨੂੰ ਹੋਵੇਗੀ। ਆਖਰੀ ਪੜਾਅ ਲਈ 19 ਮਈ ਨੂੰ ਵੋਟਿੰਗ ਹੋਵੇਗੀ। ਵੋਟਾਂ 7 ਪੜਾਅ ਵਿਚ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ ਅਤੇ ਨਤੀਜਿਆਂ ਦਾ ਐਲਾਨ 23 ਮਈ ਨੂੰ ਹੋਵੇਗਾ।

Tanu

This news is Content Editor Tanu