ATM ਬਣ ਗਿਆ ''ਕੁਬੇਰ ਦਾ ਖ਼ਜ਼ਾਨਾ'' ! ਲੋਕਾਂ ਨੂੰ ਦੇਣ ਲੱਗਾ 5 ਗੁਣਾ ਪੈਸੇ, ਲੱਗੀਆਂ ਲੰਬੀਆਂ-ਲੰਬੀਆਂ ਲਾਈਨਾਂ
Monday, May 18, 2026 - 01:10 PM (IST)
ਨੈਸ਼ਨਲ ਡੈਸਕ- ਮਹਾਰਾਸ਼ਟਰ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਵਸਈ ਇਲਾਕੇ ਵਿੱਚ ਇੱਕ ਏ.ਟੀ.ਐੱਮ. ਲੋਕਾਂ ਲਈ 'ਕੁਬੇਰ ਦਾ ਖ਼ਜ਼ਾਨਾ' ਬਣ ਗਿਆ। ਇੱਥੇ ਇੱਕ ਬੈਂਕ ਦੀ ਏ.ਟੀ.ਐੱਮ. ਮਸ਼ੀਨ ਲੋਕਾਂ ਵੱਲੋਂ ਕਢਵਾਈ ਜਾਣ ਵਾਲੀ ਰਕਮ ਨਾਲੋਂ ਕਈ ਗੁਣਾ ਜ਼ਿਆਦਾ ਪੈਸੇ ਬਾਹਰ ਕੱਢ ਰਹੀ ਸੀ, ਜਿਸ ਕਾਰਨ ਕੁਝ ਹੀ ਦੇਰ ਵਿੱਚ ਉੱਥੇ ਲੋਕਾਂ ਨੇ ਉੱਥੇ ਪਹੁੰਚ ਕੇ ਭੀੜ ਪਾ ਦਿੱਤੀ।
ਜਾਣਕਾਰੀ ਅਨੁਸਾਰ, ਜਦੋਂ ਕੋਈ ਗਾਹਕ ਇਸ ਏ.ਟੀ.ਐੱਮ. 'ਚੋਂ 100 ਰੁਪਏ ਕਢਵਾਉਣ ਦੀ ਕਮਾਂਡ ਦਿੰਦਾ ਸੀ, ਤਾਂ ਮਸ਼ੀਨ ਵਿੱਚੋਂ 500 ਰੁਪਏ ਨਿਕਲ ਰਹੇ ਸਨ। ਇਸੇ ਤਰ੍ਹਾਂ 400 ਰੁਪਏ ਕਢਵਾਉਣ 'ਤੇ ਮਸ਼ੀਨ ਗਾਹਕਾਂ ਨੂੰ 2000 ਰੁਪਏ (ਯਾਨੀ 5 ਗੁਣਾ ਵੱਧ ਰਕਮ) ਦੇ ਰਹੀ ਸੀ। ਸਭ ਤੋਂ ਹੈਰਾਨੀਜਨਕ ਗੱਲ ਇਹ ਰਹੀ ਕਿ ਗਾਹਕਾਂ ਦੇ ਬੈਂਕ ਖਾਤਿਆਂ ਵਿੱਚੋਂ ਸਿਰਫ਼ ਉਹੀ ਰਕਮ ਕੱਟੀ ਜਾ ਰਹੀ ਸੀ ਜੋ ਉਨ੍ਹਾਂ ਨੇ ਸਕ੍ਰੀਨ 'ਤੇ ਭਰੀ ਸੀ, ਪਰ ਇਸ ਦੇ ਉਲਟ ਉਨ੍ਹਾਂ ਨੂੰ 5 ਗੁਣਾ ਵੱਧ ਰਕਮ ਮਿਲ ਰਹੀ ਸੀ।
ਇਹ ਵੀ ਪੜ੍ਹੋ- 'ਕੂਲਰ' ਨੇ ਨਿਗਲ਼ੀਆਂ ਪਰਿਵਾਰ ਦੀਆਂ ਖੁਸ਼ੀਆਂ ! ਰਾਤੀਂ ਪੁੱਤ ਨੇ ਲਿਆ ਜਨਮ, ਸਵੇਰੇ ਪਿਓ ਨੂੰ ਲੈ ਗਿਆ 'ਕਾਲ'
ਜਿਵੇਂ ਹੀ ਇਹ ਖ਼ਬਰ ਬਾਹਰ ਆਈ ਤਾਂ ਇਲਾਕੇ ਦੇ ਲੋਕ ਤੁਰੰਤ ਆਪਣੇ-ਆਪਣੇ ਕਾਰਡ ਲੈ ਕੇ ਏ.ਟੀ.ਐੱਮ. ਪਹੁੰਚ ਗਏ ਤੇ ਮੁਫ਼ਤ ਦੇ ਪੈਸੇ ਕਢਵਾਉਣ ਲਈ ਏ.ਟੀ.ਐੱਮ. ਦੇ ਬਾਹਰ ਲੰਬੀਆਂ ਲਾਈਨਾਂ ਲਾ ਕੇ ਖੜ੍ਹ ਗਏ। ਮੌਕੇ 'ਤੇ ਹੰਗਾਮਾ ਅਤੇ ਭੀੜ ਵਧਦੀ ਦੇਖ ਸਥਾਨਕ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ। ਸਥਾਨਕ ਪੁਲਸ ਨੇ ਬਿਨਾਂ ਦੇਰੀ ਕੀਤੇ ਤੁਰੰਤ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਪੁਲਸ ਨੇ ਸਭ ਤੋਂ ਪਹਿਲਾਂ ਏ.ਟੀ.ਐੱਮ. 'ਤੇ ਹੋਣ ਵਾਲੇ ਸਾਰੇ ਲੈਣ-ਦੇਣ ਨੂੰ ਰੋਕਿਆ ਅਤੇ ਬੈਂਕ ਦੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ।
ਬੈਂਕ ਦੇ ਮੈਨੇਜਰ ਮੁਤਾਬਕ ਇਹ ਖ਼ਰਾਬੀ ਮਸ਼ੀਨ ਵਿੱਚ ਪੈਸੇ ਪਾਉਣ ਵਾਲੀ ਨਿੱਜੀ ਕੰਪਨੀ ਵੱਲੋਂ ਟਰੇਅ ਵਿੱਚ ਗਲਤ ਨੋਟ ਰੱਖਣ ਜਾਂ ਸਾਫਟਵੇਅਰ ਦੀ ਖ਼ਰਾਬੀ ਕਾਰਨ ਹੋਈ ਹੋ ਸਕਦੀ ਹੈ। ਫਿਲਹਾਲ ਬੈਂਕ ਉਨ੍ਹਾਂ ਲੋਕਾਂ ਦੀ ਸੂਚੀ ਤਿਆਰ ਕਰ ਰਿਹਾ ਹੈ ਜਿਨ੍ਹਾਂ ਨੇ ਇਸ ਖ਼ਰਾਬੀ ਦੌਰਾਨ ਵੱਧ ਪੈਸੇ ਕਢਵਾਏ ਹਨ, ਤਾਂ ਜੋ ਰਕਮ ਵਾਪਸ ਲਈ ਜਾ ਸਕੇ।
ਇਹ ਵੀ ਪੜ੍ਹੋ- ਮੁੜ ਲੱਗ ਸਕਦੈ Lockdown ! WHO ਨੇ ਐਲਾਨੀ Global Emergency
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
