ਬਟਲਾ ਹਾਊਸ ਐਨਕਾਊਂਟਰ ਕੇਸ: ਦਿੱਲੀ ਦੀ ਅਦਾਲਤ ਨੇ ਆਰਿਜ ਖਾਨ ਨੂੰ ਸੁਣਾਈ ਫਾਂਸੀ ਦੀ ਸਜ਼ਾ

3/15/2021 6:29:45 PM

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਪੁਲਸ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੇ ਕਤਲ ਅਤੇ 2008 ਬਟਲਾ ਹਾਊਸ ਐਨਕਾਊਂਟਰ ਕੇਸ ਨਾਲ ਜੁੜੇ ਮਾਮਲਿਆਂ ਦੇ ਦੋਸ਼ੀ ਆਰਿਜ ਖਾਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਕੇਸ ਨੂੰ ਦੁਰਲੱਭ ਕਰਾਰ ਦਿੱਤਾ ਹੈ। ਪੁਲਸ ਨੇ ਅੱਤਵਾਦੀ ਸੰਗਠਨ ‘ਇੰਡੀਅਨ ਮੁਜਾਹਿਦੀਨ’ ਨਾਲ ਜੁੜੇ ਆਰਿਜ ਖਾਨ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਬੇਨਤੀ ਕੀਤੀ ਸੀ। ਪੁਲਸ ਨੇ ਕਿਹਾ ਕਿ ਇਹ ਸਿਰਫ ਕਤਲ ਦਾ ਮਾਮਲਾ ਨਹੀਂ ਹੈ, ਸਗੋਂ ਨਿਆਂ ਦੀ ਰੱਖਿਆ ਕਰਨ ਵਾਲੇ ਅਧਿਕਾਰੀ ਦੇ ਕਤਲ ਦਾ ਮਾਮਲਾ ਹੈ। ਇਸ ਤੋਂ ਬਾਅਦ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ ਹੈ। ਦਰਅਸਲ ਐਡੀਸ਼ਨਲ ਸੈਸ਼ਨ ਜੱਜ ਸੰਦੀਪ ਯਾਦਵ ਨੇ ਅੱਜ ਸ਼ਾਮ 4 ਵਜੇ ਤੱਕ ਲਈ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।

ਪੁਲਸ ਵਲੋਂ ਪੇਸ਼ ਹੋਏ ਵਧੀਕ ਸਰਕਾਰੀ ਵਕੀਲ ਏ. ਟੀ. ਅੰਸਾਰੀ ਨੇ ਕਿਹਾ ਕਿ ਇਸ ਮਾਮਲੇ ਵਿਚ ਅਜਿਹੀ ਸਜ਼ਾ ਦਿੱਤੇ ਜਾਣ ਦੀ ਲੋੜ ਹੈ, ਜਿਸ ਨਾਲ ਹੋਰ ਲੋਕਾਂ ਨੂੰ ਵੀ ਸੀਖ ਮਿਲੇ ਅਤੇ ਇਹ ਸਜ਼ਾ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ। ਓਧਰ ਆਰਿਜ ਖਾਨ ਦੇ ਵਕੀਲ ਨੇ ਮੌਤ ਦੀ ਸਜ਼ਾ ਦਾ ਵਿਰੋਧ ਕੀਤਾ। ਦੱਸ ਦੇਈਏ ਕਿ ਦਿੱਲੀ ਦੀ ਇਕ ਅਦਾਲਤ ਨੇ 2008 ’ਚ ਬਟਲਾ ਹਾਊਸ ਐਨਕਾਊਂਟਰ ਦੌਰਾਨ ਹੋਏ ਸ਼ਰਮਾ ਦੇ ਕਤਲ ਅਤੇ ਹੋਰ ਅਪਰਾਧੀਆਂ ਲਈ ਆਰਿਜ ਖਾਨ ਨੂੰ 8 ਮਾਰਚ ਨੂੰ ਦੋਸ਼ੀ ਠਹਿਰਾਇਆ ਸੀ। 

19 ਸਤੰਬਰ 2008 ’ਚ ਹੋਇਆ ਸੀ ਬਟਲਾ ਹਾਊਸ ਐਨਕਾਊਂਟਰ—
ਦੱਖਣੀ ਦਿੱਲੀ ਦੇ ਜਾਮੀਆ ਨਗਰ ਇਲਾਕੇ ਵਿਚ 19 ਸਤੰਬਰ 2008 ’ਚ ਬਟਲਾ ਹਾਊਸ ਐਨਕਾਊਂਟਰ ਦੌਰਾਨ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਦੇ ਪੁਲਸ ਇੰਸਪੈਕਟਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ’ਚ 2013 ’ਚ ਇਕ ਅਦਾਲਤ ਨੇ ਇੰਡੀਅਨ ਮੁਜਾਹਿਦੀਨ ਦੇ ਅੱਤਵਾਦੀ ਸ਼ਹਜਾਦ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਫ਼ੈਸਲੇ ਵਿਰੁੱਧ ਸ਼ਹਜਾਦ ਦੀ ਅਪੀਲ ਦਿੱਲੀ ਹਾਈ ਕੋਰਟ ਵਿਚ ਪੈਂਡਿੰਗ ਹੈ। ਐਨਕਾਊਂਟਰ ਦੌਰਾਨ ਆਰਿਜ ਖਾਨ ਘਟਨਾ ਵਾਲੀ ਥਾਂ ਤੋਂ ਦੌੜ ਨਿਕਲਿਆ ਸੀ ਅਤੇ ਉਸ ਨੂੰ ਭਗੌੜਾ ਐਲਾਨ ਕਰ ਦਿੱਤਾ ਗਿਆ ਸੀ। ਆਰਿਜ ਨੂੰ 14 ਫਰਵਰੀ 2018 ਨੂੰ ਫੜਿਆ ਗਿਆ ਅਤੇ ਉਸ ’ਤੇ ਮੁਕੱਦਮਾ ਚਲਾਇਆ ਗਿਆ।


Tanu

Content Editor Tanu