ਭਾਰਤ ਦੇ ਸੂਬੇ ਪੰਜਾਬ ’ਚ ਸਭ ਤੋਂ ਵੱਧ 556 ਖੇਤਰ ਜ਼ਹਿਰੀਲੇ ਪਾਣੀ ਤੋਂ ਪ੍ਰਭਾਵਿਤ

08/10/2022 3:05:45 PM

ਨਵੀਂ ਦਿੱਲੀ- ਪੰਜਾਬ 'ਚ 556 ਖੇਤਰ ਆਰਸੈਨਿਕ (ਜ਼ਹਿਰੀਲਾ ਪਾਣੀ) ਪ੍ਰਭਾਵਿਤ ਹਨ, ਜੋ ਦੇਸ਼ ਦੇ ਕਿਸੇ ਵੀ ਸੂਬੇ 'ਚ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ ਸੂਬਾ 182 ਫਲੋਰਾਈਡ ਪ੍ਰਭਾਵਿਤ ਇਲਾਕਿਆਂ ਨਾਲ ਦੇਸ਼ 'ਚ ਦੂਜੇ ਨੰਬਰ 'ਤੇ ਹੈ। ਇਸ ਬਾਬਤ ਜਾਣਕਾਰੀ ਲੋਕ ਸਭਾ 'ਚ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਦਿੱਤੀ। ਪ੍ਰਹਿਲਾਦ ਨੇ ਦੱਸਿਆ ਕਿ ਪੰਜਾਬ ਦੇ 16 ਜ਼ਿਲ੍ਹਿਆ 'ਚ 556 ਖੇਤਰਾਂ 'ਚ ਪੀਣ ਵਾਲੇ ਪਾਣੀ 'ਚ ਆਰਸੈਨਿਕ ਦਾ ਪੱਧਰ 0.01 ਮਿਲੀਗ੍ਰਾਮ/ਲੀਟਰ ਦੀ ਸੀਮਾ ਤੋਂ ਵੱਧ ਹੈ। ਕਾਂਗਰਸ ਦੇ ਰਾਮਯਾ ਹਰੀਦਾਸ ਅਤੇ ਭਾਜਪਾ ਦੀ ਪੂਨਮ ਮਹਾਜਨ ਦੇ ਇਕ ਸਵਾਲ ਦੇ ਜਵਾਬ ’ਚ ਮੰਤਰੀ ਵਲੋਂ ਸਾਂਝਾ ਕੀਤੇ ਗਏ ਅੰਕੜਿਆਂ ਮੁਤਾਬਕ ਸਰਕਾਰ ਹੁਣ ਤੱਕ  556 'ਚੋਂ 289 ਖੇਤਰਾਂ 'ਚ ਸੀ.ਡਬਲਿਊ.ਪੀ.ਪੀ. ਸਖਾਪਤ ਕਰਨ ’ਚ ਸਫ਼ਲ ਰਹੀ ਹੈ, ਜਦਕਿ ਬਾਕੀ ਦੇ 267 (48 ਫ਼ੀਸਦੀ ਤੋਂ ਵੱਧ) ਪ੍ਰਭਾਵਿਤ ਸਥਾਨਾਂ ਦੇ ਵਸਨੀਕ ਦੂਸ਼ਿਤ ਪਾਣੀ ਦੀ ਵਰਤੋਂ ਕਰਨ ਲਈ ਮਜਬੂਰ ਹਨ।

