1984 ਸਿੱਖ ਕਤਲੇਆਮ: 437 ਪੀੜਤ ਪਰਿਵਾਰਾਂ ਨੂੰ ਮਿਲੇਗੀ ਸਰਕਾਰੀ ਨੌਕਰੀ

Monday, Jul 15, 2024 - 09:51 AM (IST)

1984 ਸਿੱਖ ਕਤਲੇਆਮ: 437 ਪੀੜਤ ਪਰਿਵਾਰਾਂ ਨੂੰ ਮਿਲੇਗੀ ਸਰਕਾਰੀ ਨੌਕਰੀ

ਨਵੀਂ ਦਿੱਲੀ (ਜ.ਬ.)– ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ ਨੇ ਦੱਸਿਆ ਕਿ ਦਿੱਲੀ ਵਿਚ 1984 ਦੇ ਸਿੱਖ ਕਤਲੇਆਮ ਦੇ 437 ਪੀੜਤ ਪਰਿਵਾਰਾਂ ਦੇ ਇਕ-ਇਕ ਜੀਅ ਨੂੰ ਸਰਕਾਰੀ ਨੌਕਰੀ ਮਿਲਣ ਜਾ ਰਹੀ ਹੈ, ਜਿਸ ਲਈ ਉਮਰ ਤੇ ਸਿੱਖਿਆ ਦੋਵਾਂ ਵਿਚ ਛੋਟ ਦਿੱਤੀ ਗਈ ਹੈ। ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਆਤਮਾ ਸਿੰਘ ਲੁਬਾਣਾ ਨੇ ਦੱਸਿਆ ਕਿ ਅਸੀਂ ਕਈ ਸਾਲਾਂ ਤੋਂ ਇਸ ਮਾਮਲੇ ਵਿਚ ਸੰਘਰਸ਼ ਕਰ ਰਹੇ ਹਾਂ। ਪਹਿਲਾਂ 16 ਜਨਵਰੀ 2006 ਨੂੰ ਭਾਰਤ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਹਰ ਸ਼ਹੀਦ ਪਰਿਵਾਰ ਦੇ ਲੋਕਾਂ ਨੂੰ ਨੌਕਰੀ ਦਿੱਤੀ ਜਾਵੇਗੀ। ਇਸ ਵਿਚ ਦਿੱਲੀ ਸਰਕਾਰ ਨੇ 2007 ਵਿਚ ਕੈਬਨਿਟ ਨੋਟ ਲਿਆਂਦਾ ਸੀ ਜਿਸ ਵਿਚ ਕਿਹਾ ਸੀ ਕਿ ਜਿਹੜੇ ਪਰਿਵਾਰਾਂ ਦੇ ਜੀਅ ਸ਼ਹੀਦ ਹੋਏ ਤੇ ਫੱਟੜ ਹੋਏ ਉਹਨਾਂ ਨੂੰ ਨੌਕਰੀ ਦਿੱਤੀ ਜਾਵੇਗੀ। ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਦੀ ਬਦੌਲਤ 27.11.2019 ਨੂੰ ਹਾਈ ਕੋਰਟ ਦੀ ਡਬਲ ਬੈਂਚ ਦਾ ਹੁਕਮ ਆਇਆ ਸੀ ਕਿ ਹਰੇਕ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਜੇਕਰ ਨੌਕਰੀ ਨਹੀਂ ਦੇ ਸਕਦੇ ਤਾਂ ਕਾਰਣ ਦੱਸਿਆ ਜਾਵੇ।

