ਅਮਰਨਾਥ ਯਾਤਰਾ ਲਈ ਆਫ਼ਲਾਈਨ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ
Monday, Jun 30, 2025 - 11:34 AM (IST)

ਜੰਮੂ- ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ ਅਤੇ ਜਿਨ੍ਹਾਂ ਸ਼ਰਧਾਲੂਆਂ ਨੇ ਅਜੇ ਤੱਕ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ, ਉਨ੍ਹਾਂ ਲਈ ਆਫ਼ਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਪ੍ਰਸ਼ਾਸਨ ਵਲੋਂ ਬਣਾਏ ਗਏ ਕੇਂਦਰਾਂ 'ਤੇ ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਣ ਨਾਲ ਵੱਡੀ ਗਿਣਤੀ ਵਿਚ ਸ਼ਰਧਾਲੂ ਵਿਸ਼ੇਸ਼ ਕੇਂਦਰਾਂ 'ਤੇ ਪਹੁੰਚ ਰਹੇ ਹਨ। ਯਾਤਰਾ 3 ਜੁਲਾਈ ਨੂੰ ਬਾਲਟਾਲ ਅਤੇ ਪਹਿਲਗਾਮ ਮਾਰਗਾਂ ਤੋਂ ਸ਼ੁਰੂ ਹੋਵੇਗੀ।
ਰਜਿਸਟ੍ਰੇਸ਼ਨ ਲਈ ਕੇਂਦਰ 'ਤੇ ਆਏ ਇਕ ਸ਼ਰਧਾਲੂ ਨੇ ਕਿਹਾ, "ਲੋਕ ਇਸ ਵਾਰ ਉਤਸ਼ਾਹਿਤ ਹਨ। (ਪਹਿਲਗਾਮ ਹਮਲੇ ਕਾਰਨ) ਕੋਈ ਡਰ ਨਹੀਂ ਹੈ। ਪ੍ਰਬੰਧ ਵਧੀਆ ਹਨ। ਪ੍ਰਸ਼ਾਸਨ ਸਾਡੇ ਨਾਲ ਹੈ।" ਇਕ ਹੋਰ ਸ਼ਰਧਾਲੂ ਨੇ ਅੱਗੇ ਕਿਹਾ, "ਤੁਸੀਂ ਲੋਕਾਂ ਵਿਚ ਉਤਸ਼ਾਹ ਦੇਖ ਸਕਦੇ ਹੋ। ਮੈਨੂੰ ਅਮਰਨਾਥ ਵਿਚ ਵਿਸ਼ਵਾਸ ਹੈ। ਉਹ (ਅੱਤਵਾਦੀ) ਜੋ ਚਾਹੇ ਕਰ ਸਕਦੇ ਹਨ, ਇਸ ਦਾ ਸਾਡੇ 'ਤੇ ਕੋਈ ਅਸਰ ਨਹੀਂ।'' ਅਮਰਨਾਥ ਯਾਤਰਾ ਤੋਂ ਪਹਿਲਾਂ ਸੀ. ਆਰ. ਪੀ. ਐਫ (ਕੇਂਦਰੀ ਰਿਜ਼ਰਵ ਪੁਲਸ ਫੋਰਸ) ਨੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ (ਐੱਨ.ਐੱਚ-44) ਦੇ ਨਾਲ ਇਕ ਮਜ਼ਬੂਤ ਬਹੁ-ਪੱਧਰੀ ਸੁਰੱਖਿਆ ਯੋਜਨਾ ਤਿਆਰ ਕੀਤੀ ਹੈ। ਜੰਮੂ-ਸ਼੍ਰੀਨਗਰ ਰਾਜਮਾਰਗ ਹਜ਼ਾਰਾਂ ਸ਼ਰਧਾਲੂਆਂ ਲਈ ਮਹੱਤਵਪੂਰਨ ਮਾਰਗਾਂ ਵਿਚੋਂ ਇਕ ਹੈ।
ਸੀ. ਆਰ. ਪੀ. ਐਫ ਨੇ ਨਿਗਰਾਨੀ ਤੇਜ਼ ਕਰ ਦਿੱਤੀ ਹੈ। ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਦੇ ਨਾਲ ਆਪਣੇ ਕਰਮੀਆਂ ਦੇ ਨਾਲ ਕੇ-9 (ਕੁੱਤੇ) ਦਸਤੇ ਤਾਇਨਾਤ ਕੀਤੇ ਹਨ, ਜੋ ਕਿ ਹਜ਼ਾਰਾਂ ਸ਼ਰਧਾਲੂਆਂ ਵਲੋਂ ਵਰਤਿਆ ਜਾਣ ਵਾਲਾ ਇਕ ਮੁੱਖ ਰਸਤਾ ਹੈ। ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ 2 ਜੁਲਾਈ, 2025 ਨੂੰ ਜੰਮੂ ਬੇਸ ਕੈਂਪ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ, ਜਦੋਂ ਕਿ ਯਾਤਰਾ ਅਧਿਕਾਰਤ ਤੌਰ 'ਤੇ 3 ਜੁਲਾਈ, 2025 ਨੂੰ ਬਾਲਟਾਲ ਅਤੇ ਪਹਿਲਗਾਮ ਦੋਵਾਂ ਰੂਟਾਂ ਰਾਹੀਂ ਸ਼ੁਰੂ ਹੋਵੇਗੀ।