ਫਾਇਰ ਸਿਲੰਡਰ ਫਟਣ ਕਾਰਨ ਵਾਪਰਿਆ ਹਾਦਸਾ, ਅਗਨੀਵੀਰ ਦੀ ਮੌਤ

Saturday, Oct 05, 2024 - 05:35 PM (IST)

ਫਾਇਰ ਸਿਲੰਡਰ ਫਟਣ ਕਾਰਨ ਵਾਪਰਿਆ ਹਾਦਸਾ, ਅਗਨੀਵੀਰ ਦੀ ਮੌਤ

ਭਰਤਪੁਰ- ਰਾਜਸਥਾਨ ਦੇ ਭਰਤਪੁਰ 'ਚ ਸੇਵਰ ਥਾਣਾ ਖੇਤਰ ਦੇ ਗੋਲਪੁਰਾ ਆਰਮੀ ਫੀਲਡ 'ਚ ਮੌਕ ਡਰਿੱਲ ਕਰਦੇ ਸਮੇਂ ਫਾਇਰ ਫਾਈਟਿੰਗ ਸਿਲੰਡਰ ਫਟਣ ਨਾਲ ਗੰਭੀਰ ਰੂਪ 'ਚ ਜ਼ਖਮੀ ਹੋਏ ਅਗਨੀਵੀਰ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਮੁਤਾਬਕ ਸ਼ੁੱਕਰਵਾਰ ਦੁਪਹਿਰ ਨੂੰ ਆਰਮੀ ਬਟਾਲੀਅਨ ਦੇ ਟ੍ਰੇਨਿੰਗ ਕੈਂਪ ਦੌਰਾਨ ਇਕ ਅੱਗ ਬੁਝਾਉਣ ਦੀ ਮੌਕ ਡਰਿੱਲ ਕਰਦੇ ਸਮੇਂ ਫਾਇਰ ਸਿਲੰਡਰ ਫਟ ਗਿਆ। ਇਸ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਉੱਤਰ ਪ੍ਰਦੇਸ਼ ਦੇ ਕੰਨੌਜ ਦੇ ਰਹਿਣ ਵਾਲੇ 24 ਸਾਲਾ ਅਗਨੀਵੀਰ ਸੌਰਭ ਦੀ ਸ਼ਨੀਵਾਰ ਦੇਰ ਰਾਤ ਪ੍ਰਾਈਵੇਟ ਨਰਸਿੰਗ ਹੋਮ ਵਿਚ ਮੌਤ ਹੋ ਗਈ।

ਮ੍ਰਿਤਕ ਅਗਨੀਵੀਰ ਸੌਰਭ ਦੀ ਲਾਸ਼ ਦਾ ਸ਼ਨੀਵਾਰ ਨੂੰ ਪੋਸਟਮਾਰਟਮ ਉਸ ਦੇ ਪਿਤਾ ਦੀ ਮੌਜੂਦਗੀ 'ਚ ਜ਼ਿਲਾ ਆਰ. ਬੀ. ਐੱਮ ਹਸਪਤਾਲ 'ਚ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੌਕ ਡਰਿੱਲ ਕਰਦੇ ਸਮੇਂ ਜਵਾਨ ਸੌਰਭ ਨੇ ਫਾਇਰ ਫਾਈਟਿੰਗ ਸਿਲੰਡਰ ਨੂੰ ਉਲਟਾ ਜ਼ਮੀਨ 'ਤੇ ਸੁੱਟ ਦਿੱਤਾ, ਇਸ ਨਾਲ ਜ਼ੋਰਦਾਰ ਧਮਾਕਾ ਹੋਇਆ ਅਤੇ ਸਿਲੰਡਰ ਫਟ ਗਿਆ।

ਸਿਲੰਡਰ ਦੇ ਟੁਕੜੇ ਜਵਾਨ ਦੀ ਛਾਤੀ ਵਿਚ ਵੱਜੇ। ਅਧਿਕਾਰੀਆਂ ਅਤੇ ਸਾਥੀ ਸਿਪਾਹੀਆਂ ਨੇ ਉਸ ਨੂੰ ਗੰਭੀਰ ਹਾਲਤ 'ਚ ਮੁਖਰਜੀ ਨਗਰ, ਭਰਤਪੁਰ ਸਥਿਤ ਇਕ ਪ੍ਰਾਈਵੇਟ ਨਰਸਿੰਗ ਹੋਮ 'ਚ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਅਗਨੀਵੀਰ ਜਵਾਨ ਸੌਰਭ ਦੀ ਮੌਤ ਹੋ ਗਈ। ਸੌਰਭ ਇਕ ਸਾਲ ਪਹਿਲਾਂ 26 ਅਗਸਤ 2023 ਨੂੰ ਅਗਨੀਵੀਰ ਯੋਜਨਾ ਤਹਿਤ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ। ਉਹ ਅਣਵਿਆਹਿਆ ਸੀ। ਉਸ ਦੇ ਪਿਤਾ ਰਾਕੇਸ਼ ਪਾਲ ਖੇਤੀ ਕਰਦੇ ਹਨ। ਅੱਠ ਸਾਲ ਪਹਿਲਾਂ ਮਾਂ ਦਾ ਦਿਹਾਂਤ ਹੋ ਚੁੱਕਾ ਹੈ।


author

Tanu

Content Editor

Related News