ਭਾਜਪਾ ਨੇਤਾ ਦੀ ਗਊਸ਼ਾਲਾ ''ਚ ਤਿੰਨ ਦਿਨਾਂ ''ਚ 27 ਗਾਂਵਾਂ ਦੀ ਮੌਤ, ਮਚਿਆ ਬਵਾਲ

08/19/2017 11:30:43 AM

ਰਾਏਪੁਰ— ਛੱਤੀਸਗੜ੍ਹ ਦੇ ਦੁਰਗ ਜ਼ਿਲੇ 'ਚ ਗਊ ਸ਼ਾਲਾ 'ਚ 2 ਦਰਜਨ ਤੋਂ ਵਧ ਗਾਂਵਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਗਊ ਸ਼ਾਲਾ ਸੰਚਾਲਕ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਹਰੀਸ਼ ਵਰਮਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉੱਥੇ ਹੀ ਜ਼ਿਲਾ ਪ੍ਰਸ਼ਾਸਨ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਰਗ ਜ਼ਿਲੇ ਦੇ ਪੁਲਸ ਕਮਿਸ਼ਨਰ ਅਮਰੇਸ਼ ਮਿਸ਼ਰਾ ਨੇ ਦੱਸਿਆ ਕਿ ਜ਼ਿਲੇ ਦੇ ਧਮਧਾ ਥਾਣਾ ਖੇਤਰ ਦੇ ਅਧੀਨ ਰਾਜਪੁਰ ਪਿੰਡ ਸਥਿਤ ਗਊ ਸ਼ਾਲਾ 'ਚ ਗਾਂਵਾਂ ਦੀ ਮੌਤ ਦੇ ਮਾਮਲੇ 'ਚ ਪੁਲਸ ਨੇ ਹਰੀਸ਼ ਵਰਮਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਛੱਤੀਸਗੜ੍ਹ ਰਾਜ ਗਊ ਸੇਵਾ ਕਮਿਸ਼ਨ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ ਗਈ ਹੈ। ਮਿਸ਼ਰਾ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਵਰਮਾ ਤੋਂ ਪੁੱਛ-ਗਿੱਛ ਕੀਤੀ ਜਾਵੇਗੀ। ਦੁਰਗ ਜ਼ਿਲੇ ਦੇ ਐਡੀਸ਼ਨਲ ਜ਼ਿਲਾ ਸਜ਼ਾ ਅਧਿਕਾਰੀ ਸੰਜੇ ਅਗਰਵਾਲ ਨੇ ਦੱਸਿਆ ਕਿ ਜ਼ਿਲੇ ਦੇ ਧਮਧਾ ਵਿਕਾਸਖੰਡ ਦੇ ਅਧੀਨ ਰਾਜਪੁਰ ਪਿੰਡ ਸਥਿਤ ਗਊ ਸ਼ਾਲਾ 'ਚ ਪਿਛਲੇ ਤਿੰਨ ਦਿਨਾਂ 'ਚ 27 ਗਾਂਵਾਂ ਦੀ ਮੌਤ ਹੋ ਗਈ ਹੈ। ਗਊ ਸ਼ਾਲਾ 'ਚ ਲਗਭਗ 500 ਗਊਵੰਸ਼ ਹਨ।
ਅਗਰਵਾਲ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਸ਼ੂ ਡਾਕਟਰਾਂ ਦੇ ਦਲ ਨੂੰ ਮਾਮਲੇ ਦੀ ਜਾਂਚ ਲਈ ਭੇਜਿਆ ਗਿਆ ਹੈ। ਉੱਥੇ ਹੀ ਐੱਸ.ਡੀ.ਐੱਮ. ਨੇ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਜਾਂਚ ਤੋਂ ਬਾਅਦ ਹੀ ਜਾਨਵਰਾਂ ਦੀ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਮਿਲ ਸਕੇਗੀ। ਗਊਸ਼ਾਲਾ ਸੰਚਾਲਕ ਅਤੇ ਭਾਜਪਾ ਨੇਤਾ ਹਰੀਸ਼ ਵਰਮਾ ਨੇ ਦੱਸਿਆ ਕਿ ਇਸ ਮਹੀਨੇ ਦੀ 15 ਤਾਰੀਕ ਨੂੰ ਖੇਤਰ 'ਚ ਤੇਜ਼ ਬਾਰਸ਼ ਕਾਰਨ ਗਊਸ਼ਾਲਾ ਦੀ 90 ਫੁੱਟ ਲੰਬੀ ਕੰਧ ਡਿੱਗ ਗਈ ਸੀ। ਇਸ ਨਾਲ ਸੱਟ ਲੱਗਣ ਨਾਲ ਪਿਛਲੇ ਤਿੰਨ ਦਿਨਾਂ 'ਚ 26 ਗਾਂਵਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਕੁਝ ਗਾਂਵਾਂ ਬੇਹੋਸ਼ ਹਨ। ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਵਰਮਾ ਨ ੇਦੱਸਿਆ ਕਿ ਪਿਛਲੇ ਇਕ ਸਾਲ ਤੋਂ ਉਨ੍ਹਾਂ ਨੂੰ ਗਊਸ਼ਾਲਾ ਲਈ ਛੱਤੀਸਗੜ੍ਹ ਰਾਜ ਗਊਸੇਵਾ ਕਮਿਸ਼ਨ ਤੋਂ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ ਹੈ। ਮੁਆਵਜ਼ੇ ਲਈ ਉਨ੍ਹਾਂ ਨੇ ਕਈ ਵਾਰ ਕਮਿਸ਼ਨ ਨੂੰ ਪੱਤਰ ਵੀ ਲਿਖਿਆ ਹੈ। ਦੂਜੇ ਪਾਸੇ ਰਾਜ ਦੇ ਮੁੱਖ ਵਿਰੋਧੀ ਦਲ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਗਾਂਵਾਂ ਦੀ ਮੌਤ ਭੁੱਖ ਕਾਰਨ ਹੋਈ ਹੈ। ਛੱਤੀਸਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਆਰ.ਪੀ.ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਤੋਂ ਜਾਣਕਾਰੀ ਮਿਲੀ ਹੈ ਕਿ ਗਾਂਵਾਂ ਦੀ ਮੌਤ ਚਾਰਾ ਅਤੇ ਪਾਣੀ ਨਾ ਮਿਲਣ ਕਾਰਨ ਹੋਈ ਹੈ। ਪਿੰਡ ਵਾਸੀਆਂ ਅਨੁਸਾਰ ਗਊਸ਼ਾਲਾ 'ਚ ਭਾਰੀ ਅਵਿਵਸਥਾ ਕਾਰਨ ਲਗਭਗ 300 ਗਾਂਵਾਂ ਦੀ ਮੌਤ ਹੋਈ ਹੈ। ਕਾਂਗਰਸ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।