ਅਕਬਰ-ਹੁਮਾਯੂੰ ਰੋਡ ਦੇ ਸਾਈਨ ਬੋਰਡ ''ਤੇ ਮਲੀ ਕਾਲਖ, ਸ਼ਿਵਾਜੀ ਦੇ ਚਿਪਕਾਏ ਪੋਸਟਰ
Saturday, Feb 22, 2025 - 05:04 PM (IST)

ਨਵੀਂ ਦਿੱਲੀ- ਅਕਬਰ ਰੋਡ ਅਤੇ ਹੁਮਾਯੂੰ ਰੋਡ 'ਤੇ ਲੱਗੇ ਸਾਈਨ ਬੋਰਡਾਂ 'ਤੇ ਕਾਲਖ ਮਲੀ ਗਈ ਅਤੇ ਉਨ੍ਹਾਂ 'ਤੇ ਛਤਰਪਤੀ ਸ਼ਿਵਾਜੀ ਦੇ ਪੋਸਟਰ ਚਿਪਕਾਏ ਗਏ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੁਝ ਲੋਕਾਂ ਨੇ ਵਿੱਕੀ ਕੌਸ਼ਲ ਅਭਿਨੀਤ ਹਿੰਦੀ ਫਿਲਮ 'ਛਾਵਾ' ਦੇਖੀ। ਇਹ ਮਰਾਠਾ ਯੋਧਾ ਰਾਜਾ ਛਤਰਪਤੀ ਸੰਭਾਜੀ 'ਤੇ ਆਧਾਰਿਤ ਫਿਲਮ ਹੈ।
ਇਸ ਦੀਆਂ ਕਈ ਵੀਡੀਓਜ਼ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਾਹਮਣੇ ਆਈਆਂ ਹਨ, ਜਿਸ 'ਚ ਕੁਝ ਨੌਜਵਾਨ ਸਾਈਨ ਬੋਰਡਾਂ 'ਤੇ ਕਾਲਖ ਮਲਦੇ ਹੋਏ ਅਤੇ ਮਰਾਠਾ ਸਾਮਰਾਜ ਦੇ ਸੰਸਥਾਪਕ ਸ਼ਿਵਾਜੀ ਦੀਆਂ ਤਸਵੀਰਾਂ ਚਿਪਕਾਉਂਦੇ ਦਿਖਾਈ ਦੇ ਰਹੇ ਹਨ। ਸ਼ਿਵਾਜੀ ਦਾ ਪੁੱਤਰ ਸੰਭਾਜੀ ਸਾਮਰਾਜ ਦਾ ਦੂਜਾ ਰਾਜਾ ਸੀ। ਸੂਤਰਾਂ ਨੇ ਦੱਸਿਆ ਕਿ ਪੁਲਸ ਟੀਮ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਤੁਰੰਤ ਮੌਕੇ ’ਤੇ ਭੇਜਿਆ ਗਿਆ ਅਤੇ ਨੁਕਸਾਨੇ ਗਏ ਬੋਰਡ ਦੀ ਸਫ਼ਾਈ ਕਰਵਾਈ ਗਈ।
ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਨ ਲਈ ਸੀ. ਸੀ. ਟੀ. ਵੀ ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਹੈ। ਪੁਲਸ ਭੰਨ-ਤੋੜ ਨੂੰ ਰੋਕਣ ਅਤੇ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ।