ਗਣਤੰਤਰ ਦਿਵਸ ''ਤੇ ਹਿਮਾਚਲ ਦਾ ਇਹ ਜਵਾਨ ਉਡਾਏਗਾ ਦੁਨੀਆ ਦਾ ਸਭ ਤੋਂ ਤੇਜ਼ ਫਾਈਟਰ ਜੈੱਟ
Friday, Jan 24, 2025 - 03:25 PM (IST)
ਊਨਾ- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦਾ ਰਹਿਣ ਵਾਲਾ ਅਮੋਲ ਗਰਗ ਹੁਣ ਦੁਨੀਆ ਦਾ ਸਭ ਤੋਂ ਤੇਜ਼ ਲੜਾਕੂ ਜਹਾਜ਼ ਰਾਫੇਲ ਉਡਾਏਗਾ। ਇਹ ਸਿਰਫ ਊਨਾ ਲਈ ਹੀ ਨਹੀਂ ਸਗੋਂ ਪੂਰੇ ਹਿਮਾਚਲ ਪ੍ਰਦੇਸ਼ ਲਈ ਮਾਣ ਵਾਲੀ ਗੱਲ ਹੈ। ਅਮੋਲ ਗਰਗ 26 ਜਨਵਰੀ ਨੂੰ ਦਿੱਲੀ ਦੇ ਕਰਤਵਯ ਪੱਥ 'ਤੇ ਗਣਤੰਤਰ ਦਿਵਸ ਦੀ ਪਰੇਡ ਦੌਰਾਨ ਇਸ ਸਮੇਂ ਹਵਾਈ ਫ਼ੌਜ ਦੀ ਤਾਕਤ ਦਾ ਪ੍ਰਤੀਕ ਮੰਨੇ ਜਾਣ ਵਾਲੇ ਇਸ ਫਰਾਂਸੀਸੀ ਲੜਾਕੂ ਜਹਾਜ਼ ਨੂੰ ਉਡਾਉਣਗੇ। ਅਮੋਲ ਦੇ ਪਿਤਾ ਜਗਦੀਪ ਸ਼ਰਮਾ, ਜੋ ਊਨਾ ਜ਼ਿਲ੍ਹੇ ਦੀ ਦੁਰਗਾ ਕਾਲੋਨੀ ਵਿਚ ਰਹਿੰਦੇ ਹਨ, ਇਕ ਸਾਬਕਾ ਨੇਵੀ ਅਧਿਕਾਰੀ ਹਨ ਅਤੇ ਮੌਜੂਦਾ ਸਮੇਂ ਵਿਚ ਓ. ਐਨ. ਜੀ. ਸੀ ਵਿਚ ਇੰਜੀਨੀਅਰ ਹਨ। ਅਮੋਲ ਗਰਗ ਦੀ ਮਾਂ ਸਨੇਹਾ ਸ਼ਰਮਾ ਇਕ ਘਰੇਲੂ ਔਰਤ ਹੈ। ਅਮੋਲ ਦਾ ਛੋਟਾ ਭਰਾ ਟਾਟਾ ਮੈਮੋਰੀਅਲ ਹਸਪਤਾਲ ਵਿਚ ਡਾਕਟਰ ਆਫ਼ ਮੈਡੀਕਲ (MD) ਦੀ ਪੜ੍ਹਾਈ ਕਰ ਰਿਹਾ ਹੈ।
UPSC NDA ਪ੍ਰੀਖਿਆ 'ਚ ਪੂਰੇ ਦੇਸ਼ 'ਚ ਹਾਸਲ ਕੀਤਾ ਤੀਜਾ ਸਥਾਨ
DAV ਸੈਂਟੇਨਰੀ ਪਬਲਿਕ ਸਕੂਲ, ਊਨਾ ਤੋਂ 12ਵੀਂ ਕਰਨ ਤੋਂ ਬਾਅਦ ਅਮੋਲ ਨੇ NIT ਹਮੀਰਪੁਰ ਵਿਚ ਇੰਜੀਨੀਅਰਿੰਗ ਦੀ ਪੜ੍ਹਾਈ ਸ਼ੁਰੂ ਕੀਤ, ਪਰ ਦੇਸ਼ ਦੀ ਰੱਖਿਆ ਸੇਵਾ ਵਿਚ ਆਪਣਾ ਕਰੀਅਰ ਬਣਾਉਣ ਲਈ ਉਸ ਨੇ ਇਸਨੂੰ ਛੱਡ ਦਿੱਤਾ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਪੁਣੇ ਵਿਚ ਦਾਖਲਾ ਲੈ ਲਿਆ। ਇੱਥੇ ਉਸ ਨੇ UPSC NDA ਪ੍ਰੀਖਿਆ ਵਿਚ ਪੂਰੇ ਦੇਸ਼ 'ਚੋਂ ਤੀਜਾ ਸਥਾਨ ਹਾਸਲ ਕੀਤਾ। ਇੰਨਾ ਹੀ ਨਹੀਂ ਉਹ ਏਅਰਫੋਰਸ 'ਚ ਪਹਿਲੇ ਰੈਂਕ ਦਾ ਕੈਡੇਟ ਵੀ ਬਣ ਗਿਆ। ਇਸ ਸਮੇਂ ਉਹ ਭਾਰਤੀ ਹਵਾਈ ਸੈਨਾ ਦੇ ਅੰਬਾਲਾ ਬੇਸ 'ਤੇ ਤਾਇਨਾਤ ਹਨ।