ਜਾਤੀ ਦੇ ਮੁੱਦੇ ’ਤੇ ਭਿੜੇ ਰਾਹੁਲ ਤੇ ਅਨੁਰਾਗ

Tuesday, Jul 30, 2024 - 11:14 PM (IST)

ਜਾਤੀ ਦੇ ਮੁੱਦੇ ’ਤੇ ਭਿੜੇ ਰਾਹੁਲ ਤੇ ਅਨੁਰਾਗ

ਨਵੀਂ ਦਿੱਲੀ- ਅਨੁਰਾਗ ਠਾਕੁਰ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਚਾਲੇ ਜਾਤੀ ਮਰਦਮਸ਼ੁਮਾਰੀ ਦੇ ਮੁੱਦੇ ’ਤੇ ਝੜਪ ਹੋ ਗਈ। ਰਾਹੁਲ ਗਾਂਧੀ ਨੇ ਭਾਜਪਾ ਸੰਮਦ ਮੈਂਬਰ ’ਤੇ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ। ਇਸ ’ਤੇ ਭਾਜਪਾ ਨੇਤਾ ਅਨੁਰਾਗ ਠਾਕੁਰ ਨੇ ਕਿਹਾ ਕਿ ਜਿਸ ਦੀ ਜਾਤ ਨਹੀਂ ਪਤਾ, ਉਹ ਜਾਤੀ ਮਰਦਮਸ਼ੁਮਾਰੀ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸੇ ਦਾ ਨਾਂ ਨਹੀਂ ਲਿਆ। ਉਨ੍ਹਾਂ ਨੇ ਬਜਟ ’ਤੇ ਚਰਚਾ ਵਿਚ ਕਿਹਾ ਕਿ ਰਾਹੁਲ ਗਾਂਧੀ ਨੂੰ ‘ਰੀਲ ਦਾ ਨੇਤਾ’ ਨਹੀਂ ਬਣਨਾ ਚਾਹੀਦਾ ਹੈ ਅਤੇ ਇਹ ਸਮਝਣਾ ਚਾਹੀਦਾ ਹੈ ਕਿ ‘ਰੀਅਲ ਨੇਤਾ’ ਬਣਨ ਲਈ ਸੱਚ ਬੋਲਣਾ ਪੈਂਦਾ ਹੈ।

ਸਾਬਕਾ ਕੇਂਦਰੀ ਮੰਤਰੀ ਨੇ ਕਾਂਗਰਸ ਆਗੂ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਜੋ ‘ਐਕਸੀਡੈਂਟਲ ਹਿੰਦੂ’ ਹਨ, ਉਨ੍ਹਾਂ ਦਾ ਮਹਾਭਾਰਤ ਦਾ ਗਿਆਨ ਵੀ ‘ਐਕਸੀਡੈਂਟਲ’ ਹੈ। ਭਾਜਪਾ ਆਗੂ ਨੇ ਕਿਹਾ ਕਿ ਕਾਂਗਰਸ ਨੇ ਪਹਿਲੇ ਚੱਕਰਵਿਊ ਨੇ ਦੇਸ਼ ਦੀ ਵੰਡ ਕਰਵਾਈ, ਦੂਜੇ ਚੱਕਰਵਿਊ ਨੇ ਚੀਨੀਆਂ ਨੂੰ ਤੋਹਫੇ ਦਿੱਤੇ, ਤੀਜੇ ਚੱਕਰਵਿਊ ਨੇ ਦੇਸ਼ ’ਚ ਐਮਰਜੈਂਸੀ ਲਗਾਈ, ਚੌਥੇ ਚੱਕਰਵਿਊ ’ਚ ‘ਬੋਫੋਰਸ’ ਘਪਲਾ ਅਤੇ ਸਿੱਖਾਂ ਦਾ ਕਤਲੇਆਮ, ਪੰਜਵੇਂ ਚੱਕਰਵਿਊ ਨੇ ਸਨਾਤਨ ਵਿਰੁੱਧ ਕੰਮ ਕੀਤਾ, ਛੇਵੇਂ ਚੱਕਰਵਿਊ ਨੇ ਦੇਸ਼ ਦੀ ਰਾਜਨੀਤੀ, ਸੱਭਿਆਚਾਰ ਅਤੇ ਪ੍ਰੰਪਰਾ ਨੂੰ ਨੁਕਸਾਨ ਪਹੁੰਚਾਇਆ। ਠਾਕੁਰ ਨੇ ਕਿਹਾ ਕਿ ਸੱਤਵੇਂ ਚੱਕਰਵਿਊ ਦਾ ਨਾਂ ਉਹ ਨਹੀਂ ਲੈਣਗੇ।

