ਮੰਡੀ ''ਚ ਨਹੀਂ ਸੁੱਟਿਆ ਜਾਵੇਗਾ ਮਸਜਿਦ ਦਾ ''ਗੈਰ ਕਾਨੂੰਨੀ'' ਹਿੱਸਾ, ਕੋਰਟ ਨੇ ਲਗਾਈ ਰੋਕ

Wednesday, Oct 16, 2024 - 10:17 AM (IST)

ਮੰਡੀ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਮਸਜਿਦ ਦੇ ਗੈਰ-ਕਾਨੂੰਨੀ ਨਿਰਮਾਣ ਨੂੰ ਸੁੱਟੇ ਜਾਣ ਨੂੰ ਲੈ ਕੇ ਨਗਰ ਨਿਗਮ ਦੀ ਕੋਰਟ ਨੇ 13 ਸਤੰਬਰ ਨੂੰ ਸੁਣਾਏ ਗਏ ਫ਼ੈਸਲੇ 'ਤੇ ਸ਼ਿਮਲਾ 'ਚ ਟੀ.ਸੀ.ਪੀ. ਦੇ ਪ੍ਰਧਾਨ ਸਕੱਤਰ ਦੀ ਕੋਰਟ ਨੇ ਰੋਕ ਲਗਾ ਦਿੱਤੀ ਹੈ। ਅਗਲੇ ਆਦੇਸ਼ਾਂ ਤੱਕ ਮਸਜਿਦ ਦੇ ਗੈਰ-ਕਾਨੂੰਨੀ ਨਿਰਮਾਣ ਨੂੰ ਨਹੀਂ ਸੁੱਟਿਆ ਜਾਵੇਗਾ। ਇਸ ਮਾਮਲੇ 'ਚ ਟੀ.ਸੀ.ਪੀ. ਦੇ ਪ੍ਰਧਾਨ ਸਕੱਤਰ ਦੀ ਕੋਰਟ 'ਚ ਅਗਲੀ ਸੁਣਵਾਈ 20 ਅਕਤੂਬਰ ਨੂੰ ਤੈਅ ਕੀਤੀ ਗਈ ਹੈ। ਮੰਡੀ ਦੇ ਨਗਰ ਨਿਗਮ ਕੋਲ ਇਨ੍ਹਾਂ ਆਦੇਸ਼ਾਂ ਦੀ ਕਾਪੀ ਵੀ ਪਹੁੰਚ ਚੁੱਕੀ ਹੈ। ਨਗਰ ਨਿਗਮ ਦੇ ਕਮਿਸ਼ਨਰ ਐੱਚ.ਐੱਸ. ਰਾਣਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜੋ ਫ਼ੈਸਲਾ ਉਨ੍ਹਾਂ ਨੇ ਸੁਣਾਇਆ ਸੀ ਉਸ 'ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਉੱਚ ਅਧਿਕਾਰੀਆਂ ਦੇ ਅਗਲੇ ਆਦੇਸ਼ਾਂ ਤੱਕ ਹੁਣ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। 

ਆਉਣ ਵਾਲੇ ਸਮੇਂ 'ਚ ਜੋ ਆਦੇਸ਼ ਪ੍ਰਾਪਤ ਹੋਣਗੇ ਉਸੇ ਦੇ ਅਧੀਨ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਟੀ.ਸੀ.ਪੀ. ਕੋਰਟ ਦੇ ਫ਼ੈਸਲੇ 'ਤੇ ਹਿੰਦੂ ਸੰਗਠਨਾਂ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਦੇਵਭੂਮੀ ਸੰਘਰਸ਼ ਕਮੇਟੀ ਦੇ ਪ੍ਰਦੇਸ਼ ਕਾਰਜ ਕਮੇਟੀ ਦੇ ਮੈਂਬਰ ਘਨਸ਼ਾਮ ਠਾਕੁਰ ਨੇ ਟੀ.ਸੀ.ਪੀ. ਦੀ ਕੋਰਟ ਤੋਂ ਹਿੰਦੂ ਸੰਗਠਨਾਂ ਨੂੰ  ਵੀ ਆਪਣਾ ਪੱਖ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸਾਰੇ ਦਸਤਾਵੇਜ਼ ਹਨ ਅਤੇ ਸਾਨੂੰ ਵੀ ਆਪਣਾ ਪੱਖ ਰੱਖਣ ਦਾ ਮੌਕਾ ਮਿਲਣਾ ਚਾਹੀਦਾ। ਸ਼੍ਰੀ ਠਾਕੁਰ ਨੇ ਕਿਹਾ ਕਿ ਹਿੰਦੂ ਸੰਗਠਨ 20 ਅਕਤੂਬਰ ਨੂੰ ਹੋਣ ਵਾਲੀ ਸੁਣਵਾਈ ਦਾ ਇੰਤਜ਼ਾਰ ਕਰਨਗੇ। ਜੇਕਰ ਫ਼ੈਸਲਾ ਹੱਕ 'ਚ ਨਹੀਂ ਆਇਆ ਤਾਂ ਉਹ ਕੋਰਟ ਜਾਣ ਦੀ ਤਿਆਰੀ ਕਰ ਚੁੱਕੇ ਹਨ। ਗੈਰ-ਕਾਨੂੰਨੀ ਨਿਰਮਾਣ ਨੂੰ ਸੁੱਟਣ ਲਈ ਭਾਵੇਂ ਸੰਘਰਸ਼ ਦਾ ਰਸਤਾ ਹੀ ਕਿਉਂ ਨਾ ਅਪਣਾਉਣਾ ਪਵੇ, ਉਸ ਤੋਂ ਪਿੱਛੇ ਨਹੀਂ ਹਟਾਂਗੇ। ਇਨ੍ਹਾਂ ਨੇ ਮੁਸਲਿਮ ਸਮਾਜ ਨੂੰ ਆਪਣਾ ਉਹ ਵਾਅਦਾ ਵੀ ਯਾਦ ਦਿਵਾਇਆ ਹੈ, ਜਿਸ 'ਚ ਉਨ੍ਹਾਂ ਨੇ ਗੈਰ-ਕਾਨੂੰਨੀ ਨਿਰਮਾਣ ਨੂੰ ਖੁਦ ਸੁੱਟਣ ਦੀ ਗੱਲ ਕਹੀ ਸੀ। ਇਨ੍ਹਾਂ ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਨਿਰਮਾਣ ਨੂੰ ਹਰ ਹਾਲ 'ਚ ਸੁੱਟਿਆ ਜਾਣਾ ਚਾਹੀਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News