ਹਰਿਆਣਾ ’ਚ ਭਾਜਪਾ ਦੀ ਜਿੱਤ ਦੀ ਰਣਨੀਤੀ ਅਮਿਤ ਸ਼ਾਹ ਤੇ ਧਰਮਿੰਦਰ ਪ੍ਰਧਾਨ ਨੇ ਬਣਾਈ

Thursday, Oct 10, 2024 - 05:05 PM (IST)

ਹਰਿਆਣਾ ’ਚ ਭਾਜਪਾ ਦੀ ਜਿੱਤ ਦੀ ਰਣਨੀਤੀ ਅਮਿਤ ਸ਼ਾਹ ਤੇ ਧਰਮਿੰਦਰ ਪ੍ਰਧਾਨ ਨੇ ਬਣਾਈ

ਨੈਸ਼ਨਲ ਡੈਸਕ- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਲਗਾਤਾਰ ਤੀਜੀ ਵਾਰ ਹਰਿਆਣਾ ਵਿਚ ਜਿੱਤ ਦਰਜ ਕਰ ਕੇ ਇਤਿਹਾਸ ਰਚ ਦਿੱਤਾ ਹੈ। ਸਿਆਸੀ ਪੰਡਤਾਂ ਤੋਂ ਲੈ ਕੇ ਸਾਰੇ ਸਰਵੇਖਣ ਭਾਜਪਾ ਦੀ ਵਿਦਾਈ ਦੀ ਗੱਲ ਕਰ ਰਹੇ ਸਨ ਪਰ ਹੋਰ ਕਾਰਨਾਂ ਦੇ ਨਾਲ-ਨਾਲ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਧਰਮਿੰਦਰ ਪ੍ਰਧਾਨ ਦੀ ਰਣਨੀਤੀ ਕਾਰਨ ਪਾਰਟੀ ਨੇ ਇਸ ਸੂਬੇ ਵਿਚ ਬਾਜੀ ਪਲਟ ਦਿੱਤੀ।

ਇਸ ਵਿਧਾਨ ਸਭਾ ਚੋਣਾਂ ਵਿਚ ਭਾਜਪਾ 27 ਮੌਜੂਦਾ ਸੀਟਾਂ ਬਚਾਉਣ ਵਿਚ ਕਾਮਯਾਬ ਰਹੀ ਹੈ ਤਾਂ 22 ਨਵੀਆਂ ਸੀਟਾਂ ਵੀ ਜਿੱਤੀਆਂ ਹਨ। ਇਨ੍ਹਾਂ ਵਿਚੋਂ 9 ਨਵੀਆਂ ਸੀਟਾਂ ਜਾਟਾਂ ਦੇ ਗੜ੍ਹ ’ਚੋਂ ਜਿੱਤੀਆਂ ਹਨ। ਇਸ ਦੇ ਨਾਲ ਹੀ ਹਰਿਆਣਾ ਦੇ 57 ਸਾਲਾਂ ਦੇ ਇਤਿਹਾਸ ਵਿਚ ਭਾਜਪਾ ਪਹਿਲੀ ਪਾਰਟੀ ਹੈ ਜੋ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਅਮਿਤ ਸ਼ਾਹ ਨੇ ਹਰਿਆਣਾ ਲਈ ਬੂਥ ਪੱਧਰ ਦੀ ਰਣਨੀਤੀ ਤਿਆਰ ਕੀਤੀ ਸੀ। ਇਸ ਤੋਂ ਇਲਾਵਾ ਪਾਰਟੀ ਨੇ ਆਪਣੇ ਵਰਕਰਾਂ ਨੂੰ ‘ਜਦੋਂ ਤੱਕ ਨਤੀਜੇ ਨਾ ਆ ਜਾਣ ਓਦੋਂ ਤੱਕ ਹਾਰ ਨਾ ਮੰਨਣ’ ਦੀ ਰਣਨੀਤੀ ’ਤੇ ਕੰਮ ਕਰਨ ਲਈ ਕਿਹਾ ਸੀ।

