ਧੋਖੇ ਨਾਲ 15 ਏਕੜ ਜ਼ਮੀਨ ਵੇਚਣ ਦੇ ਮਾਮਲੇ ਵਿਚੋਂ ਮੁਲਜ਼ਿਮ ਬਰੀ
Thursday, Aug 27, 2026 - 06:19 PM (IST)
ਨਿਹਾਲ ਸਿੰਘ ਵਾਲਾ (ਬਾਵਾ) : ਧੋਖੇ ਨਾਲ 15 ਏਕੜ ਜ਼ਮੀਨ ਵੇਚਣ ਦੇ ਮਾਮਲੇ ਵਿਚ ਨਿਹਾਲ ਸਿੰਘ ਵਾਲਾ ਦੀ ਮਾਣਯੋਗ ਅਦਾਲਤ ਨੇ ਮੁਲਜ਼ਮ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਹੈ। ਐਡਵੋਕੇਟ ਦਲਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਰਾਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਜੋ ਕਿ ਕੈਨੇਡਾ ਵਿਚ ਰਹਿੰਦੇ ਹਨ ਉਨ੍ਹਾ ਦੀ 15 ਏਕੜ ਜ਼ਮੀਨ ਪਿੰਡ ਬੁੱਟਰ ਵਿਖੇ ਹੈ ਜਿਸ ਦਾ ਕੋਈ ਅਣਪਛਾਤਾ ਰਜਿੰਦਰ ਸਿੰਘ ਬਣ ਕੇ 31 ਲੱਖ ਰੁਪਏ ਬਿਆਨੇ ਦੇ ਤੌਰ 'ਤੇ ਇੰਦਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਆਹਲੂਪੁਰ ਜ਼ਿਲਾ ਮਾਨਸਾ ਤੋਂ ਲੈ ਗਿਆ।
ਇਸ ਸਬੰਧੀ ਉਕਤ ਰਜਿੰਦਰ ਸਿੰਘ ਦੇ ਮੁਖ਼ਤਿਆਰ ਤੇਜਿੰਦਰ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਮੋਗਾ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਨੰਬਰ 116 ਮਿਤੀ 22/09/2022 ਅਧੀਨ ਧਾਰਾ 409, 420, 465, 467, 468, 471 ਆਈ ਪੀ ਸੀ, ਥਾਣਾ ਬੱਧਨੀ ਕਲਾਂ ਵਿਖੇ ਨਾਜਰ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਮੋਗਾ ਅਤੇ ਬੇਅੰਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਡਾਲਾ ਜ਼ਿਲਾ ਮੋਗਾ ਖਿਲਾਫ ਦਰਜ ਹੋਇਆ। ਉਕਤ ਮੁਕੱਦਮੇ ਵਿਚ ਦੋਸ਼ੀ ਬੇਅੰਤ ਸਿੰਘ ਦੇ ਵਕੀਲ ਦਲਜੀਤ ਸਿੰਘ ਧਾਲੀਵਾਲ ਅਤੇ ਪਰਵਿੰਦਰ ਸਿੰਘ ਮਧੇਕੇ ਨੇ ਦੋਸ਼ੀ ਬੇਅੰਤ ਸਿੰਘ ਦਾ ਪੱਖ ਪੇਸ਼ ਕੀਤਾ। ਮਾਣਯੋਗ ਅਦਾਲਤ ਸ਼੍ਰੀਮਤੀ ਸ਼ਿਵਾਂਗੀ ਸੰਗਰ ਐੱਸ. ਡੀ. ਜੇ. ਐਮ. ਨਿਹਾਲ ਸਿੰਘ ਵਾਲਾ ਨੇ ਉਹਨਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਕਤ ਦੋਸ਼ੀ ਬੇਅੰਤ ਸਿੰਘ ਨੂੰ ਬਾਇਜੱਤ ਬਰੀ ਕਰਨ ਦਾ ਫੈਸਲਾ ਸੁਣਾਇਆ ਹੈ।
