5000 ਸੰਤ ਮੋਦੀ ਸਰਕਾਰ ਨੂੰ ਹਮਾਇਤ ਦੇਣ ਦਾ ਮਤਾ ਪਾਸ ਕਰਨਗੇ ਅਕਤੂਬਰ ''ਚ

Wednesday, Jun 13, 2018 - 04:00 AM (IST)

5000 ਸੰਤ ਮੋਦੀ ਸਰਕਾਰ ਨੂੰ ਹਮਾਇਤ ਦੇਣ ਦਾ ਮਤਾ ਪਾਸ ਕਰਨਗੇ ਅਕਤੂਬਰ ''ਚ

ਨਵੀਂ ਦਿੱਲੀ - ਆਉਂਦੀਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਦੇਸ਼ 'ਚ ਇਕ ਨਵੇਂ ਢੰਗ ਦੇ ਫਤਵਿਆਂ ਦੀ ਸਿਆਸਤ ਸ਼ੁਰੂ ਹੋ ਗਈ ਹੈ। ਪਹਿਲਾਂ ਮੁਸਲਿਮ ਧਰਮ ਗੁਰੂ, ਫਿਰ ਈਸਾਈ ਧਰਮ ਗੁਰੂ ਅਤੇ ਹੁਣ ਹਿੰਦੂ ਧਰਮ ਗੁਰੂਆਂ ਵਲੋਂ ਅਜਿਹੇ ਫਤਵਿਆਂ ਦੇ ਐਲਾਨ ਕੀਤੇ ਜਾ ਸਕਦੇ ਹਨ। ਆਰਕ ਬਿਸ਼ਪਾਂ ਵਲੋਂ ਮੋਦੀ ਸਰਕਾਰ ਵਿਰੁੱਧ ਮੋਰਚੇ ਖੋਲ੍ਹਣ ਅਤੇ ਹੋਰ ਚੋਣ ਤੋਂ ਪਹਿਲਾਂ ਮੁਸਲਿਮ ਧਰਮ ਨਾਲ ਜੁੜੇ ਅਦਾਰਿਆਂ ਵਲੋਂ ਫਤਵੇ ਜਾਰੀ ਕਰਨ ਦੇ ਰੁਝਾਨ ਵਿਰੁੱਧ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਸਰਬ ਭਾਰਤੀ ਸੰਤ ਸਮਿਤੀ ਨੇ ਜਵਾਬੀ ਮੋਰਚੇ ਖੋਲ੍ਹਣ ਦੀ ਯੋਜਨਾ ਬਣਾਈ ਹੈ। ਇਨ੍ਹਾਂ ਦੀ ਯੋਜਨਾ ਇਸ ਸਾਲ ਅਕਤੂਬਰ 'ਚ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ 5 ਹਜ਼ਾਰ ਸੰਤਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ 'ਚ ਫਤਵਾ ਜਾਰੀ ਕਰਵਾਉਣ ਦੀ ਹੈ।
ਸਰਬ ਪਾਰਟੀ ਸੰਤ ਕਮੇਟੀ ਦੇ ਕੌਮੀ ਜਨਰਲ ਸਕੱਤਰ ਸਵਾਮੀ ਜਿਤੇਂਦਰਾਨੰਦ ਸਰਸਵਤੀ ਨੇ ਕਿਹਾ ਹੈ ਕਿ ਧਰਮ ਅਤੇ ਸਿਆਸਤ ਦਾ ਮਿਲਾਪ ਢੁਕਵਾਂ ਨਹੀਂ ਹੈ। ਸੰਵਿਧਾਨ ਵੀ ਇਸ ਦੀ ਆਗਿਆ ਨਹੀਂ ਦਿੰਦਾ। ਇਸ ਦੇ ਬਾਵਜੂਦ ਚੋਣ ਕਮਿਸ਼ਨ ਨੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ।ਹਿੰਦੂ ਸੰਗਠਨਾਂ ਨੇ ਕਦੇ ਵੀ ਈਸਾਈ ਜਾਂ ਮੁਸਲਿਮ ਧਰਮ ਸੰਸਥਾਵਾਂ ਵਾਂਗ ਧਰਮ ਨੂੰ ਆਧਾਰ ਬਣਾ ਕੇ ਧਾਰਮਿਕ ਹੁਕਮ ਜਾਰੀ ਨਹੀਂ ਕੀਤਾ। ਇਹ ਖਤਰਨਾਕ ਰੁਝਾਨ ਲਗਾਤਾਰ ਵਧ ਰਿਹਾ ਹੈ। ਅਜਿਹੇ ਖਤਰਨਾਕ ਅਤੇ ਨਾ ਮੰਨਣਯੋਗ ਧਾਰਮਿਕ ਹੁਕਮਾਂ ਵਿਰੁੱਧ ਮੋਰਚਾ ਖੋਲ੍ਹਣ ਲਈ ਸੰਤ ਮਜਬੂਰ ਹਨ।  ਅਕਤੂਬਰ 'ਚ ਸਭ ਸੰਤ ਇਕੱਠੇ ਹੋ ਕੇ ਈਸਾਈ ਅਤੇ ਮੁਸਲਿਮ ਧਾਰਮਿਕ ਸੰਸਥਾਵਾਂ ਦੇ ਫਤਵਿਆਂ ਦੇ ਜਵਾਬ 'ਚ ਮੋਦੀ ਸਰਕਾਰ ਨੂੰ ਹਮਾਇਤ ਦੇਣ ਦਾ ਮਤਾ ਪਾਸ ਕਰਨਗੇ।


Related News