ਕਿਤਾਬ ਘਰ 8 : ਵਿਦੇਸ਼ੀ ਜ਼ਿੰਦਗੀ ਦੀ ਦੂਰੋਂ ਦਿਖਦੀ ਚਮਕ-ਦਮਕ ਦਾ ਪ੍ਰਤੀਕ ਨਾਵਲ 'ਉਸ ਪਾਰ ਜ਼ਿੰਦਗੀ'

01/19/2021 10:35:40 AM

ਬਿੰਦਰ ਕੋਲੀਆਂ ਵਾਲ ਇਸ ਵੇਲੇ ਇਟਲੀ ’ਚ ਵਸਿਆ ਹੋਇਆ ਹੈ। ਉਹ ਬਹੁ ਵਿਧ ਲੇਖਕ ਹੈ, ਜੋ ਵੱਖ-ਵੱਖ ਇਤਿਹਾਸਕ, ਪ੍ਰੇਰਿਕ ਤੇ ਚਲੰਤ ਵਿਸ਼ਿਆਂ ਉੱਤੇ ਨਿਰੰਤਰ ਕਲਮ ਚਲਾ ਰਿਹਾ ਹੈ । ਪਿਛਲੇ ਸਾਲ ਮੈਂ ਉਸ ਦੁਆਰਾ ਲਿਖਿਆ “ਲਾਲ ਪਾਣੀ ਛੱਪੜਾਂ ਦੇ” ਨਾਵਲ ਦਾ ਪਾਠ ਅਧਿਐਨ ਕੀਤਾ ਸੀ, ਜਿਸ ਵਿੱਚ ਲੇਖਕ ਨੇ 1947 ’ਚ ਵਾਪਰੀ ਖੂਨੀ ਵਰਤਾਰੇ ਦੀ ਘਟਨਾ ਨੂੰ ਲੈ ਕੇ ਵਧੀਆ ਦ੍ਰਿਸ਼ਟਾਂਟ ਪੇਸ਼ ਕੀਤਾ ਸੀ। ਇਸ ਨਵੇਂ ਨਾਵਲ “ਉਸ ਪਾਰ ਜ਼ਿੰਦਗੀ’’ ਵਿੱਚ ਲੇਖਕ ਨੇ ਪੰਜਾਬੀ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਤੇ ਦੂਜਾ ਵਿਦੇਸ਼ੀ ਜ਼ਿੰਦਗੀ ਦੀ ਦੂਰੋਂ ਦਿਖਦੀ ਚਮਕ-ਦਮਕ ਕਾਰਨ ਵਿਦੇਸ਼ਾਂ ਪ੍ਰਤੀ ਪੈਦਾ ਹੋ ਰਹੀ ਖਿੱਚ ਕਾਰਨ ਵੱਧ ਰਹੇ ਪਲਾਇਨ ਕਰਨ ਦੇ ਰੂਝਾਨ ਅਤੇ ਉਸ ਦੀ ਅਸਲੀਅਤ ਦੇ ਮੁੱਦੇ ਨੂੰ ਪੇਸ਼ ਕੀਤਾ ਹੈ। 

ਨਾਵਲ ਦਾ ਵਿਸ਼ਾ ਸਮੇਂ ਦੀ ਮੰਗ ਮੁਤਾਬਕ ਬਹੁਤ ਢੁੱਕਵਾਂ ਚੁੱਣਿਆ ਗਿਆ ਹੈ। ਨਾਵਲ ਦੀ ਪਟ ਕਥਾ ਜਿਵੇਂ ਜਿਵੇਂ ਅੱਗੇ ਤੁਰਦੀ ਹੈ, ਪਾਠਕ ਦੀ ਹੋਰ ਅੱਗੇ ਜਾਨਣ ਦੀ ਉਤਸੁਕਤਾ ਬਣੀ ਰਹਿੰਦੀ ਹੈ। ਏਹੀ ਕਾਰਨ ਹੈ ਕਿ ਮੈਂ ਲੇਖਕ ਦਾ ਇਹ ਨਾਵਲ ਇਕ ਸਿਟਿੰਗ ਵਿੱਚ ਹੀ ਪੜ੍ਹਿਆ ਹੈ। ਨਾਵਲ ਵਿੱਚ ਦੇਸ਼ ਵਿਦੇਸ਼ ’ਚ ਫੈਲੇ ਟਰੈਵਲ ਏਜੰਟਾਂ ਦੇ ਮਕੜਜਾਲ ਦੀ ਤਸਵੀਰ ਪੇਸ਼ ਕਰਨ ਦੇ ਨਾਲ-ਨਾਲ ਉਨ੍ਹਾਂ ਦੁਆਰਾ ਮਨੁੱਖੀ ਸਮੱਗਲਿੰਗ ਦੇ ਢੰਗ ਤਰੀਕਿਆਂ ਦੀ ਪੇਸ਼ਕਾਰੀ ਬਹੁਤ ਵਧੀਆ ਢੰਗ ਨਾਲ ਪੇਸ਼ ਕਰਕੇ ਵੱਡਾ ਸੁਨੇਹਾ ਦਿੱਤਾ ਗਿਆ ਹੈ ਕਿ ਨੌਜਵਾਨਾਂ ਨੂੰ ਵਿਦੇਸ਼ ਜਾਣ ਵਾਸਤੇ ਗ਼ੈਰ ਕਨੂੰਨੀ ਢੰਗ ਅਪਣਾਉਣ ਦੀ ਬਜਾਏ ਕਨੂੰਨੀ ਢੰਗ ਤਰੀਕੇ ਅਪਣਾਉਣੇ ਚਾਹੀਦੇ ਹਨ ਨਹੀਂ ਤਾਂ ਜੰਗਲੀ ਰਸਤਿਆਂ ਵਿੱਚ ਜਾਨ ਜੋਖ਼ਮ ’ਚ ਪਾਉਣੀ ਪੈ ਸਕਦੀ ਹੈ ਅਤੇ ਜਾਨ ਗੁਆਉਣੀ ਵੀ ਪੈ ਸਕਦੀ ਹੈ। 

