ਓਵੈਸੀ ਦੀ ਨਜ਼ਰ ਹੁਣ ਉੱਤਰ ਪ੍ਰਦੇਸ਼ ’ਤੇ
Tuesday, Apr 28, 2026 - 09:54 AM (IST)
ਤੁਸੀਂ ਉਨ੍ਹਾਂ ਨੂੰ ਪਸੰਦ ਕਰੋ ਜਾਂ ਨਾ, ਅਸਦੁਦੀਨ ਓਵੈਸੀ ਹੁਣ ਹਾਸ਼ੀਏ ’ਤੇ ਖੜੇ ਕੋਈ ਮਾਮੂਲੀ ਖਿਡਾਰੀ ਨਹੀਂ ਰਹੇ ਹਨ। ਹੈਦਰਾਬਾਦ ਦੀਆਂ ਤੰਗ ਗਲੀਆਂ ਤੋਂ ਲੈ ਕੇ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਚੋਣ ਅਖਾੜਿਆਂ ਤੱਕ ਓਵੈਸੀ ਦਾ ਸਿਆਸੀ ਪ੍ਰਭਾਵ ਤੇਜ਼ੀ ਨਾਲ, ਮਜ਼ਬੂਤੀ ਨਾਲ ਤੇ ਬਿਨਾਂ ਕਿਸੇ ਝਿਜਕ ਤੋਂ ਅੱਗੇ ਵਧ ਰਿਹਾ ਹੈ।
ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ’ਚ ਮੋੜ ਆਇਆ ਜਿੱਥੇ ਉਨ੍ਹਾਂ ਦੀ ਪਾਰਟੀ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ. ਆਈ. ਐੱਮ. ਆਈ. ਐੱਮ.) ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਨੇ ਨਾ ਸਿਰਫ਼ ਸੀਟਾਂ ਜਿੱਤੀਆਂ, ਸਗੋਂ ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਇਸ ਨੇ ਸੰਕੇਤ ਦਿੱਤਾ ਕਿ ਮੁਸਲਿਮ ਵੋਟਰ ਹੁਣ ਰਵਾਇਤੀ ‘ਧਰਮ ਨਿਰਪੱਖ’ ਪਾਰਟੀਆਂ ਤੋਂ ਪਰੇ ਵੇਖਣ ਲਈ ਵੀ ਤਿਆਰ ਹਨ।
ਉਦੋਂ ਤੋਂ ਓਵੈਸੀ ਲਗਾਤਾਰ ਅੱਗੇ ਵੱਧ ਰਹੇ ਹਨ। ਉਨ੍ਹਾਂ ਆਸਾਮ ਤੇ ਪੱਛਮੀ ਬੰਗਾਲ ’ਚ ਆਪਣੀ ‘ਜ਼ਮੀਨ’ ਭਾਂਪੀ । ਹੁਣ ਉਹ ਉੱਤਰ ਪ੍ਰਦੇਸ਼ ’ਚ ਆਪਣਾ ਆਧਾਰ ਮਜ਼ਬੂਤ ਕਰਨ ’ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ। ਮੁਸਲਮਾਨਾਂ ਦੇ ਕੁਝ ਵਰਗਾਂ ਖਾਸ ਕਰ ਕੇ ਨੌਜਵਾਨਾਂ ’ਚ ਓਵੈਸੀ ਇਕ ਅਜਿਹੇ ਨੇਤਾ ਵਜੋਂ ਪ੍ਰਸਿੱਧੀ ਹਾਸਲ ਕਰ ਰਹੇ ਹਨ ਜੋ ਬਿਨਾਂ ਕਿਸੇ ਝਿਜਕ ਦੇ ਆਪਣੇ ਮਨ ਦੀ ਗੱਲ ਕਰਦਾ ਹੈ। ਇਕ ਸਵਾਲ ਜੋ ਲਗਾਤਾਰ ਉੱਠਦਾ ਰਹਿੰਦਾ ਹੈ, ਉਹ ਇਹ ਕਿ ਕੀ ਓਵੈਸੀ ਅਣਜਾਣੇ ’ਚ ਭਾਜਪਾ ਵਿਰੋਧੀ ਵੋਟਾਂ ਨੂੰ ਵੰਡ ਕੇ ਭਾਜਪਾ ਦੀ ਮਦਦ ਕਰ ਰਹੇ ਹਨ?
