J&k ਹੈਲੀਕਾਪਟਰ ਹਾਦਸਾ; ਗੰਭੀਰ ਜ਼ਖ਼ਮੀ ਤਕਨੀਸ਼ੀਅਨ ਨੇ ਤੋੜਿਆ ਦਮ
Thursday, May 04, 2023 - 05:21 PM (IST)
ਜੰਮੂ- ਫ਼ੌਜ ਦੇ ਇਕ ਹੈਲੀਕਾਪਟਰ ਨੂੰ ਤਕਨੀਕੀ ਖਾਮੀ ਦੇ ਚੱਲਦੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਜੰਗਲੀ ਖੇਤਰ 'ਚ ਵੀਰਵਾਰ ਨੂੰ ਮਜ਼ਬੂਰਨ ਉਤਾਰਿਆ ਗਿਆ, ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਘਟਨਾ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਤਕਨੀਸ਼ੀਅਨ ਦੀ ਮੌਤ ਹੋ ਗਈ, ਉੱਥੇ ਹੀ ਪਾਇਲਟ ਜ਼ਖ਼ਮੀ ਹੈ। ਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੰਚਾਲਨ ਮਿਸ਼ਨ 'ਤੇ ਤਾਇਨਾਤ ਉੱਨਤ ਹਲਕਾ ਹੈਲੀਕਾਪਟਰ (ALH) ਧਰੁਵ ਮਾਰਵਾਹ ਇਲਾਕੇ 'ਚ ਨਦੀ ਦੇ ਕੰਢੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਨ੍ਹੀਂ ਦਿਨੀਂ ਭਾਰੀ ਬਰਫ਼ਬਾਰੀ ਕਾਰਨ ਇਹ ਇਲਾਕਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕੱਟ ਗਿਆ ਹੈ।
ਫੌਜ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਊਧਮਪੁਰ ਸਥਿਤ ਉੱਤਰੀ ਕਮਾਨ ਨੇ ਇਕ ਬਿਆਨ 'ਚ ਕਿਹਾ ਕਿ ਇਕ 'ਆਰਮੀ ਏਵੀਏਸ਼ਨ ALH ਧਰੁਵ' ਹੈਲੀਕਾਪਟਰ, ਇਕ ਸੰਚਾਲਨ ਮਿਸ਼ਨ 'ਤੇ 04 ਮਈ 2023 ਨੂੰ ਸਵੇਰੇ 11:15 ਵਜੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਮਾਰੂਆ ਨਦੀ ਦੇ ਕੰਢੇ 'ਤੇ ਹਾਦਸੇ ਦਾ ਸ਼ਿਕਾਰ ਹੋਇਆ। ਬਿਆਨ 'ਚ ਕਿਹਾ ਗਿਆ ਹੈ ਕਿ ਪਾਇਲਟ ਨੇ ਹਵਾਈ ਆਵਾਜਾਈ ਕੰਟਰੋਲਰ ਨੂੰ ਤਕਨੀਕੀ ਖਾਮੀ ਬਾਰੇ ਦੱਸਿਆ ਸੀ ਅਤੇ ਹੈਲੀਕਾਪਟਰ ਨੂੰ ਸਾਵਧਾਨੀਪੂਰਵਕ ਉਤਾਰਨ ਦੀ ਗੱਲ ਆਖੀ ਸੀ।
ਬਿਆਨ ਮੁਤਾਬਕ ਖਰਾਬ ਮੈਦਾਨ ਵਿਚ ਹੈਲੀਕਾਪਟਰ ਨੂੰ ਮਜ਼ਬੂਰਨ ਉਤਾਰਿਆ ਗਿਆ। ਤੁਰੰਤ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਫ਼ੌਜ ਦੀ ਬਚਾਅ ਟੀਮ ਮੌਕੇ 'ਤੇ ਪਹੁੰਚੀ। ਫ਼ੌਜ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਊਧਮ ਦੇ ਕਮਾਨ ਹਸਪਤਾਲ ਲਿਜਾਇਆ ਗਿਆ। ਕਿਸ਼ਤਵਾੜ ਦੇ ਸੀਨੀਅਰ ਪੁਲਸ ਸੁਪਰਡੈਂਟ ਖਲੀਲ ਅਹਿਮਦ ਪੋਸਵਾਲ ਨੇ ਦੱਸਿਆ ਕਿ ਹੈਲੀਕਾਪਟਰ ਦਾ ਮਲਬਾ ਨਦੀ ਕੰਢੇ ਮਿਲਿਆ। ਜ਼ਿਕਰਯੋਗ ਹੈ ਕਿ ਠੰਡ ਦੇ ਮੌਸਮ ਵਿਚ ਇਸ ਇਲਾਕੇ ਦੇ ਲੋਕਾਂ ਲਈ ਹੈਲੀਕਾਪਟਰ ਹੀ ਟਰਾਂਸਪੋਰਟ ਇਕਮਾਤਰ ਸਾਧਨ ਹੈ ਅਤੇ ਇਨ੍ਹਾਂ ਜ਼ਰੀਏ ਹੀ ਸਾਮਾਨ ਵੀ ਭੇਜਿਆ ਜਾਂਦਾ ਹੈ।