PunjabKesari

ਲੇਖਕ : ਬਿੰਦਰ ਕੋਲੀਆਂ ਵਾਲ

ਲਾਲੀ, ਦੀਪ, ਕਮਲ, ਰੀਨਾ ਵਰਗੇ ਪਾਤਰਾਂ ਨੇ ਅਮਰੀਕਾ ਜਾਣ ਵਾਸਤੇ, ਜੋ ਦਰਦ ਹੰਢਾਏ, ਉਨ੍ਹਾਂ ਨੂੰ ਪੜ੍ਹ ਸੁਣਕੇ ਇਕ ਵਾਰ ਤਾਂ ਰੂਹ ਕੰਬ ਜਾਂਦੀ ਹੈ। ਇਕਵਾਡੋਰ, ਪਨਾਮਾ ਤੇ ਮੈਕਸੀਕੋ ਦੇ ਜੰਗਲ਼ਾਂ ’ਚੋਂ ਡੌਂਕਰਾਂ ਦੀ ਅਗਵਾਈ ’ਚ ਗੁਜ਼ਰਦਿਆਂ ਮਨੁੱਖੀ ਕਰੰਗ, ਪੰਜਾਬੀ ਨੌਜਵਾਨਾਂ ਦੀਆਂ ਲਾਵਾਰਿਸ ਲਾਸ਼ਾਂ, ਸੰਮੁਦਰਾਂ ’ਚ ਡੁੱਬਦੀਆਂ ਕਿਸ਼ਤੀਆਂ ਦੇ ਬਿਰਤਾਂਤ ਆਦਿ ਪੜ੍ਹਨ ਤੋਂ ਬਾਅਦ ਇੰਜ ਮਹਿਸੂਸ ਹੋਇਆ ਕਿ ਇਨ੍ਹਾਂ ਘਟਨਾਵਾਂ ਦਾ ਚਿੱਤਰਣ ਕਰਕੇ ਨਾਵਲਕਾਰ ਨੇ ਇਸ ਨੂੰ ਗਲਪ ਜੁਗਤਾਂ ਰਾਹੀਂ ਪੇਸ਼ ਕਰਨ ਦੀ ਬਜਾਏ, ਇਕ ਤੱਥਮੂਲਕ ਇਤਿਹਾਸਕ ਰਚਨਾ ਵਜੋਂ ਪੇਸ਼ ਕੀਤਾ। ਪੁਸਤਕ ਦੇ ਕੁੱਲ 18 ਕਾਂਡ ਹਨ ਅਤੇ ਹਰ ਕਾਂਡ ਦੀ ਸ਼ੁਰੂਆਤ ਪਰੇਰਿਕ ਪਰਸੰਗ ਨਾਲ ਕੀਤੀ ਗਈ ਹੈ, ਜਿਵੇਂ : 

"ਕਹਿੰਦੇ ਆ ਇਨਸਾਨ ਜਿੰਨੀ ਮਰਜੀ ਦੌੜ ਭੱਜ ਕਰ ਲਵੇ ਪਰ ਜਿੱਥੇ ਉਹਦਾ ਦਾਣਾ ਪਾਣੀ ਲਿਖਿਆ ਹੋਇਆ ਹੈ। ਕਿਸੇ ਨਾ ਕਿਸੇ ਬਹਾਨੇ ਇਨਸਾਨ ਉਸ ਜਗ੍ਹਾ ਪਹੁੰਚ ਹੀ ਜਾਂਦਾ ਹੈ। ਕੋਸ਼ਿਸ਼ ਕਰਨੀ ਇਨਸਾਨ ਦਾ ਫਰਜ਼ ਹੈ ਪਰ ਉਸ ਨੂੰ ਕਾਮਯਾਬ ਕਰਨਾ ਜਾਂ ਨਾ ਕਰਨਾ ਉਸ ਮਾਲਕ ਦੇ ਹੱਥ ਹੁੰਦਾ ਹੈ। ਕਈ ਵਾਰ ਕੋਈ ਆਦਮੀ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚਦਾ ਅਤੇ ਕਈ ਵਾਰ ਕੋਈ ਆਦਮੀ ਆਪਣੀ ਪਹਿਲੀ ਕੋਸ਼ਿਸ਼ ਕਰਨ 'ਤੇ ਹੀ ਸਿੱਖਰਾਂ 'ਤੇ ਪਹੁੰਚ ਜਾਂਦਾ ਹੈ ।"