ਇਸ ਤੋਂ ਇਲਾਵਾ ਸੂਬੇ ਲਈ ਚੋਣ ਇੰਚਾਰਜ ਬਣਾਏ ਗਏ ਧਰਮਿੰਦਰ ਪ੍ਰਧਾਨ ਨੇ ਸੱਤਾ ਵਿਰੋਧੀ ਲਹਿਰ ਨੂੰ ਖਤਮ ਕਰਨ ਲਈ ਸਭ ਤੋਂ ਵੱਡੇ ਨੇਤਾ ਦੀ ਟਿਕਟ ਕੱਟਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਇਸ ਕਾਰਨ ਵੋਟਾਂ ਤੋਂ ਪਹਿਲਾਂ ਸੂਬੇ ਵਿਚ ਵੱਡੇ ਪੱਧਰ ’ਤੇ ਬਗਾਵਤ ਦੇਖਣ ਨੂੰ ਮਿਲੀ ਪਰ ਆਖਰਕਾਰ ਇਹ ਰਣਨੀਤੀ ਕਾਮਯਾਬ ਰਹੀ। ਇੰਨਾ ਹੀ ਨਹੀਂ ਪ੍ਰਧਾਨ ਦੀ ਟੀਮ ਨੇ 25 ਉਮੀਦਵਾਰਾਂ ਦੀਆਂ ਟਿਕਟਾਂ ਬਦਲੀਆਂ ਸਨ, ਜਿਨ੍ਹਾਂ ’ਚੋਂ 16 ਉਮੀਦਵਾਰ ਜੇਤੂ ਰਹੇ। ਸਾਫ਼ ਹੈ ਕਿ ਭਾਜਪਾ ਦਾ ਟਿਕਟ ਬਦਲਣ ਦਾ ਫਾਰਮੂਲਾ ਕੰਮ ਕਰ ਗਿਆ। ਭਾਜਪਾ ਨੇ ਚੋਣਾਂ ਦੌਰਾਨ ਕਾਂਗਰਸ ਦੇ ਜਮਾਨੇ ਦੀ ਯਾਦ ਦਿਵਾਉਂਦੇ ਹੋਏ ‘ਪਰਚੀ-ਖਰਚੀ’ ਦਾ ਮੁੱਦਾ ਉਠਾਇਆ। ਭਾਜਪਾ ਨੇ ਵੀ ਬਿਨਾਂ ਪਰਚੀ ਤੇ ਬਿਨਾਂ ਖਰਚੀ ਨੌਕਰੀ ਦੇਣ ਦਾ ਚੋਣ ਨਾਅਰਾ ਦਿੱਤਾ।

ਇਸ ਮੁੱਦੇ ਦਾ ਨਾ ਸਿਰਫ ਸਥਾਨਕ ਨੇਤਾਵਾਂ ਨੇ ਆਪਣੇ ਭਾਸ਼ਣਾਂ ਵਿਚ ਜ਼ਿਕਰ ਕੀਤਾ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਵੀ ਆਪਣੀਆਂ ਰੈਲੀਆਂ ਵਿਚ ਇਸ ਮੁੱਦੇ ’ਤੇ ਵਿਸਥਾਰ ਨਾਲ ਗੱਲ ਕੀਤੀ। ਨੌਜਵਾਨਾਂ ਦੇ ਮਨ ਵਿਚ ਇਹ ਗੱਲ ਬੈਠ ਗਈ।

ਸਵਰਣ ਵੋਟਾਂ ਨੂੰ ਲੈ ਕੇ ਭਾਜਪਾ ਸੀ ਆਸਵੰਦ : ਰਾਜ ਵਿਚ ਇਸ ਉਲਟਫੇਰ ਦੇ ਪਿੱਛੇ ਦਾ ਕਾਰਨ ਗੈਰ-ਜਾਟ ਵੋਟਾਂ ਦੇ ਧਰੁਵੀਕਰਨ ਨੂੰ ਵੀ ਮੰਨਿਆ ਜਾ ਰਿਹਾ ਹੈ। ਹਰਿਆਣਾ ਵਿਚ 36 ਤੋਂ ਵੱਧ ਭਾਈਚਾਰੇ ਹਨ ਅਤੇ ਇਨ੍ਹਾਂ ਵਿਚ ਸਭ ਤੋਂ ਵੱਧ ਆਬਾਦੀ ਜਾਟਾਂ ਦੀ ਹੈ। ਭਾਜਪਾ ਨੇ ਇੱਥੇ ਗੈਰ-ਜਾਟ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ। ਸਵਰਣਾਂ ਦੀ ਪਾਰਟੀ ਮੰਨੀ ਜਾਣ ਵਾਲੀ ਭਾਜਪਾ ਨੂੰ ਬ੍ਰਾਹਮਣ, ਬਾਣੀਆ, ਪੰਜਾਬੀ ਅਤੇ ਰਾਜਪੂਤ ਵੋਟਾਂ ਦਾ ਵੀ ਭਰੋਸਾ ਸੀ।

ਹਰਿਆਣਾ ਤੋਂ ਬਾਅਦ ਹੁਣ ਮਹਾਰਾਸ਼ਟਰ ’ਤੇ ਭਾਜਪਾ ਦੀ ਨਜ਼ਰ, ਮਰਾਠਾ ਮੁਕਾਬਲੇ ਲਈ ਪਾਰਟੀ ਦੀ ਕੀ ਹੈ ਰਣਨੀਤੀ?

