1 ਅਗਸਤ ਤੋਂ ਬਿਹਾਰ ’ਚ 125 ਯੂਨਿਟ ਬਿਜਲੀ ਮੁਫਤ
Friday, Jul 18, 2025 - 12:15 AM (IST)

ਪਟਨਾ, (ਏਜੰਸੀਆਂ)- ਬਿਹਾਰ ਸਰਕਾਰ ਨੇ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ 125 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ ਕੀਤਾ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ‘ਐਕਸ’ ’ਤੇ ਲਿਖਿਆ, ‘‘ਸਰਕਾਰ ਸ਼ੁਰੂ ਤੋਂ ਹੀ ਸਸਤੀਆਂ ਦਰਾਂ ’ਤੇ ਸਾਰਿਆਂ ਨੂੰ ਬਿਜਲੀ ਮੁਹੱਈਆ ਕਰਵਾ ਰਹੀ ਹੈ। ਹੁਣ ਤੈਅ ਕੀਤਾ ਗਿਆ ਹੈ ਕਿ 1 ਅਗਸਤ, 2025 ਤੋਂ ਯਾਨੀ ਜੁਲਾਈ ਮਹੀਨੇ ਦੇ ਬਿੱਲ ਤੋਂ ਹੀ ਸੂਬੇ ਦੇ ਸਾਰੇ ਘਰੇਲੂ ਖਪਤਕਾਰਾਂ ਨੂੰ 125 ਯੂਨਿਟ ਤੱਕ ਬਿਜਲੀ ਦਾ ਕੋਈ ਪੈਸਾ ਨਹੀਂ ਦੇਣਾ ਪਵੇਗਾ।”
ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਦੇ ਕੁੱਲ 1 ਕਰੋਡ਼ 67 ਲੱਖ ਪਰਿਵਾਰਾਂ ਨੂੰ ਲਾਭ ਹੋਵੇਗਾ। ਇਹ ਵੀ ਤੈਅ ਕੀਤਾ ਗਿਆ ਹੈ ਕਿ ਅਗਲੇ 3 ਸਾਲਾਂ ’ਚ ਇਨ੍ਹਾਂ ਸਾਰੇ ਘਰੇਲੂ ਖਪਤਕਾਰਾਂ ਤੋਂ ਸਹਿਮਤੀ ਲੈ ਕੇ ਉਨ੍ਹਾਂ ਦੇ ਘਰ ਦੀਆਂ ਛੱਤਾਂ ’ਤੇ ਅਤੇ ਨੇੜਲੀਆਂ ਜਨਤਕ ਥਾਵਾਂ ’ਤੇ ਸੂਰਜੀ ਊਰਜਾ ਪਲਾਂਟ ਲਾ ਕੇ ਲਾਭ ਦਿੱਤਾ ਜਾਵੇਗਾ।
ਉਨ੍ਹਾਂ ਲਿਖਿਆ, ‘‘ਕੁਟੀਰ ਜਯੋਤੀ ਯੋਜਨਾ ਤਹਿਤ ਜੋ ਬਹੁਤ ਜ਼ਿਆਦਾ ਗਰੀਬ ਪਰਿਵਾਰ ਹੋਣਗੇ, ਉਨ੍ਹਾਂ ਲਈ ਸੂਰਜੀ ਊਰਜਾ ਪਲਾਂਟ ਲਾਉਣ ਲਈ ਪੂਰਾ ਖਰਚਾ ਸੂਬਾ ਸਰਕਾਰ ਕਰੇਗੀ ਅਤੇ ਬਾਕੀਆਂ ਲਈ ਵੀ ਸਰਕਾਰ ਉਚਿਤ ਸਹਿਯੋਗ ਕਰੇਗੀ।”