ਅਨੁਰਾਗ ਠਾਕੁਰ ਨੇ ਮੈਨੂੰ ਗਾਲ੍ਹ ਕੱਢੀ, ਮੈਨੂੰ ਉਨ੍ਹਾਂ ਕੋਲੋਂ ਮੁਆਫੀ ਵੀ ਨਹੀਂ ਚਾਹੀਦੀ

ਇਸ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਜੋ ਵੀ ਆਦਿਵਾਸੀਆਂ, ਦਲਿਤਾਂ ਅਤੇ ਪੱਛੜੇ ਲੋਕਾਂ ਦੇ ਮੁੱਦੇ ਉਠਾਉਂਦਾ ਹੈ, ਉਸ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ, ਮੈਂ ਇਨ੍ਹਾਂ ਗਾਲ੍ਹਾਂ ਨੂੰ ਖੁਸ਼ੀ ਨਾਲ ਸਵੀਕਾਰ ਕਰਾਂਗਾ। ਅਨੁਰਾਗ ਠਾਕੁਰ ਨੇ ਮੈਨੂੰ ਗਾਲ੍ਹ ਕੱਢੀ ਅਤੇ ਮੇਰਾ ਅਪਮਾਨ ਕੀਤਾ ਹੈ, ਪਰ ਮੈਂ ਉਨ੍ਹਾਂ ਤੋਂ ਕੋਈ ਮੁਆਫੀ ਨਹੀਂ ਚਾਹੁੰਦਾ।

ਉਨ੍ਹਾਂ ਕਿਹਾ ਕਿ ਜੋ ਵੀ ਇਸ ਦੇਸ਼ ਵਿਚ ਦਲਿਤਾਂ, ਆਦਿਵਾਸੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦਾ ਮੁੱਦਾ ਉਠਾਉਂਦਾ ਹੈ, ਉਨ੍ਹਾਂ ਲਈ ਲੜਦਾ ਹੈ, ਉਸ ਨੂੰ ਗਾਲ੍ਹਾਂ ਖਾਣੀਆਂ ਪੈਂਦੀਆਂ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਇਨ੍ਹਾਂ ਸਾਰੀਆਂ ਗਾਲ੍ਹਾਂ ਨੂੰ ਖੁਸ਼ੀ ਨਾਲ ਸਵੀਕਾਰ ਕਰਾਂਗਾ ਕਿਉਂਕਿ ਜਿਸ ਤਰ੍ਹਾਂ ਮਹਾਭਾਰਤ ’ਚ ਅਰਜੁਨ ਨੂੰ ਸਿਰਫ ਮੱਛੀ ਦੀ ਅੱਖ ਹੀ ਦਿਖਾਈ ਦੇ ਰਹੀ ਸੀ, ਉਸੇ ਤਰ੍ਹਾਂ ਮੈਨੂੰ ਵੀ ਸਿਰਫ ਮੱਛੀ ਦੀ ਅੱਖ ਦਿਖਾਈ ਦੇ ਰਹੀ ਹੈ। ਅਸੀਂ ਜਾਤੀ ਮਰਦਮਸ਼ੁਮਾਰੀ ਕਰਵਾ ਕੇ ਦਿਖਾਵਾਂਗੇ।

ਉਨ੍ਹਾਂ ਕਿਹਾ ਕਿ ਅਨੁਰਾਗ ਠਾਕੁਰ ਜੀ ਨੇ ਮੈਨੂੰ ਗਾਲ੍ਹ ਕੱਢੀ ਹੈ, ਉਨ੍ਹਾਂ ਨੇ ਮੇਰਾ ਅਪਮਾਨ ਕੀਤਾ ਹੈ। ਪਰ ਮੈਨੂੰ ਉਨ੍ਹਾਂ ਤੋਂ ਕੋਈ ਮੁਆਫੀ ਨਹੀਂ ਚਾਹੀਦੀ, ਮੈਂ ਲੜਾਈ ਲੜ ਰਿਹਾ ਹਾਂ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਠਾਕੁਰ ਦੀ ਟਿੱਪਣੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਦਨ ਦੇ ਅੰਦਰ ਕਿਸੇ ਮੈਂਬਰ ਦੀ ਜਾਤ ਨਹੀਂ ਪੁੱਛੀ ਜਾ ਸਕਦੀ। ਉਨ੍ਹਾਂ ਕਿਹਾ ਕਿ ਤੁਸੀਂ ਜਾਤ ਕਿਵੇਂ ਪੁੱਛ ਸਕਦੇ ਹੋ?


author

Rakesh

Content Editor

Related News