ਸੰਸਦ ਭਵਨ ਦੀ ਸੁਰੱਖਿਆ ਲਈ ਸੀ. ਆਈ. ਐੱਸ. ਐੱਫ. ਦੇ 140 ਜਵਾਨ ਤਾਇਨਾਤ

Tuesday, Jan 23, 2024 - 06:49 PM (IST)

ਸੰਸਦ ਭਵਨ ਦੀ ਸੁਰੱਖਿਆ ਲਈ ਸੀ. ਆਈ. ਐੱਸ. ਐੱਫ. ਦੇ 140 ਜਵਾਨ ਤਾਇਨਾਤ

ਨਵੀਂ ਦਿੱਲੀ, (ਭਾਸ਼ਾ)- ਨਵੀਂ ਵਿਵਸਥਾ ਅਧੀਨ ਬਜਟ ਸੈਸ਼ਨ ਦੌਰਾਨ ਆਉਣ ਵਾਲੇ ਮਹਿਮਾਨਾਂ ਅਤੇ ਉਨ੍ਹਾਂ ਦੇ ਸਾਮਾਨ ਦੀ ਜਾਂਚ ਕਰਨ ਲਈ ਸੰਸਦ ਭਵਨ ਕੰਪਲੈਕਸ ਵਿਚ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਦੇ 140 ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਅਧਿਕਾਰਤ ਸੂਤਰਾਂ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਪਿਛਲੇ ਮਹੀਨੇ ਕੇਂਦਰੀ ਗ੍ਰਹਿ ਮੰਤਰਾਲਾ ਨੇ ਸੰਸਦ ਦੀ ਸੁਰੱਖਿਆ ’ਚ ਢਿੱਲ ਨੂੰ ਮੁੱਖ ਰੱਖਦਿਆਂ ਸੁਰੱਖਿਆ ਪ੍ਰਬੰਧਾਂ ਦੀ ਵਿਆਪਕ ਸਮੀਖਿਆ ਕੀਤੀ ਸੀ, ਜਿਸ ਪਿੱਛੋਂ ਸੀ. ਆਈ. ਐੱਸ. ਐੱਫ. ਦੇ ਜਵਾਨਾਂ ਦੀ ਤਾਇਨਾਤੀ ਨੂੰ ਮਨਜ਼ੂਰੀ ਦਿੱਤੀ ਗਈ ਸੀ।

ਸੀ. ਆਈ. ਐੱਸ. ਐੱਫ. ਦੇ 140 ਜਵਾਨਾਂ ਨੇ ਸੋਮਵਾਰ ਸੰਸਦ ਭਵਨ ਕੰਪਲੈਕਸ ਦੀ ਸੁਰੱਖਿਆ ਸੰਭਾਲ ਲਈ। ਇਹ ਟੀਮ ਪਹਿਲਾਂ ਹੀ ਉਥੇ ਮੌਜੂਦ ਹੋਰ ਸੁਰੱਖਿਆ ਏਜੰਸੀਆਂ ਨਾਲ ਸੰਸਦ ਭਵਨ ਕੰਪਲੈਕਸ ਦਾ ਜਾਇਜ਼ਾ ਲੈ ਰਹੀ ਹੈ ਤਾਂ ਜੋ 31 ਜਨਵਰੀ ਤੋਂ ਜਦੋਂ ਬਜਟ ਸੈਸ਼ਨ ਸ਼ੁਰੂ ਹੋਵੇਗਾ, ਇਹ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹੋ ਸਕੇ।

ਸੂਤਰਾਂ ਨੇ ਦੱਸਿਆ ਕਿ ਸੀ. ਆਈ. ਐੱਸ. ਐੱਫ. ਨੂੰ ਨਵੇਂ ਅਤੇ ਪੁਰਾਣੇ ਸੰਸਦ ਭਵਨ ਕੰਪਲੈਕਸ ਦਾ ਕੰਟਰੋਲ ਸੌਂਪਿਆ ਜਾਵੇਗਾ। ਉਥੇ ਹਵਾਈ ਅੱਡੇ ਵਰਗੇ ਸੁਰੱਖਿਆ ਪ੍ਰਬੰਧ ਹੋਣਗੇ। ਐਕਸਰੇ ਮਸ਼ੀਨਾਂ ਅਤੇ ਮੈਟਲ ਡਿਟੈਕਟਰਾਂ ਰਾਹੀਂ ਲੋਕਾਂ ਅਤੇ ਸਮਾਨ ਦੀ ਜਾਂਚ ਕੀਤੀ ਜਾਵੇਗੀ।

ਸੀ. ਆਈ. ਐੱਸ. ਐੱਫ. ਵਿੱਚ ਲਗਭਗ 1.70 ਲੱਖ ਕਰਮਚਾਰੀ ਹਨ। ਇਹ ਕੇਂਦਰੀ ਗ੍ਰਹਿ ਮੰਤਰਾਲਾ ਅਧੀਨ ਆਉਂਦੇ ਹਨ। ਦੇਸ਼ ਦੇ 68 ਸਿਵਲ ਹਵਾਈ ਅੱਡਿਆਂ ਤੇ ਪ੍ਰਮਾਣੂ ਊਰਜਾ ਖੇਤਰ ਨਾਲ ਸਬੰਧਤ ਮਹੱਤਵਪੂਰਨ ਅਦਾਰਿਆਂ ਦੀ ਸੁਰੱਖਿਆ ਇਸ ਫੋਰਸ ਦੇ ਹਵਾਲੇ ਹੈ।


author

Rakesh

Content Editor

Related News