ਹਵਾ 'ਚ ਡੋਲ ਗਿਆ ਏਅਰ ਇੰਡੀਆ ਦਾ ਜਹਾਜ਼, ਲੱਗੇ ਜ਼ਬਰਦਸਤ ਝਟਕੇ, ਕਈ ਯਾਤਰੀ ਜ਼ਖ਼ਮੀ
Tuesday, Aug 04, 2026 - 01:55 PM (IST)
ਨਵੀਂ ਦਿੱਲੀ- ਫੂਕੇਟ ਤੋਂ ਦਿੱਲੀ ਆ ਰਿਹਾ ਏਅਰ ਇੰਡੀਆ ਦਾ ਇਕ ਜਹਾਜ਼ ਮੰਗਲਵਾਰ ਨੂੰ ਹਵਾ ਵਿਚ ਟਰਬੂਲੈਂਸ (ਹਵਾ ਵਿਚ ਲੱਗਣ ਵਾਲੇ ਝਟਕਿਆਂ) ਵਿਚ ਫਸ ਗਿਆ, ਜਿਸ ਨਾਲ ਉਸ ਵਿਚ ਸਵਾਰ 15 ਲੋਕ ਜ਼ਖ਼ਮੀ ਹੋ ਗਏ। ਜਹਾਜ਼ ਅਚਾਨਕ 300 ਫੁੱਟ ਹੇਠਾਂ ਆ ਗਿਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਏਅਰ ਇੰਡੀਆ ਨੇ ਦੱਸਿਆ ਕਿ ਫੂਕੇਟ ਤੋਂ ਦਿੱਲੀ ਆ ਰਹੀ ਉਸ ਦੀ ਹਵਾਈ ਸੇਵਾ ‘ਏ. ਆਈ. 2379’ ਨਿਰਧਾਰਿਤ ਉੱਚਾਈ ’ਤੇ ਉਡਾਣ ਦੌਰਾਨ ਕੁਝ ਸਮੇਂ ਲਈ ਅਸੰਤੁਲਿਤ ਹੋ ਗਈ।
ਜਹਾਜ਼ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਜਹਾਜ਼ ਦਿੱਲੀ ਵਿਚ ਸੁਰੱਖਿਅਤ ਉਤਰ ਗਿਆ ਅਤੇ ਸਾਰੇ ਯਾਤਰੀ ਤੇ ਚਾਲਕ ਦਲ ਦੇ ਮੈਂਬਰ ਸਹੀ-ਸਲਾਮਤ ਜਹਾਜ਼ ਤੋਂ ਬਾਹਰ ਆ ਗਏ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਜ਼ਖ਼ਮੀਆਂ ਵਿਚ 13 ਯਾਤਰੀ ਅਤੇ ਚਾਲਕ ਦਲ ਦੇ 2 ਮੈਂਬਰ ਸ਼ਾਮਲ ਹਨ। ਹਾਲਾਂਕਿ ਏਅਰ ਇੰਡੀਆ ਨੇ ਕਿਹਾ ਕਿ ਕਿਸੇ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।
ਬਿਆਨ ਵਿਚ ਕਿਹਾ ਗਿਆ ਕਿ ਮਾਮੂਲੀ ਤੌਰ ’ਤੇ ਜ਼ਖ਼ਮੀ ਕੁਝ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸਾਵਧਾਨੀ ਵਜੋਂ ਜਾਂਚ ਅਤੇ ਇਲਾਜ ਲਈ ਏਅਰ ਇੰਡੀਆ ਦੀ ਟੀਮ ਅਤੇ ਮੈਡੀਕਲ ਅਮਲੇ ਵੱਲੋਂ ਹਵਾਈ ਅੱਡੇ ਦੀ ਮੈਡੀਕਲ ਸੁਵਿਧਾ ਵਿਚ ਲਿਜਾਇਆ ਗਿਆ। ਜਹਾਜ਼ ਵਿਚ ਸਵਾਰ ਯਾਤਰੀਆਂ ਦੀ ਕੁੱਲ ਗਿਣਤੀ ਦਾ ਤੁਰੰਤ ਪਤਾ ਨਹੀਂ ਚੱਲ ਸਕਿਆ ਹੈ।
ਜਹਾਜ਼ ਦੀ ਛੱਤ ’ਚ ਪਈਆਂ ਤਰੇੜਾਂ
ਏਅਰ ਇੰਡੀਆ ਦੇ ਜਹਾਜ਼ ਦੀ ਛੱਤ ਵਿਚ ਤਰੇੜਾਂ ਪੈ ਗਈਆਂ ਹਨ। ਯਾਤਰੀਆਂ ਨੇ ਜਹਾਜ਼ ਦੇ ਅੰਦਰ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਜਹਾਜ਼ ਦੀ ਛੱਤ ਵਿਚ ਤਰੇੜਾਂ ਦਿਖਾਈ ਦੇ ਰਹੀਆਂ ਹਨ। ਉੱਧਰ, ਘਟਨਾ ਤੋਂ ਬਾਅਦ ਡੀ. ਜੀ. ਸੀ. ਏ. ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀ. ਜੀ. ਸੀ. ਏ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਾਇਲਟ ਨੇ ਰਿਪੋਰਟ ਵਿਚ ਇਕ ਕੈਬਿਨ ਕਰੂ ਮੈਂਬਰ ਦੇ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ ਹੈ। ਜਾਂਚ ਵਿਚ ਪਤਾ ਲਾਇਆ ਜਾਵੇਗਾ ਕਿ ਟਰਬੂਲੈਂਸ ਦੀ ਤੀਬਰਤਾ ਕਿੰਨੀ ਸੀ ਅਤੇ ਸੁਰੱਖਿਆ ਪ੍ਰਕਿਰਿਆਵਾਂ ਦਾ ਪਾਲਣ ਕਿਸ ਤਰ੍ਹਾਂ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
