ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਵੱਡਾ ਐਲਾਨ ! Air India ਨੇ ਯਾਤਰੀਆਂ ਨੂੰ ਦਿੱਤਾ ਝਟਕਾ
Sunday, May 03, 2026 - 11:21 AM (IST)
ਨਵੀਂ ਦਿੱਲੀ- ਮਿਡਲ ਈਸਟ ਜੰਗ ਕਾਰਨ ਅਸਮਾਨੀਂ ਚੜ੍ਹਦੀਆਂ ਤੇਲ ਦੀਆਂ ਕੀਮਤਾਂ ਨੇ ਹੁਣ ਹਵਾਈ ਸਫ਼ਰ 'ਤੇ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਇਸੇ ਦੌਰਾਨ ਭਾਰਤ ਦੀ ਪ੍ਰਮੁੱਖ ਏਅਰਲਾਈਨ ਏਅਰ ਇੰਡੀਆ ਨੇ ਐਲਾਨ ਕੀਤਾ ਹੈ ਕਿ ਉਹ ਜੂਨ ਅਤੇ ਜੁਲਾਈ ਮਹੀਨੇ ਦੌਰਾਨ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ 'ਚ ਕਟੌਤੀ ਕਰਨ ਜਾ ਰਹੀ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਮਿਡਲ ਈਸਟ 'ਚ ਅਮਰੀਕਾ-ਇਰਾਨ ਦੀ ਜੰਗ ਕਾਰਨ ਹਵਾਈ ਖੇਤਰ 'ਤੇ ਲੱਗੀਆਂ ਪਾਬੰਦੀਆਂ ਨੇ ਏਅਰਲਾਈਨ ਦੇ ਸੰਚਾਲਨ ਨੂੰ ਬੇਹੱਦ ਮਹਿੰਗਾ ਅਤੇ ਚੁਣੌਤੀਪੂਰਨ ਬਣਾ ਦਿੱਤਾ ਹੈ।
ਜੰਗ ਕਾਰਨ ਏਵੀਏਸ਼ਨ ਟਰਬਾਈਨ ਫਿਊਲ (ATF) ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਆਮ ਤੌਰ 'ਤੇ ਏਅਰਲਾਈਨ ਦੇ ਕੁੱਲ ਖਰਚੇ ਦਾ 30-40 ਫ਼ੀਸਦੀ ਹਿੱਸਾ ਤੇਲ 'ਤੇ ਹੁੰਦਾ ਸੀ, ਜੋ ਹੁਣ ਵਧ ਕੇ 55-60 ਫ਼ੀਸਦੀ ਤੱਕ ਪਹੁੰਚ ਗਿਆ ਹੈ। ਪੱਛਮੀ ਏਸ਼ੀਆ ਵਿੱਚ ਜਾਰੀ ਸੰਘਰਸ਼ ਕਾਰਨ ਕਈ ਹਵਾਈ ਰਸਤੇ ਬੰਦ ਹਨ, ਜਿਸ ਕਰਕੇ ਏਅਰ ਇੰਡੀਆ ਨੂੰ ਲੰਬੇ ਰਸਤਿਆਂ ਦੀ ਵਰਤੋਂ ਕਰਨੀ ਪੈ ਰਹੀ ਹੈ। ਇਸ ਨਾਲ ਤੇਲ ਦੀ ਖ਼ਪਤ ਅਤੇ ਸੰਚਾਲਨ ਖਰਚਾ ਦੋਵੇਂ ਵਧ ਗਏ ਹਨ।
ਇਹ ਵੀ ਪੜ੍ਹੋ- ਜੰਗ 'ਚ ਸਾਥ ਨਾ ਦੇਣ ਵਾਲੇ ਯੂਰਪੀ ਦੇਸ਼ਾਂ ਤੋਂ ਖ਼ਫਾ ਹੋ ਗਏ ਟਰੰਪ ! ਵੱਡੀ ਕਾਰਵਾਈ ਦੀ ਕਰ ਰਹੇ ਤਿਆਰੀ
ਏਅਰ ਇੰਡੀਆ ਦੇ ਸੀ.ਈ.ਓ. ਕੈਂਪਬੈਲ ਵਿਲਸਨ ਨੇ ਕਿਹਾ ਹੈ ਕਿ ਮੌਜੂਦਾ ਹਾਲਾਤ ਵਿੱਚ ਕਈ ਅੰਤਰਰਾਸ਼ਟਰੀ ਰੂਟਾਂ 'ਤੇ ਉਡਾਣਾਂ ਚਲਾਉਣਾ ਹੁਣ ਫਾਇਦੇਮੰਦ ਨਹੀਂ ਰਿਹਾ। ਉਨ੍ਹਾਂ ਕਰਮਚਾਰੀਆਂ ਨੂੰ ਇਸ ਔਖੀ ਘੜੀ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਅੰਦਾਜ਼ਾ ਹੈ ਕਿ 31 ਮਾਰਚ 2026 ਨੂੰ ਖ਼ਤਮ ਹੋਏ ਵਿੱਤੀ ਸਾਲ ਵਿੱਚ ਏਅਰ ਇੰਡੀਆ ਗਰੁੱਪ ਨੂੰ 22,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਉਡਾਣਾਂ ਵਿੱਚ ਕਟੌਤੀ ਕਾਰਨ ਅੰਤਰਰਾਸ਼ਟਰੀ ਟਿਕਟਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਏਅਰਲਾਈਨ ਨੇ ਕਿਹਾ ਹੈ ਕਿ ਜਿਵੇਂ ਹੀ ਤੇਲ ਦੀਆਂ ਕੀਮਤਾਂ ਸਥਿਰ ਹੋਣਗੀਆਂ ਅਤੇ ਹਵਾਈ ਖੇਤਰ ਦੀਆਂ ਪਾਬੰਦੀਆਂ ਹਟਣਗੀਆਂ, ਉਡਾਣਾਂ ਨੂੰ ਮੁੜ ਪੁਰਾਣੀ ਸਥਿਤੀ ਵਿੱਚ ਲਿਆਂਦਾ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
