ਹੈਰੋਇਨ ਸਮੇਤ 3 ਸਮੱਗਲਰ ਕਾਰ ਸਮੇਤ ਕਾਬੂ
Wednesday, Jan 22, 2025 - 06:26 PM (IST)
ਮੋਗਾ (ਆਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਨਸ਼ਿਆ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸੀ. ਆਈ. ਏ. ਸਟਾਫ਼ ਮੋਗਾ ਨੇ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ ਤਿੰਨ ਕਥਿਤ ਸਮੱਗਲਰਾਂ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਮੋਗਾ ਪੁਲਸ ਵੱਲੋਂ ਐੱਸ. ਪੀ. ਆਈ. ਬਾਲ ਕ੍ਰਿਸ਼ਨ ਸਿੰਗਲਾ, ਡੀ. ਐੱਸ. ਪੀ. ਆਈ. ਲਵਦੀਪ ਸਿੰਘ ਗਿੱਲ ਅਤੇ ਡੀ. ਐੱਸ. ਪੀ. ਸਿਟੀ ਰਵਿੰਦਰ ਸਿੰਘ ਦੀ ਅਗਵਾਈ ਹੇਠ ਜਦੋਂ ਸੀ. ਆਈ. ਏ. ਸਟਾਫ਼ ਮੋਗਾ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਅਤੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਰੇਲਵੇ ਫਾਟਕ ਡਗਰੂ ਕੋਲ ਮੌਜੂਦ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਰਣਜੀਤ ਸਿੰਘ ਨਿਵਾਸੀ ਕੋਟਕਪੂਰਾ, ਹਰਪ੍ਰੀਤ ਸਿੰਘ ਨਿਵਾਸੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਲਜੀਤ ਸਿੰਘ ਉਰਫ ਹੈਪੀ ਨਿਵਾਸੀ ਪਿੰਡ ਦੇਵੀਵਾਲਾ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਅੱਜ ਵੀ ਉਹ ਤਿੰਨੋਂ ਭਾਰੀ ਮਾਤਰਾ ਵਿਚ ਹੈਰੋਇਨ ਲੈਕੇ ਕਾਰ ਰਾਹੀਂ ਆਏ ਹਨ ਜੋ ਮੋਗਾ ਫਿਰੋਜ਼ਪੁਰ ਰੋਡ ’ਤੇ ਸਥਿਤ ਪਿੰਡ ਜੋਗੇਵਾਲਾ ਦੇ ਸ਼ਮਸ਼ਾਨਘਾਟ ਕੋਲ ਖੜ੍ਹੇ ਹਨ ਅਤੇ ਗ੍ਰਾਹਕਾਂ ਦੀ ਉਡੀਕ ਕਰ ਰਹੇ ਹਨ।
ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦੇ ਹਨ, ਜਿਸ ’ਤੇ ਇੰਸਪੈਕਟਰ ਦਲਜੀਤ ਸਿੰਘ, ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਪੁਲਸ ਪਾਰਟੀ ਸਮੇਤ ਦੱਸੀ ਗਈ ਜਗ੍ਹਾ ’ਤੇ ਛਾਪੇਮਾਰੀ ਕਰ ਕੇ ਤਿੰਨੋਂ ਕਥਿਤ ਸਮੱਗਲਰਾਂ ਨੂੰ ਮਾਰੂਤੀ ਕਾਰ ਸਮੇਤ ਜਾ ਦਬੋਚਿਆ ਅਤੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਮੁੱਲ ਦੀ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਨ੍ਹਾਂ ਖ਼ਿਲਾਫ਼ ਥਾਣਾ ਸਦਰ ਮੋਗਾ ਵਿਚ ਮਾਮਲਾ ਦਰਜ ਕਰਨ ਦੇ ਬਾਅਦ ਸੀ. ਆਈ. ਏ. ਸਟਾਫ਼ ਵਲੋਂ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਕਥਿਤ ਸਮੱਗਲਰਾਂ ਕੋਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਕਤ ਹੈਰੋਇਨ ਕਿੱਥੋਂ ਲੈਕੇ ਆਏ ਹਨ ਅਤੇ ਕਿੱਥੇ ਸਪਲਾਈ ਕਰਨੀ ਸੀ? ਜਲਦੀ ਹੀ ਹੈਰੋਇਨ ਸਮੱਗਲਿੰਗ ਦੇ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।