ਉਨ੍ਹਾਂ ਦੇ ਆਲੋਚਕ ਅਕਸਰ ਉਨ੍ਹਾਂ ਨੂੰ ਸੱਤਾਧਾਰੀ ਪਾਰਟੀ ਦੀ ‘ਬੀ-ਟੀਮ’ ਕਹਿੰਦੇ ਹਨ। ਓਵੈਸੀ ਇਸ ਦੋਸ਼ ਨੂੰ ਸਪੱਸ਼ਟ ਤੌਰ ’ਤੇ ਰੱਦ ਕਰਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਲੜਾਈ ਆਪਣੀ ਆਜ਼ਾਦ ਸਿਆਸੀ ਪਛਾਣ ਸਥਾਪਤ ਕਰਨ ਲਈ ਹੈ ਨਾ ਕਿ ਕਿਸੇ ਹੋਰ ਦੀ ਸ਼ਤਰੰਜ ’ਚ ਸਿਰਫ਼ ਮੋਹਰਾ ਬਣੇ ਰਹਿਣ ਲਈ। ਅੱਗੇ ਵਧਣ ਦੇ ਰਸਤੇ ’ਤੇ ਧਿਆਨ ਨਾਲ ਵਿਚਾਰ ਕਰਨ ਦੀ ਲੋੜ ਹੋਏਗੀ। ਕੀ ਏ. ਆਈ. ਐੱਮ. ਆਈ. ਐੱਮ. ਨੂੰ ਇਕੱਲਿਆਂ ਚੋਣਾਂ ਲੜਨੀਆਂ ਚਾਹੀਦੀਆਂ ਹਨ ਜਾਂ ਗੱਠਜੋੜ ਬਣਾਉਣਾ ਚਾਹੀਦਾ ਹੈ? ਸਮਾਜਵਾਦੀ ਪਾਰਟੀ ਜਾਂ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਦੀ ਸੰਭਾਵਨਾ ਘੱਟ ਲਗਦੀ ਹੈ ਪਰ ਇਹ ਅਸੰਭਵ ਨਹੀਂ ਹੈ।
ਇਕ ਹੋਰ ਦਿਲਚਸਪ ਬਦਲ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਚੰਦਰਸ਼ੇਖਰ ਆਜ਼ਾਦ ਹੋ ਸਕਦੇ ਹਨ। ਇਕ ਦਲਿਤ-ਮੁਸਲਿਮ ਗੱਠਜੋੜ ਜੋ ਉੱਤਰੀ ਭਾਰਤ ਦੀ ਸਿਆਸੀ ਸਰਗਰਮੀ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ। ਓਵੈਸੀ ਦਾ ਉਭਾਰ ਇਕ ਸੱਚਾਈ ਹੈ।
ਹੁਣ ਸਵਾਲ ਇਹ ਹੈ ਕਿ ਕੀ ਇਹ ਉਭਾਰ ਸਿਰਫ਼ ਵਿਰੋਧ ਦੀ ਲਹਿਰ ਹੀ ਰਹੇਗਾ ਜਾਂ ਇਹ ਇਕ ਮਜ਼ਬੂਤ ਰਾਸ਼ਟਰੀ ਸ਼ਕਤੀ ’ਚ ਬਦਲ ਜਾਵੇਗਾ ਜਾਂ ਫਿਰ ਘੱਟ ਗਿਣਤੀ ਸਆਸਤ ਨੂੰ ਇਕ ਨਵੀਂ ਦਿਸ਼ਾ ਦੇਵੇਗਾ?
