ਵੱਡੀ ਖ਼ਬਰ ; PM ਹੋਵੇ, CM ਹੋਵੇ ਜਾਂ ਮੰਤਰੀ, ਜੇਲ੍ਹ ਗਏ ਤਾਂ ਛੱਡਣੀ ਪਵੇਗੀ ਕੁਰਸੀ
Thursday, Aug 21, 2025 - 09:36 AM (IST)

ਨਵੀਂ ਦਿੱਲੀ- ਗੰਭੀਰ ਅਪਰਾਧਿਕ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਤੇ ਲਗਾਤਾਰ 30 ਦਿਨਾਂ ਲਈ ਹਿਰਾਸਤ ’ਚ ਰੱਖੇ ਗਏ ਕਿਸੇ ਵੀ ਪ੍ਰਧਾਨ ਮੰਤਰੀ, ਮੁੱਖ ਮੰਤਰੀ ਤੇ ਮੰਤਰੀਆਂ ਨੂੰ ਹਟਾਉਣ ਦੀ ਵਿਵਸਥਾ ਵਾਲਾ ਬਿੱਲ ਬੁੱਧਵਾਰ ਲੋਕ ਸਭਾ ’ਚ ਪੇਸ਼ ਕੀਤਾ ਗਿਆ, ਜਿਸ ਨੂੰ ਹਾਊਸ ਨੇ ਅਧਿਐਨ ਲਈ ਸੰਸਦ ਦੀ ਸਾਂਝੀ ਕਮੇਟੀ ਨੂੰ ਭੇਜਣ ਦਾ ਫੈਸਲਾ ਕੀਤਾ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧ ਤੇ ਹੰਗਾਮੇ ਦਰਮਿਆਨ ਹਾਊਸ ’ਚ ‘ਸੰਵਿਧਾਨ (130ਵਾਂ ਸੋਧ) ਬਿੱਲ, 2025’,‘'ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦਾ ਰਾਜ (ਸੋਧ) ਬਿੱਲ, 2025’ ਤੇ ‘ਜੰਮੂ ਕਸ਼ਮੀਰ ਪੁਨਰਗਠਨ (ਸੋਧ) ਬਿੱਲ, 2025’ ਪੇਸ਼ ਕੀਤੇ। ਬਾਅਦ 'ਚ ਉਨ੍ਹਾਂ ਦੇ ਪ੍ਰਸਤਾਵ ’ਤੇ ਹਾਊਸ ਨੇ ਤਿੰਨੋਂ ਬਿੱਲ ਸੰਸਦ ਦੀ ਸਾਂਝੀ ਕਮੇਟੀ ਨੂੰ ਭੇਜਣ ਦਾ ਫੈਸਲਾ ਕੀਤਾ। ਸੰਵਿਧਾਨ (130ਵਾਂ ਸੋਧ) ਬਿੱਲ, 2025 ਗੰਭੀਰ ਅਪਰਾਧਾਂ ਦੇ ਦੋਸ਼ਾਂ ਹੇਠ ਪ੍ਰਧਾਨ ਮੰਤਰੀ, ਮੰਤਰੀਆਂ ਅਤੇ ਮੁੱਖ ਮੰਤਰੀਆਂ ਨੂੰ ਅਹੁਦੇ ਤੋਂ ਹਟਾਉਣ ਦੀ ਵਿਵਸਥਾ ਕਰਦਾ ਹੈ।
ਬਿੱਲ ਦੇ ਮੰਤਵ ਤੇ ਕਾਰਨ ਇਹ ਦੱਸਦੇ ਹਨ ਕਿ ਜੇ ਕਿਸੇ ਮੰਤਰੀ ਨੂੰ ਗੰਭੀਰ ਸਜ਼ਾਯੋਗ ਅਪਰਾਧਾਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹਿਰਾਸਤ ’ਚ ਰੱਖਿਆ ਜਾਂਦਾ ਹੈ ਤਾਂ ਇਹ ਸੰਵਿਧਾਨਕ ਨੈਤਿਕਤਾ ਅਤੇ ਚੰਗੇ ਰਾਜ ਦੇ ਸਿਧਾਂਤਾਂ ਦੇ ਪੈਮਾਨਿਆਂ ਨੂੰ ਨਿਰਾਸ਼ ਕਰ ਸਕਦਾ ਹੈ ਤੇ ਅੰਤ ’ਚ ਲੋਕਾਂ ਵੱਲੋਂ ਉਸ ਵਿੱਚ ਪ੍ਰਗਟਾਏ ਗਏ ਭਰੋਸੇ ਨੂੰ ਕਮਜ਼ੋਰ ਕਰ ਸਕਦਾ ਹੈ।
ਵਿਰੋਧੀ ਧਿਰ ਵੱਲੋਂ ਏ.ਆਈ.ਐੱਮ.ਆਈ.ਐੱਮ. ਦੇ ਅਸਦੁਦੀਨ ਓਵੈਸੀ, ਕਾਂਗਰਸ ਦੇ ਮਨੀਸ਼ ਤਿਵਾੜੀ ਤੇ ਕੇ.ਸੀ. ਵੇਣੂਗੋਪਾਲ, ਆਰ.ਐੱਸ.ਪੀ. ਦੇ ਐੱਨ.ਕੇ. ਪ੍ਰੇਮ ਚੰਦਰਨ ਤੇ ਸਮਾਜਵਾਦੀ ਪਾਰਟੀ ਦੇ ਧਰਮਿੰਦਰ ਯਾਦਵ ਨੇ ਬਿੱਲਾਂ ਨੂੰ ਪੇਸ਼ ਕਰਨ ਦਾ ਵਿਰੋਧ ਕੀਤਾ। ਪ੍ਰੇਮ ਚੰਦਰਨ ਨੇ ਕਿਹਾ ਕਿ ਸਰਕਾਰ ਤਿੰਨ ਬਿੱਲਾਂ ਨੂੰ ਹਾਊਸ ’ਚ ਪੇਸ਼ ਕਰਨ ਦੀ ਇੰਨੀ ਜਲਦੀ ਕਿਉਂ ਕਰ ਰਹੀ ਹੈ ?
