J&K: ਰਾਜ਼ੌਰੀ 'ਚ 5 ਜਵਾਨ ਸ਼ਹੀਦ, ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਹੋਇਆ ਵੱਡਾ ਧਮਾਕਾ

05/05/2023 5:16:45 PM

ਰਾਜ਼ੌਰੀ- ਜੰਮੂ-ਕਸ਼ਮੀਰ ਦੇ ਰਾਜ਼ੌਰੀ ਜ਼ਿਲ੍ਹੇ ਦੇ ਕਾਂਡੀ ਵਨ ਖੇਤਰ 'ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਦੁਆਰਾ ਕੀਤੇ ਗਏ ਧਮਾਕੇ 'ਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਅਤੇ ਮੇਜਰ ਰੈਂਕ ਦਾ ਇਕ ਅਧਿਕਾਰੀ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਦਾ ਸਫਾਇਆ ਕਰਨ ਲਈ ਫੌਜੀ ਮੁਹਿੰਮ ਅਜੇ ਵੀ ਜਾਰੀ ਹੈ। ਸਵੇਰੇ ਵਿਸ਼ੇਸ਼ ਬਲ ਨਾਲ ਸੰਬੰਧਿਤ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ ਅਤੇ ਮੇਜਰ ਸਣੇ ਚਾਰ ਜਵਾਨ ਜ਼ਖ਼ਮੀ ਹੋ ਗਏ। ਬਾਅਦ 'ਚ ਉਦਮਪੁਰ ਦੇ ਇਕ ਹਸਪਤਾਲ 'ਚ ਤਿੰਨ ਜਵਾਨਾਂ ਨੇ ਦਮ ਤੋੜ ਦਿੱਤਾ। ਉਦਮਪੁਰ 'ਚ ਫੌਜ ਦੇ ਇਕ ਬੁਲਰੇ ਨੇ ਕਿਹਾ ਕਿ ਰਾਜ਼ੌਰੀ ਸੈਕਟਰ 'ਚ ਜਾਰੀ ਮੁਹਿੰਮ 'ਚ ਸਵੇਰੇ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਤਿੰਨ ਜਵਾਨਾਂ ਨੇ ਦਮ ਤੋੜ ਦਿੱਤਾ। ਮੁਹਿੰਮ ਅਜੇ ਵੀ ਜਾਰੀ ਹੈ।

ਰਾਜ਼ੌਰੀ ਇਲਾਕੇ 'ਚ ਮੋਬਾਇਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਫੌਜ ਦੀ ਉੱਤਰੀ ਕਮਾਨ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਉਸਦੇ ਜਵਾਨ ਪਿਛਲੇ ਮਹੀਨੇ ਜੰਮੂ ਖੇਤਰ ਦੇ ਭਾਟਾ ਧੁਰੀਆਂ ਦੇ ਤੋਤਾ ਗਲੀ ਇਲਾਕੇ 'ਚ ਫੌਜ ਦੇ ਟਰੱਕ 'ਤੇ ਸੰਨ੍ਹ ਲਗਾ ਕੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਇਕ ਸਮੂਹ ਦੇ ਖਾਤਮੇ ਲਈ ਲਗਾਤਾਰ ਖੂਫੀਆ ਸੂਚਨਾ ਆਧਾਰਿਤ ਮੁਹਿੰਮ ਚਲਾ ਰਹੇ ਹਨ।

ਬਿਆਨ 'ਚ ਕਿਹਾ ਗਿਆ ਹੈ ਕਿ ਰਾਜ਼ੌਰੀ ਸੈਕਟਰ 'ਚ ਕਾਂਡੀ ਵਨ 'ਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਦੇ ਆਧਾਰ 'ਤੇ 3 ਮਈ ਨੂੰ ਸਾਂਝੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਸ਼ੁੱਕਰਵਾਰ ਸਵੇਰੇ ਕਰੀਬ ਸਾਢੇ 7 ਵਜੇ ਤਲਾਸ਼ੀ ਦਲ ਨੇ ਇਕ ਗੁਫਾ 'ਚ ਲੁਕੇ ਅੱਤਵਾਦੀਆਂ ਦੇ ਇਕ ਸਮੂਹ ਨੂੰ ਘੇਰ ਲਿਆ। ਚਟਾਨਾਂ ਅਤੇ ਖੜ੍ਹੇ ਪਹਾੜੀ ਖੇਤਰਾਂ ਨਾਲ ਘਿਰਿਆ ਇਹ ਇਲਾਕਾ ਬੇਹੱਦ ਘਣਾ ਜੰਗਲੀ ਖੇਤਰ ਹੈ। ਬਿਆਨ ਮੁਤਾਬਕ, ਇਸ ਦੌਰਾਨ ਅੱਤਵਾਦੀਆਂ ਨੇ ਧਮਾਕਾ ਕਰ ਦਿੱਤਾ। ਇਸ ਵਿਚ ਕਿਹਾ ਗਿਆ ਕਿ ਆਲੇ-ਦੁਆਲੇ ਦੇ ਖੇਤਰਾਂ 'ਚੋਂ ਵਾਧੂ ਟੀਮ ਨੂੰ ਮੁਕਾਬਲੇ ਵਾਲੀ ਥਾਂ 'ਤੇ ਭੇਜਿਆ ਗਿਆ ਹੈ।


Rakesh

Content Editor

Related News