ਵਿੱਤੀ ਸਾਲ 2022-23 'ਚ ਸਾਰੇ ਪ੍ਰਭਾਵਿਤ ਇਲਾਕਿਆਂ ਨੂੰ ਪਾਈਪ ਜ਼ਰੀਏ ਪਾਣੀ ਦੀ ਸਪਲਾਈ (PWS) ਵਲੋਂ ਕਵਰ ਕਰਨ ਦੀ ਯੋਜਨਾ ਹੈ। ਵਿਸ਼ਵ ਸਿਹਤ ਸੰਗਠਨ (WHO) ਮੁਤਾਬਕ ਪੀਣ ਵਾਲੇ ਪਾਣੀ ਅਤੇ ਭੋਜਨ ਤੋਂ ਆਰਸੈਨਿਕ ਦੇ ਲੰਬੇ ਸਮੇਂ ਤੱਕ ਸੰਪਰਕ ਨਾਲ ਕੈਂਸਰ, ਚਮੜੀ ਦੇ ਰੋਗ, ਦਿਲ ਦੀਆਂ ਬਿਮਾਰੀਆਂ ਅਤੇ ਸ਼ੂਗਰ ਦਾ ਕਾਰਨ ਬਣਦੇ ਹਨ। ਜਦੋਂ ਕਿ ਪਾਣੀ ਦੇ ਸੇਵਨ ਨਾਲ ਫਲੋਰਾਈਡ ਦੀ ਜ਼ਿਆਦਾ ਖਪਤ ਦੰਦਾਂ ਦੇ ਫਲੋਰੋਸਿਸ ਜਾਂ ਅਪਾਹਜ ਪਿੰਜਰ ਫਲੋਰੋਸਿਸ ਦਾ ਕਾਰਨ ਬਣ ਸਕਦੀ ਹੈ, ਜੋ ਕਿ ਓਸਟੀਓਸਕਲੇਰੋਸਿਸ, ਨਸਾਂ ਅਤੇ ਲਿਗਾਮੈਂਟਾਂ ਦੇ ਕੈਲਸੀਫੀਕੇਸ਼ਨ ਅਤੇ ਹੱਡੀਆਂ ਦੇ ਵਿਗਾੜ ਨਾਲ ਜੁੜਿਆ ਹੋਇਆ ਹੈ।

ਇਸੇ ਤਰ੍ਹਾਂ ਪੰਜਾਬ ਵੀ 182 ਫਲੋਰਾਈਡ-ਪ੍ਰਭਾਵਿਤ ਇਲਾਕਿਆਂ ਨਾਲ ਦੇਸ਼ 'ਚ ਦੂਜੇ ਨੰਬਰ 'ਤੇ ਹੈ, ਜਦਕਿ ਰਾਜਸਥਾਨ 'ਚ 188 ਫਲੋਰਾਈਡ-ਪ੍ਰਭਾਵਿਤ ਇਲਾਕੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਦੇ ਇਨ੍ਹਾਂ 182 ਇਲਾਕਿਆਂ 'ਚੋਂ 134 ਨੂੰ ਪਹਿਲਾਂ ਹੀ ਸੀ. ਡਬਲਿਊ. ਪੀ. ਪੀ. ਨਾਲ ਜੋੜਿਆ ਗਿਆ ਹੈ ਅਤੇ ਇਸ ਵਿੱਤੀ ਸਾਲ 'ਚ 180 ਨੂੰ ਪਾਈਪ ਵਾਟਰ ਸਪਲਾਈ ਨਾਲ ਜੋੜਨ ਦੀ ਯੋਜਨਾ ਹੈ ।

ਪੰਜਾਬ ਦੇਸ਼ ਦੇ ਉਨ੍ਹਾਂ 15 ਸੂਬਿਆਂ 'ਚ ਸ਼ਾਮਲ ਹੈ, ਜਿੱਥੇ ਜ਼ਮੀਨ ਹੇਠਲੇ ਪਾਣੀ ’ਚ ਵੱਖ-ਵੱਖ ਤਰ੍ਹਾਂ ਦੇ ਪ੍ਰਦੂਸ਼ਕਾਂ- ਆਰਸੈਨਿਕ, ਫਲੋਰਾਈਡ, ਨਾਈਟਰੇਟ ਤੇ ਆਇਰਨ ਦੀ ਮਾਤਰਾ ਤੈਅ ਸੀਮਾ ਤੋਂ ਵਧੇਰੇ ਪਾਈ ਜਾਂਦੀ ਹੈ। ਪਟੇਲ ਨੇ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ, ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਸਾਂਝੇਦਾਰੀ ’ਚ ਜਲ ਜੀਵਨ ਮਿਸ਼ਨ ਜ਼ਰੀਏ ਹਰ ਘਰ ਨੂੰ ਅਗਸਤ 2019 ਤੋਂ ਲਾਗੂ ਕਰ ਰਹੀ ਹੈ, ਤਾਂ  ਜੋ ਲੰਬੇ ਸਮੇਂ  ਲਈ ਲੋੜੀਂਦੀ ਮਾਤਰਾ ਅਤੇ ਤੈਅ ਗੁਣਵੱਤਾ ’ਚ ਪੀਣ ਯੋਗ ਪਾਣੀ ਦੀ ਸਪਲਾਈ ਦਾ ਪ੍ਰਬੰਧ ਕੀਤਾ ਜਾ ਸਕੇ। 


Tanu

Content Editor

Related News