ਮੋਹਲੇਧਾਰ ਮੀਂਹ ਕਾਰਨ ਖਿਸਕੀ ਜ਼ਮੀਨ, ਅਚਾਨਕ ਹੜ੍ਹ ਆਉਣ ਕਾਰਨ 288 ਸੜਕਾਂ ਬੰਦ

Sunday, Aug 11, 2024 - 01:35 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਪਿਛਲੇ ਦੋ ਦਿਨਾਂ ਤੋਂ ਮੋਹਲੇਧਾਰ ਮੀਂਹ ਪੈਣ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 288 ਸੜਕਾਂ ਬੰਦ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਊਨਾ ਵਿਚ ਓਵਰਫਲੋਅ ਵਹਿ ਰਹੇ ਨਾਲਿਆਂ ਦਾ ਪਾਣੀ ਕਈ ਘਰਾਂ 'ਚ ਦਾਖਲ ਹੋ ਗਿਆ ਹੈ, ਜਦੋਂ ਕਿ ਲਾਹੌਲ-ਸਪੀਤੀ ਪੁਲਸ ਨੇ ਨਿਵਾਸੀਆਂ ਅਤੇ ਯਾਤਰੀਆਂ ਨੂੰ ਬਹੁਤ ਸਾਵਧਾਨੀ ਵਰਤਣ ਅਤੇ ਜਾਹਲਮਾਨ ਨਾਲ ਨੂੰ ਪਾਰ ਨਾ ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਪਾਣੀ ਦਾ ਪੱਧਰ "ਤੇਜੀ ਨਾਲ" ਵਧ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੁੱਲੂ, ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ 'ਚ 31 ਜੁਲਾਈ ਨੂੰ ਆਏ ਹੜ੍ਹ ਤੋਂ ਬਾਅਦ ਲਾਪਤਾ ਹੋਏ ਲਗਭਗ 30 ਲੋਕਾਂ ਦਾ ਪਤਾ ਲਗਾਉਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ ਪਰ ਅਜੇ ਤੱਕ ਕੋਈ ਵੱਡੀ ਸਫਲਤਾ ਨਹੀਂ ਮਿਲੀ ਹੈ।

ਹੁਣ ਤੱਕ 28 ਲਾਸ਼ਾਂ ਬਰਾਮਦ ਹੋਈਆਂ ਹਨ। ਉਨ੍ਹਾਂ ਕਿਹਾ ਕਿ 27 ਜੂਨ ਤੋਂ 9 ਅਗਸਤ ਤੱਕ ਹਿਮਾਚਲ ਪ੍ਰਦੇਸ਼ 'ਚ ਮੀਂਹ ਨਾਲ ਸਬੰਧਤ ਘਟਨਾਵਾਂ 'ਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੂਬੇ ਨੂੰ ਕਰੀਬ 842 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 288 ਸੜਕਾਂ ਬੰਦ ਕੀਤੀਆਂ ਗਈਆਂ ਸਨ, ਜਿਨ੍ਹਾਂ 'ਚੋਂ 138 ਸ਼ੁੱਕਰਵਾਰ ਅਤੇ 150 ਸ਼ਨੀਵਾਰ ਨੂੰ ਬੰਦ ਹੋਈਆਂ। ਅਚਾਨਕ ਆਏ ਹੜ੍ਹ ਕਾਰਨ ਨੈਸ਼ਨਲ ਹਾਈਵੇਅ-5 'ਤੇ ਜ਼ਮੀਨ ਖਿਸਕਣ ਕਾਰਨ ਕਿੰਨੌਰ ਦਾ ਸੂਬੇ ਦੀ ਰਾਜਧਾਨੀ ਸ਼ਿਮਲਾ ਨਾਲੋਂ ਸੰਪਰਕ ਟੁੱਟ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਸੂਬੇ 'ਚ 458 ਬਿਜਲੀ ਅਤੇ 48 ਜਲ ਸਪਲਾਈ ਸਕੀਮਾਂ ਵੀ ਪ੍ਰਭਾਵਿਤ ਹੋਈਆਂ ਹਨ। ਖੇਤਰੀ ਮੌਸਮ ਵਿਭਾਗ ਨੇ ਐਤਵਾਰ ਨੂੰ 5 ਜ਼ਿਲ੍ਹਿਆਂ - ਬਿਲਾਸਪੁਰ, ਚੰਬਾ, ਹਮੀਰਪੁਰ, ਕੁੱਲੂ, ਕਾਂਗੜਾ, ਮੰਡੀ, ਸ਼ਿਮਲਾ, ਸੋਲਨ, ਸਿਰਮੌਰ ਅਤੇ ਊਨਾ ਵਿਚ ਕੁਝ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦਾ 'ਆਰੇਂਜ ਅਲਰਟ' ਦੀ ਚਿਤਾਵਨੀ ਜਾਰੀ ਕੀਤੀ ਹੈ। ਬਿਜਲੀ ਚਮਕਣ ਅਤੇ ਮੀਂਹ ਦੇ ਨਾਲ ਤੂਫਾਨ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਚੰਬਾ, ਹਮੀਰਪੁਰ, ਕੁੱਲੂ, ਮੰਡੀ, ਸਿਰਮੌਰ ਅਤੇ ਸ਼ਿਮਲਾ ਜ਼ਿਲ੍ਹਿਆਂ ਦੀਆਂ ਕੁਝ ਥਾਵਾਂ 'ਤੇ ਹੜ੍ਹ ਆਉਣ ਦੀ ਚਿਤਾਵਨੀ ਵੀ ਦਿੱਤੀ ਹੈ।
 


Tanu

Content Editor

Related News