ਭਾਜਪਾ ਨੂੰ ਇਸ ਵਾਰ ਦਲਿਤਾਂ ਦਾ ਵੀ ਖੂਬ ਸਾਥ ਮਿਲਿਆ। ਭਾਜਪਾ ਨੇ ਪੱਛੜੇ ਅਤੇ ਦਲਿਤ ਵੋਟ ਬੈਂਕ ਨੂੰ ਆਪਣੇ ਪੱਖ ਵਿਚ ਕਰਨ ਦੀ ਕੋਸ਼ਿਸ਼ ਕੀਤੀ। ਹਰਿਆਣਾ ਵਿਚ ਅਨੁਸੂਚਿਤ ਜਾਤੀਆਂ (ਐੱਸ. ਸੀ.) ਦੀ ਕੁੱਲ ਆਬਾਦੀ ਲੱਗਭਗ 20 ਫੀਸਦੀ ਹੈ ਅਤੇ ਐੱਸ. ਸੀ. ਭਾਈਚਾਰੇ ਲਈ ਕੁੱਲ 17 ਸੀਟਾਂ ਰਾਖਵੀਆਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 17 ਵਿਚੋਂ 4 ਸੀਟਾਂ ਜਿੱਤੀਆਂ ਸਨ। ਜਦਕਿ ਇਸ ਵਾਰ ਭਾਜਪਾ ਐੱਸ. ਸੀ. ਲਈ ਰਾਖਵੀਆਂ ਸੀਟਾਂ ਵਿਚ 7 ’ਤੇ ਜਿੱਤੀ ਹੈ। ਇੰਨਾ ਹੀ ਨਹੀਂ ਕਾਂਗਰਸ ਸੰਸਦ ਮੈਂਬਰ ਕੁਮਾਰੀ ਸੈਲਜਾ ਬਾਰੇ ਕਥਿਤ ਭੂਪਿੰਦਰ ਹੁੱਡਾ ਸਮਰਥਕ ਦੀ ਗਲਤ ਟਿੱਪਣੀ ਨੇ ਇਕ ਖਾਸ ਵਰਗ ਨੂੰ ਨਾਰਾਜ਼ ਕਰ ਦਿੱਤਾ। ਕੁਮਾਰੀ ਸ਼ੈਲਜਾ ਨੇ ਖੁਦ ਕਰੀਬ 12 ਦਿਨ ਚੁੱਪ ਧਾਰੀ ਰੱਖੀ। ਭਾਜਪਾ ਨੇ ਇਸ ਮੁੱਦੇ ਨੂੰ ਦਲਿਤ ਅਪਮਾਨ ਨਾਲ ਜੋੜਿਆ ਅਤੇ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ। ਬਾਅਦ ਵਿਚ ਉਨ੍ਹਾਂ ਰਾਹੁਲ ਗਾਂਧੀ ਨਾਲ ਮੰਚ ਸਾਂਝਾ ਕੀਤਾ। ਉਸ ਨੇ ਖੁਦ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਮਜ਼ਬੂਤ ​​ਦਾਅਵੇਦਾਰ ਦੱਸ ਚੁੱਕੀ ਹੈ।

ਰਾਹੁਲ-ਪ੍ਰਿਅੰਕਾ ਨੇ ਕੀਤੀਆਂ ਸਨ 70 ਰੈਲੀਆਂ

ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 150 ਤੋਂ ਵੱਧ ਰੈਲੀਆਂ ਕੀਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 4 ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 10 ਰੈਲੀਆਂ ਕੀਤੀਆਂ ਗਈਆਂ। ਮੋਦੀ ਨੇ ਆਪਣੀਆਂ 4 ਰੈਲੀਆਂ ਨਾਲ 20 ਸੀਟਾਂ ਕਵਰ ਕੀਤੀਆਂ। ਦੂਜੇ ਪਾਸੇ, ਕਾਂਗਰਸ ਵੱਲੋਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਸਮੇਤ ਸਿਰਫ਼ 70 ਰੈਲੀਆਂ ਹੀ ਕੀਤੀਆਂ ਹਨ।


author

Tanu

Content Editor

Related News