ਸ਼ਿਵਰਾਜ ਸਮੇਤ ਹੋਰ ਸੀਨੀਅਰ ਨੇਤਾਵਾਂ ਨੂੰ ਦਿੱਤੀ ਜਾਵੇਗੀ ਵੱਡੀ ਜ਼ਿੰਮੇਵਾਰੀ

12/19/2023 1:23:48 PM

ਨਵੀਂ ਦਿੱਲੀ- ਭਾਜਪਾ ਹਾਈਕਮਾਨ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀਆਂ ਕ੍ਰਮਵਾਰ ਸ਼ਿਵਰਾਜ ਸਿੰਘ ਚੌਹਾਨ ਅਤੇ ਵਸੁੰਧਰਾ ਰਾਜੇ ਸਿੰਧੀਆ ਨੂੰ ਵੱਡੀ ਜ਼ਿੰਮੇਵਾਰੀ ਸੌਂਪਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਚੌਹਾਨ ਜਿੱਥੇ 64 ਸਾਲ ਦੇ ਹਨ, ਉੱਥੇ ਹੀ ਵਸੁੰਧਰਾ ਰਾਜੇ ਸਿੰਧੀਆ ਦੀ ਉਮਰ 73 ਸਾਲ ਹੈ। ਉਹ ਇਕ ਸਾਲ ਲਈ ਮੁੱਖ ਮੰਤਰੀ ਬਣਨਾ ਚਾਹੁੰਦੀ ਸੀ ਪਰ ਹਾਈਕਮਾਨ ਨਹੀਂ ਮੰਨੀ।

ਹਾਲਾਂਕਿ ਇਹ ਅਫਵਾਹ ਹੈ ਕਿ ਉਨ੍ਹਾਂ ਨੇ ਪੂਰਾ ਦਿਲ ਲਾ ਕੇ ਪ੍ਰਚਾਰ ਨਹੀਂ ਕੀਤਾ ਅਤੇ ਸਿਰਫ ਉਨ੍ਹਾਂ ਸੀਟਾਂ ’ਤੇ ਧਿਆਨ ਕੇਂਦਰਿਤ ਕੀਤਾ, ਜਿੱਥੇ ਉਨ੍ਹਾਂ ਦੀ ਪਸੰਦ ਦੇ ਭਾਜਪਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਸੀ। ਫਿਰ ਵੀ, ਭਾਜਪਾ ਲੀਡਰਸ਼ਿਪ 2024 ਦੀਆਂ ਲੋਕ ਸਭਾ ਚੋਣਾਂ ਲਈ ਸੁਚਾਰੂ ਢੰਗ ਨਾਲ ਅੱਗੇ ਵਧਣਾ ਚਾਹੁੰਦੀ ਹੈ ਅਤੇ ਰਾਜਸਥਾਨ ਦੀਆਂ ਸਾਰੀਆਂ 25 ਸੀਟਾਂ ਅਤੇ ਮੱਧ ਪ੍ਰਦੇਸ਼ ਦੀਆਂ 29 ਸੀਟਾਂ ਜਿੱਤਣਾ ਚਾਹੁੰਦੀ ਹੈ।

ਹਾਈਕਮਾਨ 2019 ਦੀਆਂ 303 ਲੋਕ ਸਭਾ ਸੀਟਾਂ ਦੀ ਆਪਣੀ ਗਿਣਤੀ ਨੂੰ ਦੁਹਰਾਉਣ ਜਾਂ ਉਸ ’ਚ ਕੁਝ ਸੁਧਾਰ ਕਰਨ ਲਈ ਸੂਬਿਆਂ ’ਚ ਪੂਰਨ ਏਕਤਾ ਚਾਹੁੰਦੀ ਹੈ। ਵਸੁੰਧਰਾ ਰਾਜੇ ਪਹਿਲਾਂ ਤੋਂ ਹੀ ਭਾਜਪਾ ਦੀ ਉਪ ਪ੍ਰਧਾਨ ਅਤੇ ਮੌਜੂਦਾ ਵਿਧਾਇਕਾ ਹਨ। ਉਨ੍ਹਾਂ ਦੇ ਪੁੱਤਰ ਦੁਸ਼ਯੰਤ ਸਿੰਘ 4 ਵਾਰ ਦੇ ਲੋਕ ਸਭਾ ਮੈਂਬਰ ਹਨ।

ਅਜਿਹੀਆਂ ਖ਼ਬਰਾਂ ਹਨ ਕਿ ਵਸੁੰਧਰਾ ਰਾਜੇ ਨੂੰ ਸ਼ਾਂਤ ਕਰਨ ਲਈ ਉਨ੍ਹਾਂ ਨੂੰ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਜਾ ਸਕਦਾ ਹੈ ਜਾਂ ਫਿਰ ਉਨ੍ਹਾਂ ਨੂੰ ਸੰਗਠਨਾਤਮਕ ਜ਼ਿੰਮੇਵਾਰੀਆਂ ਵੀ ਦਿੱਤੀਆਂ ਜਾ ਸਕਦੀਆਂ ਹਨ।

ਸ਼ਿਵਰਾਜ ਸਿੰਘ ਚੌਹਾਨ ਨੇ ਭਾਵੇਂ ਸੀ. ਐੱਮ. ਦੀ ਕੁਰਸੀ ਛੱਡ ਦਿੱਤੀ ਹੋਵੇ ਪਰ ਮਹਿਲਾ ਵੋਟਰਾਂ ’ਚ ਉਨ੍ਹਾਂ ਦੀ ਚੰਗੀ ਫੈਨ-ਫਾਲੋਇੰਗ ਹੈ। ਉਨ੍ਹਾਂ ਨੇ ਮੱਧ ਪ੍ਰਦੇਸ਼ ’ਚ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਕਿਤੇ ਨਹੀਂ ਜਾਣਗੇ ਅਤੇ ਉਨ੍ਹਾਂ ਦੀ ਸੇਵਾ ਕਰਦੇ ਰਹਿਣਗੇ ਕਿਉਂਕਿ ਉਹ ਮੇਰਾ ਪਰਿਵਾਰ ਹੈ। ਉਹ ‘ਐਕਸ’ ’ਤੇ ਸਰਗਰਮ ਹਨ ਅਤੇ ਉਨ੍ਹਾਂ ਦੇ ਲੱਖਾਂ ਫਾਲੋਅਰਜ਼ ਹਨ।

Rakesh

This news is Content Editor Rakesh