ਭਾਰਤੀ ਫ਼ੌਜ ਨੂੰ ਮਿਲੀ ਸਾਕੋ TRG-42 ਸਨਾਈਪਰ ਰਾਈਫਲ, ਦੁਸ਼ਮਣ ’ਤੇ ਡੇਢ ਕਿਲੋਮੀਟਰ ਦੂਰ ਤੱਕ ਕਰ ਸਕਦੀ ਹੈ ਮਾਰ
Tuesday, Mar 29, 2022 - 10:27 AM (IST)
ਪੱਲਾਂਵਾਲਾ (ਭਾਸ਼ਾ)- ਭਾਰਤੀ ਫ਼ੌਜ ਨੇ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ (ਐੱਲ. ਓ. ਸੀ.) ’ਤੇ ਤਾਇਨਾਤ ਆਪਣੇ ਸਨਾਈਪਰ ਨੂੰ ਫਿਨਲੈਂਡ ਵਿਚ ਬਣੀ ਅਤਿ-ਆਧੁਨਿਕ ਰਾਈਫਲ ਟੀ. ਆਰ. ਜੀ.-42 ਨਾਲ ਲੈਸ ਕੀਤਾ ਹੈ, ਜੋ ਡੇਢ ਕਿਲੋਮੀਟਰ ਤੱਕ ਪ੍ਰਭਾਵਸ਼ਾਲੀ ਨਿਸ਼ਾਨਾ ਲਗਾ ਸਕਦੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਧੁਨਿਕ ਸਨਾਈਪਰ ਰਾਈਫਲ ਨੂੰ ਭਾਰਤੀ ਫ਼ੌਜ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸ ਦਾ ਨਾਂ ਹੈ ਸਾਕੋ .338 ਟੀ. ਆਰ. ਜੀ.-42। ਸਾਕੋ .338 ਟੀ. ਆਰ. ਜੀ.-42 ਦੀ ਰੇਂਜ, ਮਾਰ ਸਮਰੱਥਾ ਅਤੇ ਦੂਰਬੀਨ ਨਾਲ ਦੇਖਣ ਦੀ ਸਮਰੱਥਾ ਵਿਰੋਧੀ ਫ਼ੌਜ ਕੋਲ ਮੌਜੂਦ ਰਾਈਫਲ ਦੇ ਮੁਕਾਬਲੇ ਬਹੁਤ ਚੰਗੀ ਹੈ। ਇਸ ਕਦਮ ਨਾਲ ਭਾਰਤੀ ਸਨਾਈਪਰ ਪਹਿਲਾਂ ਦੇ ਮੁਕਾਬਲੇ ਵਧ ਘਾਤਕ ਹੋ ਗਏ ਹਨ।
ਅਧਿਕਾਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਕੌਮਾਂਤਰੀ ਸੀਮਾ (ਆਈ. ਬੀ.) ਅਤੇ ਐੱਲ. ਓ. ਸੀ. ’ਤੇ ਮੋਹਰਲੇ ਇਲਾਕਿਆਂ ਵਿਚ ਫ਼ੌਜ ਦੀ ਗਸ਼ਤ ਦੀ ਰਾਹ ਵਿਚ ਸਨਾਈਪਿੰਗ (ਦੂਰ ਤੋਂ ਨਿਸ਼ਾਨਾ ਲਗਾਉਣਾ) ਸਭ ਤੋਂ ਵੱਡੀ ਚੁਣੌਤੀ ਹੈ। ਐੱਲ. ਓ. ਸੀ. ’ਤੇ ਸਾਲ 2018 ਅਤੇ ਸਾਲ 2019 ਦਰਮਿਆਨ ਸਨਾਈਪਿੰਗ ਦੀਆਂ ਘਟਨਾਵਾਂ ਵਧਣ ਦੇ ਮੱਦੇਨਜ਼ਰ ਭਾਰਤੀ ਫ ੌਜ ਨੇ ਵਧੀਆ ਗੁਣਵੱਤਾ ਦੀਆਂ ਸਨਾਈਪਰ ਰਾਈਫਲਾਂ ਫ਼ੌਜ ਵਿਚ ਸ਼ਾਮਲ ਕਰ ਕੇ ਇਸ ਦੀ ਟਰੇਨਿੰਗ ਵੀ ਦਿੱਤੀ। ਸਾਕੋ ਰਾਈਫਲ ਨੇ ਇਸ ਤੋਂ ਪਹਿਲਾਂ ਇਸਤੇਮਾਲ ਕੀਤੀ ਜਾ ਰਹੀ ਬੇਰੇਟਾ ਦੀ .338 ਲਾਪੁਆ ਮੈਗਨਮ ਸਕਾਰਪੀਓ ਟੀ. ਜੀ. ਟੀ. ਅਤੇ ਬਾਰੇਟ ਦੀ .50 ਕੈਲੀਬਰ ਐੱਮ.-95 ਰਾਈਫਲ ਦੀ ਜਗ੍ਹਾ ਲਈ ਹੈ, ਜਿਸ ਨੂੰ ਸਾਲ 2019-20 ਵਿਚ ਫ਼ੌਜ ਵਿਚ ਸ਼ਾਮਲ ਕੀਤਾ ਗਿਆ ਸੀ। ਇਟਲੀ ਅਤੇ ਅਮਰੀਕਾ ਵਿਚ ਬਣੀਆਂ ਇਨ੍ਹਾਂ ਦੋਵਾਂ ਰਾਈਫਲਾਂ ਨੇ ਪੁਰਾਣੀ ਰੂਸੀ ਰਾਈਫਲ ਡ੍ਰਾਗੁਨੋਵ ਦੀ ਜਗ੍ਹਾ ਲਈ ਸੀ।
ਸਾਕੋ ਸਨਾਈਪਰ ਦੀ ਕੁੰਡਲੀ
* 1 ਬੋਲਟ-ਐਕਸ਼ਨ ਸਨਾਈਪਰ ਰਾਈਫਲ
* ਡਿਜ਼ਾਈਨ ਅਤੇ ਨਿਰਮਾਣ ਫਿਨਲੈਂਡ ਵਿਚ
* ਬਿਨਾਂ ਕਾਰਤੂਸ ਦੇ ਭਾਰ 6.55 ਕਿਲੋ
* ਪ੍ਰਭਾਵਸ਼ਾਲੀ ਰੇਂਜ ਡੇਢ ਕਿਲੋਮੀਟਰ
* ਵਿਸ਼ਵ ਦੀ ਸਭ ਤੋਂ ਢੁੱਕਵੇਂ ਨਿਸ਼ਾਨੇ ਵਾਲੀ
* ਫ਼ੌਜ ਨੇ 10 ਸਨਾਈਪਰ ਟੀਮਾਂ ਬਣਾਈਆਂ