J&K: 3 ਸਾਲਾਂ ''ਚ ਸਰਕਾਰੀ ਵਿਭਾਗਾਂ ''ਚ 15,000 ਤੋਂ ਵੱਧ ਅਸਾਮੀਆਂ ਭਰੀਆਂ: SSB ਚੇਅਰਮੈਨ

12/18/2022 5:03:15 PM

ਜੰਮੂ- ਜੰਮੂ-ਕਸ਼ਮੀਰ ਸਰਕਾਰ ਦੇ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਤਿੰਨ ਸਾਲਾਂ ਵਿਚ 15,000 ਤੋਂ ਵੱਧ ਅਸਾਮੀਆਂ ਭਰੀਆਂ ਗਈਆਂ ਹਨ, ਜਦੋਂ ਕਿ 8,000 ਹੋਰ ਅਸਾਮੀਆਂ ਲਈ ਚੋਣ ਪ੍ਰਕਿਰਿਆ ਜਾਰੀ ਹੈ। ਜੰਮੂ-ਕਸ਼ਮੀਰ ਸਰਵਿਸਿਜ਼ ਸਿਲੈਕਸ਼ਨ ਬੋਰਡ (SSB) ਦੇ ਚੇਅਰਮੈਨ ਰਾਜੇਸ਼ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ। 

ਰਾਜੇਸ਼ ਸ਼ਰਮਾ ਨੇ ਕਿਹਾ ਕਿ ਭਰਤੀ ਪ੍ਰਕਿਰਿਆ 'ਚ ਦੇਰੀ ਲਈ ਅਸੰਤੁਸ਼ਟ ਉਮੀਦਵਾਰਾਂ ਵੱਲੋਂ ਅਦਾਲਤੀ ਮੁਕੱਦਮੇਬਾਜ਼ੀ ਇਕ ਵੱਡਾ ਕਾਰਕ ਹੈ। ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪਿਛਲੇ ਸਾਲ ਦੇ 9,300 ਦੇ ਅੰਕੜਿਆਂ ਦੇ ਮੁਕਾਬਲੇ ਇਸ ਸਾਲ SSB ਨੇ ਵੱਖ-ਵੱਖ ਸਰਕਾਰੀ ਵਿਭਾਗਾਂ 'ਚ 4,500 ਅਸਾਮੀਆਂ ਭਰੀਆਂ ਹਨ ਅਤੇ ਇਨ੍ਹਾਂ 'ਚੋਂ 3,400 ਕਲਾਸ IV ਦੀਆਂ ਅਸਾਮੀਆਂ ਹਨ।

ਸਾਲ 2020 ਵਿਚ ਕੁੱਲ 1,500 ਅਸਾਮੀਆਂ ਭਰੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਦੂਜੇ ਪੜਾਅ ਤਹਿਤ ਚੌਥੀ ਸ਼੍ਰੇਣੀ ਦੀਆਂ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ ਹਾਲ ਹੀ ਵਿਚ ਸ਼੍ਰੀਨਗਰ 'ਚ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਅਤੇ ਜੰਮੂ ਵਿਚ ਮੁੱਖ ਸਕੱਤਰ ਅਰੁਣ ਕੇ ਮਹਿਤਾ ਦੀ ਪ੍ਰਧਾਨਗੀ ਵਿਚ ਵਿਸ਼ੇਸ਼ ‘ਨੌਕਰੀ ਮੇਲਿਆਂ’ 'ਚ ਨਿਯੁਕਤੀ ਪੱਤਰ ਸੌਂਪੇ ਗਏ। ਪਹਿਲੇ ਪੜਾਅ ਤਹਿਤ ਪਿਛਲੇ ਸਾਲ 5,000 ਤੋਂ ਵੱਧ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸਨ।

ਸਰਕਾਰ ਨੇ ਜੰਮੂ-ਕਸ਼ਮੀਰ SSB ਨੂੰ ਸਾਰੇ ਵਿਭਾਗਾਂ ਵਿਚ ਚੌਥੀ ਸ਼੍ਰੇਣੀ ਦੀ ਭਰਤੀ ਲਈ ਸਿਫ਼ਾਰਸ਼ਾਂ ਕਰਨ ਦਾ ਹੁਕਮ ਦਿੱਤਾ ਸੀ। SSB ਦੇ ਚੇਅਰਮੈਨ ਨੇ ਕਿਹਾ ਕਿ ਬੋਰਡ ਕੋਲ 1600 ਜੂਨੀਅਰ ਸਹਾਇਕਾਂ ਦੀ ਸੂਚੀ ਤਿਆਰ ਹੈ ਪਰ ਟ੍ਰਿਬਿਊਨਲ ਦੇ ਪੈਂਡਿੰਗ ਕੇਸਾਂ ਕਾਰਨ ਇਸ ਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫ਼ੈਸਲਾ ਆਉਣ ਤੋਂ ਬਾਅਦ ਹੀ ਨਤੀਜੇ ਐਲਾਨੇ ਜਾਣਗੇ।


Tanu

Content Editor

Related News