ਵੱਖ-ਵੱਖ ਹਾਦਸਿਆਂ ਵਿਚ ਭਿੜੀਆਂ ਗੱਡੀਆਂ

Monday, Jan 20, 2025 - 06:15 PM (IST)

ਵੱਖ-ਵੱਖ ਹਾਦਸਿਆਂ ਵਿਚ ਭਿੜੀਆਂ ਗੱਡੀਆਂ

ਮੋਗਾ (ਆਜ਼ਾਦ) : ਕੋਟਕਪੂਰਾ ਬਾਈਪਾਸ ’ਤੇ ਲਾਲ ਸਿੰਘ ਰੋਡ ਦੇ ਨੇੜੇ ਲੱਕੜਾਂ ਨਾਲ ਭਰੇ ਕੈਂਟਰ ਅਤੇ ਤਿੰਨ ਕਾਰਾਂ ਵਿਚਕਾਰ ਜ਼ਬਰਦਸਤ ਟੱਕਰ ਹੋਣ ਦਾ ਪਤਾ ਲੱਗਾ ਹੈ, ਜਿਸ ਨਾਲ ਤਿੰਨਾਂ ਕਾਰਾਂ ਦਾ ਕਾਫੀ ਨੁਕਸਾਨ ਹੋਇਆ। ਇਸ ਹਾਦਸੇ ਵਿਚ ਦੋ ਵਿਅਕਤੀਆਂ ਦੇ ਮਾਮੂਲੀ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਹਾਦਸੇ ਦਾ ਪਤਾ ਲੱਗਣ ’ਤੇ ਐੱਸ. ਐੱਸ. ਐੱਫ਼. ਦੇ ਸਹਾਇਕ ਥਾਣੇਦਾਰ ਪਿਰਤਪਾਲ ਸਿੰਘ, ਗੁਰਜੀਤ ਸਿੰਘ, ਮਨਜੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਸਾਰੀਆਂ ਹਾਦਸਾਗ੍ਰਸਤ ਗੱਡੀਆਂ ਨੂੰ ਇਕ ਪਾਸੇ ਕਰਕੇ ਟ੍ਰੈਫਿਕ ਨੂੰ ਸ਼ੁਰੂ ਕਰਵਾਇਆ। 

ਮਿਲੀ ਜਾਣਕਾਰੀ ਅਨੁਸਾਰ ਕੋਟਕਪੂਰਾ ਸਾਈਡ ਤੋਂ ਲੱਕੜਾਂ ਨਾਲ ਭਰਿਆ ਇਕ ਕੈਂਟਰ ਆਇਆ ਅਤੇ ਉਹ ਟ੍ਰੈਫਿਕ ਜਾਮ ਹੋਣ ਕਾਰਣ ਖੜ੍ਹੀਆਂ ਕਾਰਾਂ ਦੇ ਪਿੱਛੇ ਜਾ ਟਕਰਾਇਆ, ਜਿਸ ਕਾਰਣ ਗੱਡੀਆਂ ਦਾ ਕਾਫ਼ੀ ਨੁਕਸਾਨ ਹੋਇਆ। ਕੈਂਟਰ ਚਾਲਕ ਜਸਕਰਨ ਸਿੰਘ ਨੇ ਕਿਹਾ ਕਿ ਅੱਗੇ ਜਾ ਰਹੀ ਕਾਰ ਵਾਲੇ ਨੇ ਅਚਾਨਕ ਬਰੇਕ ਲਗਾ ਦਿੱਤੀ, ਜਿਸ ਕਾਰਣ ਮੇਰਾ ਕੈਂਟਰ ਉਸ ਵਿਚ ਜਾ ਟਕਰਾਇਆ ਅਤੇ ਉਹ ਅੱਗੇ ਕਾਰਾਂ ਵਿਚ ਜਾ ਵੱਜੀ।

ਇਸੇ ਤਰ੍ਹਾਂ ਬਾਘਾ ਪੁਰਾਣਾ ਨੇੜੇ ਮੁੱਦਕੀ ਰੋਡ ’ਤੇ ਦੋ ਕਾਰਾਂ ਵਿਚਕਾਰ ਟੱਕਰ ਹੋਣ ਕਾਰਣ ਦੋਨੇ ਕਾਰਾਂ ਪਲਟ ਗਈਆਂ, ਜਿਸ ਨਾਲ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਹਾਦਸੇ ਦੀ ਜਾਣਕਾਰੀ ਮਿਲਣ ’ਤੇ ਐੱਸ. ਐੱਸ. ਐੱਫ਼. ਦੀ ਟੀਮ ਮੌਕੇ ’ਤੇ ਪੁੱਜੀ ਅਤੇ ਗੱਡੀਆਂ ਨੂੰ ਠੀਕ ਕਰਵਾਇਆ। ਐੱਸ. ਐੱਸ. ਐੱਫ. ਦੀ ਟੀਮ ਨੇ ਦੱਸਿਆ ਕਿ ਉਕਤ ਹਾਦਸਾ ਗੱਡੀਆਂ ਦੇ ਸੰਤੁਲਨ ਵਿਗੜ ਜਾਣ ਕਾਰਣ ਹੋਇਆ। ਦੋਨਾਂ ਹਾਦਸਿਆਂ ਸਬੰਧੀ ਸਬੰਧਤ ਥਾਣਿਆਂ ਨੂੰ ਸੂਚਿਤ ਕੀਤਾ ਗਿਆ ਹੈ।


author

Gurminder Singh

Content Editor

Related News