ਹਰਿਆਣਾ ਗੁਰਦੁਆਰਾ ਕਮੇਟੀ 'ਚ ਵੱਡਾ ਉਲਟਫੇਰ, ਹੁਣ ਜਗਦੀਸ਼ ਸਿੰਘ ਝੀਂਡਾ ਨਹੀਂ ਇਹ ਆਗੂ ਹੋਣਗੇ ਪ੍ਰਧਾਨ

Thursday, Oct 06, 2022 - 10:31 AM (IST)

ਕਰਨਾਲ (ਰਾਕੇਸ਼)- ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਹਲਚਲ ਫਿਰ ਤੇਜ਼ ਹੋ ਗਈ ਹੈ। ਬੁੱਧਵਾਰ ਕਰਨਾਲ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਾਹਿਬ ਵਿਖੇ ਦੋ ਤਿਹਾਈ ਕਮੇਟੀ ਮੈਂਬਰਾਂ ਨੇ ਮੀਟਿੰਗ ਕੀਤੀ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਨਿਯੁਕਤ ਕੀਤੇ ਗਏ ਜਗਦੀਸ਼ ਸਿੰਘ ਝੀਂਡਾ ਨੂੰ ਅਹੁਦੇ ਤੋਂ ਹਟਾਉਣ ਦੀ ਗੱਲ ਕੀਤੀ। ਇਸ ਸਬੰਧੀ ਕਮੇਟੀ ਨੇ ਆਪਣਾ ਮਤਾ ਪਾਸ ਕੀਤਾ। ਜਗਦੀਸ਼ ਸਿੰਘ ਝੀਂਡਾ ਦੀ ਥਾਂ ’ਤੇ ਮੈਂਬਰਾਂ ਨੇ ਸਰਬਸੰਮਤੀ ਨਾਲ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯੂਥ ਵਿੰਗ ਦੇ ਮੁਖੀ ਅਮਰਿੰਦਰ ਸਿੰਘ ਅਰੋੜਾ ਨੂੰ ਵਾਗਡੋਰ ਸੌਂਪ ਦਿੱਤੀ। ਮੀਟਿੰਗ ਵਿੱਚ ਕਰਨੈਲ ਸਿੰਘ ਨਿਮਨਾਬਾਦ, ਨਰਵੈਲ ਸਿੰਘ, ਜਗਵੀਰ ਸਿੰਘ, ਚੰਦੀਪ ਸਿੰਘ, ਸਤਪਾਲ ਸਿੰਘ ਪਿਹੋਵਾ, ਹਰਭਜਨ ਸਿੰਘ ਤੇ ਅਮਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।

ਇਹ ਵੀ ਪੜ੍ਹੋ : ਦਾਦੂਵਾਲ ਦੀ SGPC ਦੇ ਪ੍ਰਧਾਨ ਧਾਮੀ ਨੂੰ ਖ਼ਾਸ ਅਪੀਲ, ਕਿਹਾ- ਖ਼ੁਦ ਸਾਨੂੰ ਸੌਂਪਣ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ

ਮੈਂਬਰਾਂ ਨੇ ਕਿਹਾ ਕਿ ਅਮਰਿੰਦਰ ਸਿੰਘ ਅਰੋੜਾ ਨੇ ਜਗਦੀਸ਼ ਸਿੰਘ ਝੀਂਡਾ ਨੂੰ ਕਮਾਂਡ ਸੌਂਪੀ ਸੀ ਪਰ ਮੈਂਬਰ ਝੀਂਡਾ ਦੇ ਨਾਂ ’ਤੇ ਸਹਿਮਤ ਨਹੀਂ ਹੋਏ। ਉਹ ਅਮਰਿੰਦਰ ਸਿੰਘ ਅਰੋੜਾ ਨੂੰ ਪਹਿਲਾਂ ਵੀ ਪ੍ਰਧਾਨ ਬਣਾਉਣਾ ਚਾਹੁੰਦੇ ਸਨ। ਵੱਡੀ ਗੱਲ ਇਹ ਰਹੀ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 11 ਕਾਰਜਕਾਰਨੀ ਮੈਂਬਰਾਂ ਵਿਚੋਂ 8 ਮੈਂਬਰ ਮੌਕੇ ’ਤੇ ਮੌਜੂਦ ਸਨ ਜਿਨ੍ਹਾਂ ਨੇ ਮਤੇ ’ਤੇ ਦਸਤਖ਼ਤ ਕੀਤੇ ਹਨ | ਇਸ ਤੋਂ ਇਲਾਵਾ ਕਮੇਟੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਵੀ ਪੱਤਰ ਭੇਜਿਆ ਹੈ, ਜਿਸ ਵਿਚ ਜਗਦੀਸ਼ ਸਿੰਘ ਝੀਂਡਾ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇ ਤੋਂ ਹਟਾਉਣ ਦੀ ਗੱਲ ਕਹੀ ਗਈ ਹੈ। ਇਸ ਸਬੰਧੀ ਜਗਦੀਸ਼ ਸਿੰਘ ਝੀਂਡਾ ਨਾਲ ਮੋਬਾਈਲ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫ਼ੋਨ ਅਟੈਂਡ ਨਹੀਂ ਕੀਤਾ।

ਅਮਰਿੰਦਰ ਜਲਦੀ ਸੰਭਾਲਣਗੇ ਹਰਿਆਣਾ ਦੇ ਗੁਰਦੁਆਰਿਆਂ ਦੀ ਕਮਾਨ

ਪ੍ਰਧਾਨ ਬਣਨ ਤੋਂ ਬਾਅਦ ਅਮਰਿੰਦਰ ਸਿੰਘ ਅਰੋੜਾ ਨੇ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕਮੇਟੀ ਦੇ ਗਠਨ ਵਿੱਚ ਮੁੱਖ ਮੰਤਰੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੂੰ ਆਸ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕਰਨਗੇ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਹਰਿਆਣਾ ਦੇ ਗੁਰਦੁਆਰਿਆਂ ਦੀ ਕਮਾਨ ਸੰਭਾਲੀ ਜਾਵੇਗੀ। ਉਨ੍ਹਾਂ ਕਮੇਟੀ ਦੇ ਸਾਰੇ 33 ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੇਰੇ ’ਤੇ ਜੋ ਭਰੋਸਾ ਪ੍ਰਗਟਾਇਆ ਹੈ, ਉਹ ਉਸ ’ਤੇ ਖਰਾ ਉਤਰਨਗੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News