ਇਹ ਵੀ ਪੜ੍ਹੋ- ਵੱਡੀ ਕਾਰਵਾਈ ; ਤਹਿਸੀਲਦਾਰ ਹੋਇਆ ਸਸਪੈਂਡ ! ਕਾਰਨ ਜਾਣ ਰਹਿ ਜਾਓਗੇ ਹੈਰਾਨ
ਇਸ ’ਤੇ ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਪ੍ਰੇਮ ਚੰਦਰਨ ਜਲਦਬਾਜ਼ੀ ਦੀ ਗੱਲ ਕਰ ਰਹੇ ਹਨ ਪਰ ਇਹ ਸਵਾਲ ਨਹੀਂ ਉੱਠਦਾ ਕਿਉਂਕਿ ਮੈਂ ਇਨ੍ਹਾਂ ਬਿੱਲਾਂ ਨੂੰ ਸੰਸਦ ਦੀ ਸਾਂਝੀ ਕਮੇਟੀ ਨੂੰ ਸੌਂਪਣ ਦੀ ਬੇਨਤੀ ਕਰਨ ਜਾ ਰਿਹਾ ਹਾਂ। ਲੋਕ ਸਭਾ ਤੇ ਰਾਜ ਸਭਾ ’ਚ ਸੱਤਾਧਾਰੀ ਤੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੂੰ ਮਿਲਾ ਕੇ ਸਾਂਝੀ ਕਮੇਟੀ ਬਣਾਈ ਜਾਵੇਗੀ ਤੇ ਇਸ ਤੇ ਵਿਚਾਰ ਕਰਨ ਤੋਂ ਬਾਅਦ ਬਿੱਲ ਤੁਹਾਡੇ ਸਾਹਮਣੇ ਲਿਆਏਗੀ।
ਇਸ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਵੇਣੂਗੋਪਾਲ ਨੇ ਚੇਅਰਮੈਨ ਦੀ ਇਜਾਜ਼ਤ ਨਾਲ ਬੋਲਦਿਆਂ ਕਿਹਾ ਕਿ ਭਾਜਪਾ ਦੇ ਲੋਕ ਕਹਿ ਰਹੇ ਹਨ ਕਿ ਇਹ ਬਿੱਲ ਸਿਆਸਤ ’ਚ ਸ਼ੁੱਧਤਾ ਲਿਆਉਣ ਲਈ ਲਿਆਂਦਾ ਜਾ ਰਿਹਾ ਹੈ। ਕੀ ਮੈਂ ਗ੍ਰਹਿ ਮੰਤਰੀ ਤੋਂ ਪੁੱਛ ਸਕਦਾ ਹਾਂ ਕਿ ਕੀ ਉਨ੍ਹਾਂ ਗੁਜਰਾਤ ਦੇ ਗ੍ਰਹਿ ਮੰਤਰੀ ਹੁੰਦਿਆਂ ਗ੍ਰਿਫ਼ਤਾਰ ਕੀਤੇ ਜਾਣ ਵੇਲੇ ਨੈਤਿਕਤਾ ਦਾ ਧਿਆਨ ਰੱਖਿਆ ਸੀ ?
ਵੇਣੂਗੋਪਾਲ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ਮੈਂ ਰਿਕਾਰਡ ਸਪੱਸ਼ਟ ਕਰਨਾ ਚਾਹੁੰਦਾ ਹਾਂ। ਮੈਂ ਗ੍ਰਿਫ਼ਤਾਰ ਹੋਣ ਤੋਂ ਪਹਿਲਾਂ ਨੈਤਿਕਤਾ ਦੀਆਂ ਕਦਰਾਂ-ਕੀਮਤਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਵੀ ਦਿੱਤਾ ਸੀ ਤੇ ਜਦੋਂ ਤੱਕ ਮੈਨੂੰ ਅਦਾਲਤ ਵੱਲੋਂ ਬੇਕਸੂਰ ਸਾਬਤ ਨਹੀਂ ਕੀਤਾ ਗਿਆ, ਮੈਂ ਕੋਈ ਸੰਵਿਧਾਨਕ ਅਹੁਦਾ ਸਵੀਕਾਰ ਨਹੀਂ ਕੀਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e