ਇਹ ਵੀ ਪੜ੍ਹੋ- CM ਕੇਜਰੀਵਾਲ ਨੂੰ ਮਿਲੀ ਵੱਡੀ ਰਾਹਤ, ਸੁਪਰੀਮ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 22 ਲੋਕਾਂ ਨੂੰ ਨੌਕਰੀ ਦਿੱਤੀ ਗਈ ਸੀ ਤੇ ਹੁਣ ਅਸੀਂ ਤਾਜ਼ਾ ਅਰਜ਼ੀਆਂ ਜਮ੍ਹਾਂ ਕਰਵਾਈਆਂ ਸਨ। ਹੁਣ 9.7.2024 ਨੂੰ ਜਿਹੜੀ ਅਸੀਂ ਮਿਹਨਤ ਕੀਤੀ ਹੈ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੇ ਵੱਡਮੁੱਲੇ ਸਹਿਯੋਗ ਸਦਕਾ ਅਤੇ ਮੈਂਬਰ ਸੁਰਜੀਤ ਸਿੰਘ, ਬਲਬੀਰ ਸਿੰਘ ਅਤੇ ਰਮਿੰਦਰ ਸਿੰਘ ਸਵੀਟਾ ਦੀ ਮਿਹਨਤ ਸਦਕਾ ਪਿਛਲੇ ਦਿਨੀਂ ਉਪ ਰਾਜਪਾਲ ਨੇ ਇਸ ਨੂੰ ਪ੍ਰਵਾਨਗੀ ਦਿੰਦਿਆਂ ਹੁਕਮ ਜਾਰੀ ਕੀਤੇ ਹਨ ਕਿ ਇਨ੍ਹਾਂ ਪਰਿਵਾਰਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ।

ਇਹ ਵੀ ਪੜ੍ਹੋ- ਸ਼ੰਭੂ ਬਾਰਡਰ ਬੰਦ ਕਰਨ 'ਤੇ ਹਰਿਆਣਾ ਸਰਕਾਰ ਨੂੰ SC ਦੀ ਫਟਕਾਰ, ਤੁਸੀਂ ਹਾਈਵੇਅ ਕਿਵੇਂ ਬੰਦ ਕਰ ਸਕਦੇ ਹੋ?

ਲੁਬਾਣਾ ਨੇ ਅੱਗੇ ਦੱਸਿਆ ਕਿ ਦਿੱਲੀ ਦੇ 9 ਜ਼ਿਲ੍ਹਿਆਂ, ਜਿਨ੍ਹਾਂ ਵਿਚ ਵੈਸਟ, ਨਾਰਥ ਵੈਸਟ, ਸਾਊਥ ਵੈਸਟ, ਸੈਂਟਰਲ, ਨਾਰਥ-ਈਸਟ, ਨਾਰਥ ਵਿਚ ਸਾਰੇ ਐੱਸ. ਡੀ. ਐੱਮਜ਼ ਨੂੰ ਚਿੱਠੀ ਭੇਜੀ ਗਈ ਹੈ ਅਤੇ ਵੈਰੀਫਿਕੇਸ਼ਨ ਵਾਸਤੇ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ 1984 ਦੇ ਜਿਹੜੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੇ ਫਾਰਮ ਨਹੀਂ ਭਰੇ, ਉਹ ਸਾਡੇ ਕੋਲ ਦਿੱਲੀ ਗੁਰਦੁਆਰਾ ਕਮੇਟੀ ਦਫਤਰ ਵਿਚ ਆ ਕੇ ਜਾਂ ਫਿਰ 5 ਸ਼ਾਮਨਾਥ ਮਾਰਗ ਵਿਚ ਜਾ ਕੇ ਫਾਰਮ ਭਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 19 ਜੁਲਾਈ ਨੂੰ ਸ਼ਾਮ 3.00 ਵਜੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਇਕੱਠ ਕੀਤਾ ਜਾਵੇਗਾ ਅਤੇ ਉਨ੍ਹਾਂ ਨੇ ਅਪੀਲ ਕੀਤੀ ਕਿ ਜਿਨ੍ਹਾਂ ਨੇ ਫਾਰਮ ਭਰੇ ਹਨ, ਉਹ ਪਰਿਵਾਰ ਸਣੇ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਹਰ ਲੋੜੀਂਦਾ ਕਦਮ ਚੁੱਕੇਗੀ ਤੇ ਇਨ੍ਹਾਂ ਪਰਿਵਾਰਾਂ ਨਾਲ ਹਮੇਸ਼ਾ ਵਾਂਗ ਡੱਟ ਕੇ ਖੜ੍ਹੀ ਹੋਵੇਗੀ।

ਇਹ ਵੀ ਪੜ੍ਹੋ- ਆਸਾਮ 'ਚ ਹੜ੍ਹ ਕਾਰਨ ਬੇਕਾਬੂ ਹੋਏ ਹਾਲਾਤ, 14 ਲੱਖ ਲੋਕਾਂ 'ਤੇ ਕੁਦਰਤ ਦੀ ਮਾਰ


author

Tanu

Content Editor

Related News