ਸੰਸਦ ਮੈਂਬਰ ਭਰਤਹਰੀ ਮਹਿਤਾਬ ਦੀ ਸ਼ਾਹ ਨਾਲ ਮੁਲਾਕਾਤ ਪਿੱਛੋਂ ਬੀਜਦ ’ਚ ਹਲਚਲ
Wednesday, Jan 31, 2024 - 12:58 PM (IST)
ਨਵੀਂ ਦਿੱਲੀ- ਬਿਹਾਰ ਅਤੇ ਕੁਝ ਹੱਦ ਤੱਕ ਝਾਰਖੰਡ ’ਤੇ ਕਬਜ਼ਾ ਕਰਨ ਪਿੱਛੋਂ ਭਾਜਪਾ ਨੇ ਲੋਕ ਸਭਾ ਦੀਆਂ ਆਪਣੀਆਂ ਸੀਟਾਂ ਦੀ ਗਿਣਤੀ ਵਧਾਉਣ ਲਈ ਓਡਿਸ਼ਾ ਅਤੇ ਪੱਛਮੀ ਬੰਗਾਲ ’ਤੇ ਵੀ ਨਜ਼ਰ ਟਿਕਾਈ ਹੈ। ਇਸ ਸੰਦਰਭ ਵਿੱਚ ਜਦੋਂ ਬੀਜੂ ਜਨਤਾ ਦਲ ਦੇ ਸੰਸਦ ਮੈਂਬਰ ਭਰਤਹਰੀ ਮਹਿਤਾਬ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਵਾਸ ਵਿਖੇ ਗਏ ਤਾਂ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਤੇਜ਼ ਹੋ ਗਈਆਂ।
ਮਹਿਤਾਬ ਦਾ ਪੀ. ਐੱਮ. ਸਮੇਤ ਭਾਜਪਾ ਦੇ ਆਗੂਆਂ ਨਾਲ ਬਹੁਤ ਵਧੀਆ ਤਾਲਮੇਲ ਹੈ। ਕਟਕ ਦੇ ਸੰਸਦ ਮੈਂਬਰ ਨੂੰ ਉਨ੍ਹਾਂ ਵਲੋਂ ਸੰਪਾਦਿਤ ਇੱਕ ਰੋਜ਼ਾਨਾ ਅਖਬਾਰ ਵਿੱਚ ਆਪਣੀ ਪਾਰਟੀ ਦੀ ਆਲੋਚਨਾ ਕਰਨ ਲਈ ਬੀਜਦ ਲੀਡਰਸ਼ਿਪ ਦੇ ਗੁੱਸੇ ਦਾ ਪਹਿਲਾਂ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕੋਲੋਂ ਲੋਕ ਸਭਾ ਵਿੱਚ ਬੀਜਦ ਦੀ ਸੰਸਦੀ ਦਲ ਦੀ ਪ੍ਰਧਾਨਗੀ ਦਾ ਅਹੁਦਾ ਖੋਹ ਲਿਆ ਗਿਆ ਸੀ।
ਇਸ ’ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਸ਼ਾਹ ਨਾਲ ਮਹਿਤਾਬ ਦੀ ਮੁਲਾਕਾਤ ਨੇ ਬੀਜਦ ਨੂੰ ਪ੍ਰੇਸ਼ਾਨ ਕੀਤਾ ਹੈ ਪਰ ਉਨ੍ਹਾਂ ਨੇ ਇਹ ਕਹਿ ਕੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਸ਼ਾਹ ਦੀ ਪ੍ਰਧਾਨਗੀ ਵਾਲੀ ਰਾਜ ਭਾਸ਼ਾ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਹੋਏ ਸਨ, ਜਿਸ ਦੇ ਉਹ ਖੁੱਦ ਵੀ ਮੈਂਬਰ ਹਨ।
ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਭਾਜਪਾ ਨੇਤਾ ਨਾਲ ਕੁਝ ਗੱਲਬਾਤ ਕੀਤੀ ਹੈ ਕਿਉਂਕਿ ਇਹ ਪੱਕਾ ਨਹੀਂ ਕਿ ਪਾਰਟੀ ਪ੍ਰਧਾਨ ਨਵੀਨ ਪਟਨਾਇਕ ਉਨ੍ਹਾਂ ਨੂੰ ਪਾਰਟੀ ਟਿਕਟ ਦੇਣਗੇ ਜਾਂ ਨਹੀਂ।