ਵਿਸ਼ਵਾਸ ਜਾਂ ਅੰਧਵਿਸ਼ਵਾਸ! ਭੁਵਨੇਸ਼ਵਰ ’ਚ 1.30 ਲੱਖ ’ਚ ਵਿਕਿਆ ਪਵਿੱਤਰ ਜਲ ਦਾ ਘੜਾ

Saturday, Apr 09, 2022 - 06:01 PM (IST)

ਵਿਸ਼ਵਾਸ ਜਾਂ ਅੰਧਵਿਸ਼ਵਾਸ! ਭੁਵਨੇਸ਼ਵਰ ’ਚ 1.30 ਲੱਖ ’ਚ ਵਿਕਿਆ ਪਵਿੱਤਰ ਜਲ ਦਾ ਘੜਾ

ਭੁਵਨੇਸ਼ਵਰ (ਭਾਸ਼ਾ)– ਕੁਝ ਲੋਕ ਇਸ ਨੂੰ ਅੰਧਵਿਸ਼ਵਾਸ ਕਹਿ ਸਕਦੇ ਹਨ ਅਤੇ ਕੁਝ ਇਸ ਨੂੰ ਕਾਰੋਬਾਰੀ ਮੌਕੇ ਵਜੋਂ ਵੇਖ ਸਕਦੇ ਹਨ ਪਰ ਇੱਥੇ ਭਗਵਾਨ ਲਿੰਗਰਾਜ ਦੇ ਸਾਲਾਨਾ ‘ਰੂਕੁਨ ਰਥ ਉਤਸਵ’ ਮੌਕੇ ਆਯੋਜਿਤ ਨਿਲਾਮੀ ਵਿਚ ਮੁਕਤੇਸ਼ਵਰ ਮੰਦਰ ਸਥਿਤ ਮਸ਼ਹੂਰ ਮਾਰੀਚੀ 'ਕੁੰਡ' ’ਚੋਂ ਕੱਢੇ ਗਏ ਪਵਿੱਤਰ ਜਲ ਦਾ ਪਹਿਲਾ ਘੜਾ 1.30 ਲੱਖ ਰੁਪਏ ਵਿਚ ਵਿਕਿਆ। ਮਾਰੀਚੀ ਕੁੰਡ ਨੇੜੇ ਪਵਿੱਤਰ ਜਲ ਦੀ ਨਿਲਾਮੀ ਸ਼ੁੱਕਰਵਾਰ ਰਾਤ ਨੂੰ ਕੀਤੀ ਗਈ। ਸ਼ਰਧਾਲੂਆਂ ਦਾ ਵਿਸ਼ਵਾਸ ਹੈ ਕਿ ਪਵਿੱਤਰ ਜਲ ਵਿਚ ਇਸ਼ਨਾਨ ਕਰਨ ਨਾਲ ਪ੍ਰਜਨਨ ਸਮੱਸਿਆਵਾਂ ਦੂਰ ਹੁੰਦੀਆਂ ਹਨ। ਨਿਲਾਮੀ ਦਾ ਆਯੋਜਨ ਭਗਵਾਨ ਲਿੰਗਰਾਜ ਮੰਦਰ ਦੇ ਸੇਵਕਾਂ ਦੇ ਸਮੂਹ ‘ਬੋਡੂ ਨਿਜੋਗ’ ਵਲੋਂ ਕੀਤਾ ਗਿਆ।

