ਬਿਹਾਰ ''ਚ ਇਕ ਹੋਰ ਸ਼ਰਮਨਾਕ ਘਟਨਾ ! ਦਿਨ-ਦਿਹਾੜੇ ਕੁੜੀ ਨਾਲ ਹੋਈ ਬਦਸਲੂਕੀ, 4 ਗ੍ਰਿਫ਼ਤਾਰ
Thursday, Sep 24, 2026 - 04:56 PM (IST)
ਨੈਸ਼ਨਲ ਡੈਸਕ- ਬਿਹਾਰ ਦੇ ਜਮੂਈ 'ਚ ਹੋਈ ਸ਼ਰਮਨਾਕ ਘਟਨਾ ਤੋਂ ਬਾਅਦ ਹੁਣ ਸਮਸਤੀਪੁਰ ਜ਼ਿਲ੍ਹੇ ਤੋਂ ਇਕ ਅਜਿਹੀ ਹੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਨਾਬਾਲਗ ਕੁੜੀ ਨਾਲ ਦਿਨ-ਦਿਹਾੜੇ ਗੰਦੀ ਹਰਕਤ ਕੀਤੀ ਗਈ ਹੈ, ਜਿਸ ਦੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ 6 ਘੰਟਿਆਂ ਦੇ ਅੰਦਰ-ਅੰਦਰ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸਮਸਤੀਪੁਰ ਦੇ ਐੱਸ.ਪੀ. ਅਰਵਿੰਦ ਪ੍ਰਤਾਪ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਬੁੱਧਵਾਰ ਰਾਤ ਲਗਭਗ 10:30 ਵਜੇ ਇਹ ਵੀਡੀਓ ਪੁਲਸ ਦੇ ਧਿਆਨ 'ਚ ਆਈ ਸੀ। ਵੀਡੀਓ ਦੀ ਜਾਂਚ ਤੋਂ ਬਾਅਦ ਘਟਨਾ ਦੀ ਜਗ੍ਹਾ ਕਰਪੂਰੀ ਗ੍ਰਾਮ ਥਾਣੇ ਹੇਠ ਆਉਂਦੇ ਜਗਤ ਸਿੰਘਪੁਰ ਪਿੰਡ ਨੇੜੇ ਬੰਨ੍ਹ ਵਾਲੀ ਸੜਕ ਦੀ ਪਛਾਣ ਕੀਤੀ ਗਈ। ਸ਼ੁਰੂਆਤੀ ਜਾਂਚ ਅਨੁਸਾਰ ਇਹ ਘਟਨਾ ਲਗਭਗ ਇੱਕ ਹਫ਼ਤਾ ਪਹਿਲਾਂ ਵਾਪਰੀ ਸੀ ਅਤੇ ਬੁੱਧਵਾਰ ਰਾਤ 9 ਵਜੇ ਤੋਂ ਬਾਅਦ ਵੀਡੀਓ ਵਾਇਰਲ ਹੋਣੀ ਸ਼ੁਰੂ ਹੋਈ ਸੀ।
ਇਸ ਮਾਮਲੇ 'ਚ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਛਾਪੇਮਾਰੀ ਕਰ ਕੇ ਚਾਰੇ ਮੁਲਜ਼ਮਾਂ ਨੂੰ ਹਿਰਾਸਤ 'ਚ ਲਿਆ ਹੈ, ਜਿਨ੍ਹਾਂ ਦੀ ਪਛਾਣ ਵਿਕਾਸ ਕੁਮਾਰ, ਰਾਹੁਲ ਕੁਮਾਰ, ਰਾਮ ਬਾਬੂ ਸਾਹਨੀ ਤੇ ਅਵਧੇਸ਼ ਪਾਸਵਾਨ ਵਜੋਂ ਹੋਈ ਹੈ। ਕਰਪੂਰੀ ਗ੍ਰਾਮ ਥਾਣੇ 'ਚ ਪੁਲਸ ਅਧਿਕਾਰੀ ਦੇ ਬਿਆਨਾਂ ਦੇ ਆਧਾਰ 'ਤੇ ਭਾਰਤੀ ਨਿਆਂ ਸੰਹਿਤਾ, ਪੋਕਸੋ ਐਕਟ ਅਤੇ ਆਈ.ਟੀ. ਐਕਟ ਦੀਆਂ ਗੰਭੀਰ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ, ਜਦਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
