ਆ ਗਿਆ ਚੂਹਿਆਂ ਦਾ ''ਮਿਸਟਰ ਇੰਡੀਆ'': ਵਿਗਿਆਨੀਆਂ ਨੇ ਕੀਤੀ ਇਹ ਖੋਜ
Sunday, Sep 08, 2024 - 10:01 AM (IST)
ਨਵੀਂ ਦਿੱਲੀ (ਵਿਸ਼ੇਸ਼)- ਸਾਲ 1987 ਵਿਚ ਸ਼ੇਖਰ ਕਪੂਰ ਦੇ ਨਿਰਦੇਸ਼ਨ ਵਿਚ ਬਣੀ ਫਿਲਮ ‘ਮਿਸਟਰ ਇੰਡੀਆ’ ਰਿਲੀਜ਼ ਹੋਈ ਸੀ। ਇਸ ਵਿਚ ਦਿਖਾਇਆ ਗਿਆ ਸੀ ਕਿ ਅਨਿਲ ਕਪੂਰ ਘੜੀ ਵਰਗੀ ਡਿਵਾਈਸ ਪਹਿਨ ਕੇ ਗਾਇਬ ਹੋ ਜਾਂਦੇ ਹਨ। ਹੁਣ ਵਿਗਿਆਨੀਆਂ ਨੇ ਵੀ ਇਕ ਪਾਰਦਰਸ਼ੀ ਚੂਹਾ ਬਣਾ ਲਿਆ ਹੈ। ਵਿਗਿਆਨੀਆਂ ਨੇ ਇਕ ਵਿਸ਼ੇਸ਼ ਡਾਈ (ਰੰਗ) ਦੀ ਮਦਦ ਨਾਲ ਚੂਹਿਆਂ ਦੇ ਸਾਰੇ ਟਿਸ਼ੂਆਂ ਨੂੰ ਪਾਰਦਰਸ਼ੀ ਬਣਾ ਦਿੱਤਾ ਹੈ।
ਵਰਜੀਨੀਆ ਸਥਿਤ ਜਰਨਲ ਸਾਇੰਸ ਦੇ ਤਾਜ਼ਾ ਅੰਕ ’ਚ ਇਸ ਦਾ ਜ਼ਿਕਰ ਕੀਤਾ ਗਿਆ ਹੈ। ਹਾਵਰਡ ਹਿਊਜ਼ ਮੈਡੀਕਲ ਇੰਸਟੀਚਿਊਟ ਦੇ ਜੇਨੇਲੀਆ ਰਿਸਰਚ ਕੈਂਪਸ ਦੇ ਜੀਵ ਵਿਗਿਆਨੀ ਫਿਲਿਪ ਕਿਲਰ ਦਾ ਕਹਿਣਾ ਹੈ ਕਿ ਇਹ ਇਕ ਵੱਡੀ ਪ੍ਰਾਪਤੀ ਹੈ। ਇਹ ਤਕਨੀਕ ਇਸ ਸਿਧਾਂਤ ’ਤੇ ਕੰਮ ਕਰਦੀ ਹੈ ਕਿ ਸਰੀਰ ਦੇ ਟਿਸ਼ੂਆਂ ਦਾ ਪ੍ਰਕਾਸ਼ ਨਾਲ ਕੀ ਸਬੰਧ ਹੈ। ਸਰੀਰ ਦੇ ਟਿਸ਼ੂ ਚਰਬੀ, ਪ੍ਰੋਟੀਨ ਅਤੇ ਤਰਲ ਪਦਾਰਥਾਂ ਦੇ ਬਣੇ ਹੁੰਦੇ ਹਨ। ਇਹ ਤੱਤ ਪ੍ਰਕਾਸ਼ ਨੂੰ ਵੱਖ-ਵੱਖ ਡਿਗਰੀਆਂ ਤੱਕ ਮੋੜਦੇ ਹਨ। ਪਾਣੀ ਦੇ ਮਿਸ਼ਰਣ ਘੱਟ ਰੋਸ਼ਨੀ ਨੂੰ ਦਰਸਾਉਂਦੇ ਹਨ, ਜਦ ਕਿ ਲਿਪਿਡ ਅਤੇ ਪ੍ਰੋਟੀਨ ਬਹੁਤ ਜ਼ਿਆਦਾ ਰੋਸ਼ਨੀ ਨੂੰ ਦਰਸਾਉਂਦੇ ਹਨ। ਹੁਣ ਖੋਜਕਰਤਾਵਾਂ ਨੇ ਅਜਿਹੀ ਡਾਈ (ਰੰਗ) ਤਿਆਰ ਕੀਤੀ ਹੈ, ਜੋ ਰੌਸ਼ਨੀ ਨੂੰ ਸੋਖ ਲੈਂਦੀ ਹੈ ਅਤੇ ਟਿਸ਼ੂਆਂ ਨੂੰ ਪਾਰਦਰਸ਼ੀ ਬਣਾਉਂਦੀ ਹੈ।
ਚਮੜੀ ਨੂੰ ਰੰਗਣ ਨਾਲ ਦੇਖੇ ਜਾ ਸਕਦੇ ਅੰਦਰੂਨੀ ਅੰਗ
ਇਸ ਖੋਜ ਦੇ ਸਹਿ-ਲੇਖਕ ਸਟੈਨਫੋਰਡ ਯੂਨੀਵਰਸਿਟੀ ਕੈਲੀਫੋਰਨੀਆ ਦੇ ਗਾਓਸੋਂਗ ਹੋਂਗ ਨੇ ਕਿਹਾ ਕਿ ਅਸੀਂ ਫੂਡ ਪ੍ਰੋਸੈਸਿੰਗ ’ਚ ਵਰਤੀ ਜਾਣ ਵਾਲੀ ਇਕ ਆਮ ਡਾਈ ਐੱਫ. ਡੀ. ਐਂਡ ਸੀ. ਯੈਲੋ-5 ਟਾਟ੍ਰੇਜਿਨ ਦੀ ਵਰਤੋਂ ਕੀਤੀ। ਚਰਬੀ ਨਾਲ ਮਿਲਣ ਤੋਂ ਬਾਅਦ ਇਹ ਉਸ ਨੂੰ ਪਾਣੀ ਵਾਂਗ ਪਾਰਦਰਸ਼ੀ ਬਣਾ ਦਿੰਦੀ ਹੈ। ਇਸ ਦੇ ਟਿਸ਼ੂਆਂ ’ਚ ਭਰੇ ਤਰਲ ਨਾਲ ਇਹ ਆਸਾਨੀ ਨਾਲ ਮਿਲ ਜਾਂਦੀ ਹੈ ਅਤੇ ਉਨ੍ਹਾਂ ਨੂੰ ਪਾਰਦਰਸ਼ੀ ਬਣਾਉਂਦੀ ਹੈ।
ਜੇਕਰ ਇਸ ਡਾਈ ਦੀ ਵਰਤੋਂ ਸਿਰਫ਼ ਚਮੜੀ ’ਚ ਕੀਤੀ ਜਾਵੇ ਤਾਂ ਅੰਦਰੂਨੀ ਅੰਗਾਂ ਦਾ ਸਿੱਧਾ ਅਧਿਐਨ ਕੀਤਾ ਜਾ ਸਕਦਾ ਹੈ। ਵਿਗਿਆਨੀਆਂ ਨੇ ਜਦੋਂ ਅਜਿਹਾ ਕੀਤਾ ਤਾਂ ਉਹ ਚੂਹੇ ਦੀਆਂ ਖੂਨ ਦੀਆਂ ਨਾੜੀਆਂ, ਆਂਦਰਾਂ ’ਚ ਚੱਲ ਰਹੀ ਪਾਚਨ ਪ੍ਰਕਿਰਿਆ ਅਤੇ ਇਥੋਂ ਤੱਕ ਕਿ ਉਸ ਦੇ ਸਾਹ ਲੈਣ ਦੀਆਂ ਸਰਗਰਮੀਆਂ ਨੂੰ ਸਪਸ਼ਟ ਤੌਰ ’ਤੇ ਦੇਖ ਸਕੇ। ਟਾਟ੍ਰੇਜਿਨ ਖੂਨ ਦੀ ਡਾਈ ਹੈ, ਇਸ ਲਈ ਇਹ ਜੀਵਤ ਚੀਜ਼ਾਂ ਲਈ ਸੁਰੱਖਿਅਤ ਹੈ।