ਭੁਵਨੇਸ਼ਵਰ ਦੇ ਬਾਰਾਮੁੰਡਾ ਖੇਤਰ ਦੇ ਇਕ ਜੋੜੇ ਨੇ ਸਭ ਤੋਂ ਵੱਧ ਕੀਮਤ ਲਾਈ ਅਤੇ ਉਨ੍ਹਾਂ ਨੂੰ  1.30 ਲੱਖ ਰੁਪਏ ’ਚ ਜਲ ਦਾ ਪਹਿਲਾ ਘੜਾ ਮਿਲਿਆ। ਜਦ ਕਿ ਆਧਾਰ ਕੀਮਤ ਸਿਰਫ਼ 25,000 ਰੁਪਏ ਸੀ। ਇਸੇ ਤਰ੍ਹਾਂ ਪਾਣੀ ਦਾ ਦੂਜਾ ਘੜਾ 16,000 ਰੁਪਏ ਦੇ ਅਧਾਰ ਕੀਮਤ ਦੇ ਮੁਕਾਬਲੇ 47,000 ਰੁਪਏ ਵਿਚ ਨਿਲਾਮ ਹੋਇਆ, ਜਦੋਂ ਕਿ ਤੀਜਾ ਘੜਾ 13,000 ਰੁਪਏ ਵਿਚ ਖਰੀਦਿਆ ਗਿਆ। ਪਹਿਲੇ ਤਿੰਨ ਜੋੜਿਆਂ ਨੂੰ ਪਵਿੱਤਰ ਜਲ ਪ੍ਰਾਪਤ ਕਰਨ ਤੋਂ ਬਾਅਦ ਬਡੂ ਨਿਜੋਗ ਨੇ ਬਿਨਾਂ ਕਿਸੇ ਮੰਗ ਦੇ ਗਰੀਬ ਜੋੜਿਆਂ ’ਚ ਹੋਰ ਘੜੇ ਵੰਡੇ।

ਇਕ ਸੇਵਕ ਨੇ ਦੱਸਿਆ ਕਿ ਪਵਿੱਤਰ ਜਲ ਦੀ ਨਿਲਾਮੀ ਦੀ ਪ੍ਰਕਿਰਿਆ, ਜੋ ਲੰਬੇ ਸਮੇਂ ਤੋਂ ਚੱਲ ਰਹੀ ਹੈ, ਕੋਵਿਡ-19 ਮਹਾਂਮਾਰੀ ਕਾਰਨ ਪਿਛਲੇ ਦੋ ਸਾਲਾਂ ਤੋਂ ਆਯੋਜਿਤ ਨਹੀਂ ਕਰਵਾਈ ਜਾ ਸਕੀ। ਪਹਿਲੇ ਘੜੇ ਦੇ ਖਰੀਦਦਾਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮਾਰੀਚੀ ਕੁੰਡ ਤੋਂ ਪਵਿੱਤਰ ਜਲ ਖਰੀਦਣ ਲਈ 2.5 ਲੱਖ ਰੁਪਏ ਤੱਕ ਦਾ ਭੁਗਤਾਨ ਕਰਨ ਲਈ ਤਿਆਰ ਹੈ। ਪ੍ਰਸਿੱਧ ਗਾਇਨੀਕੋਲੋਜਿਸਟ (ਇਸਤਰੀ ਰੋਗ ਮਾਹਰ) ਡਾਕਟਰ ਸੰਤੋਸ਼ ਮਿਸ਼ਰਾ ਨੇ ਕਿਹਾ, “ਇਸ ਜਲ ਨੂੰ ਲੈ ਕੇ ਅਜਿਹੇ ਵਿਸ਼ਵਾਸ ਪਿੱਛੇ ਕੋਈ ਵਿਗਿਆਨਕ ਕਾਰਨ ਨਹੀਂ ਹੈ। ਅਸੀਂ ਇਹ ਨਹੀਂ ਮੰਨਦੇ ਕਿ ਪਾਣੀ ਦੇ ਘੜੇ ਨਾਲ ਨਹਾਉਣ ਨਾਲ ਮਨੁੱਖ ਦੀ ਪ੍ਰਜਨਨ ਸ਼ਕਤੀ ਵਧੇਗੀ। ਨਾਲ ਹੀ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਪਾਣੀ ਵਿਚ ਕੁਝ (ਹੋਰ) ਔਸ਼ਧੀ ਗੁਣ ਹੋ ਸਕਦੇ ਹਨ ਕਿਉਂਕਿ ਮਾਰੀਚੀ ਕੁੰਡ ਬਹੁਤ ਸਾਰੇ ਅਸ਼ੋਕ ਦੇ ਦਰੱਖ਼ਤਾਂ ਨਾਲ ਘਿਰਿਆ ਹੋਇਆ ਹੈ, ਜਿਨ੍ਹਾਂ ਦੀਆਂ ਜੜ੍ਹਾਂ ਤਾਲਾਬ ਵਿਚ ਖਤਮ ਹੁੰਦੀਆਂ ਹਨ।
 


author

Tanu

Content Editor

Related News