ਪੁਸਤਕ ਵਿਚ ਭਾਂਤ ਸਭਾਂਤੀ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ। ਵਾਰਤਾਲਾਪੀ ਰੰਗਣ ਦੇ ਨਾਲ-ਨਾਲ ਪਰੇਰਿਕ ਤੇ ਲੇਖਕ ਦੀਆਂ ਨਿੱਜੀ ਟਿੱਪਣੀਆਂ ’ਤੇ ਸੁਝਾਅ ਵੀ ਪੜ੍ਹਨ ਨੂੰ ਮਿਲਦੇ ਹਨ। ਵਾਕ ਬਣਤਰ ਵਧੀਆ ਹੈ ਪਰ ਕਿਧਰੇ ਕਿਧਰੇ ਵਾਕ ਤੇ ਪੈਰਾ ਦੁਹਰਾ ਕੀਤਾ ਗਿਆ ਹੈ। ਸ਼ਬਦ ਜੋੜਾਂ ਦੀਆਂ ਗਲਤੀਆ ਬੇਸ਼ੱਕ ਬਹੁਤ ਘੱਟ ਹਨ, ਪਰ ਜੋ ਹਨ ਉਹ ਰਚਨਾ ਵਿੱਚ ਦਾਲ ਵਿਚ ਕੋਕੜੂ ਹੋਣ ਪ੍ਰਭਾਵ ਦੇਂਦੀਆ ਹਨ। ਜਿਥੋਂ ਤੱਕ ਨਾਵਲ ਦੇ ਪਲਾਟ ਦੀ ਗੱਲ ਹੈ, ਇਸ ਸੰਬੰਧੀ ਕਿਹਾ ਜਾ ਸਕਦਾ ਹੈ ਕਿ ਸਮੂਹ ਕਾਂਡਾਂ ਵਿਚ ਘਟਨਾਵਾਂ ਦੀ ਲੜੀਬੱਧ ਪੇਸ਼ਕਾਰੀ ਬੜੇ ਹੀ ਗੁੰਦਵੇਂ ਰੂਪ ਵਿਚ ਕੀਤੀ ਗਈ ਹੈ। ਦੁਆਬੀ ਰੰਗਣ ਵਾਲੀ ਪੰਜਾਬੀ ਦਾ ਝਲਕਾਰਾ ਆਮ ਹੀ ਪੈ ਰਿਹਾ ਹੈ ਅਤੇ ਬੋਲੀ ’ਚ ਲੋੜ ਮੂਜਬ ਮਹਾਵਰ੍ਹਿਆਂ ਅਤੇ ਅਖਾਣਾ ਦੀ ਵਰਤੋਂ ਵੀ ਢੁੱਕਵੀਂ ਕੀਤੀ ਗਈ ਹੈ। ਕੁਲ ਮਿਲਾ ਕੇ ਮੈਨੂੰ ਇਹ ਕਹਿਣ ’ਚ ਸੰਕੋਚ ਨਹੀਂ ਕਿ ਨਾਵਲਕਾਰ ਬਿੰਦਰ ਕੋਲੀਆਂ ਵਾਲ ਦੀ ਇਸ ਪੁਸਤਕ ਵਿਚ ਗਲਪੀ ਅੰਸ਼ ਹੋਣ ਦੇ ਬਾਵਜੂਦ ਇਸ ਵਿਚ ਤੱਥਮੂਲਕਤਾ ਵਧੇਰੇ ਹੈ। ਪੁਸਤਕ ਅੱਜ ਦੇ ਨੌਜਵਾਨ ਅੱਗੇ ਗੈਰਕਾਨੂਨੀ ਤੌਰ 'ਤੇ ਵਿਦੇਸ਼ ਜਾਣ  ਦੇ ਖ਼ਤਰਿਆ ਤੇ ਦੁਸ਼ਵਾਰੀਆ ਦਾ ਵਧੀਆ ਖੁਲਾਸਾ ਕਰਦੀ ਹੈ । ਮੈਂ ਆਪਣੀ ਵੱਲੋਂ ਇਸ ਪੁਸਤਕ ਦਾ ਭਰਵਾਂ ਸਵਾਗਤ ਕਰਦਾ ਹਾਂ ਤੇ ਬਿੰਦਰ ਕੋਲੀਆਂ ਵਾਲ ਨੂੰ ਵਧਾਈ ਦਿੰਦਾਂ ਹੋਇਆ ਸਮੂਹ ਪੰਜਾਬੀਆ ਨੂੰ ਇਹ ਪੁਸਤਕ ਪੜ੍ਹਨ ਦੀ ਪੁਰਜੋਰ ਸ਼ਿਫਾਰਸ਼ ਕਰਦਾ ਹਾਂ।


ਪੁਸਤਕ ਰਿਵੀਊ ਕਰਤਾ : ਪ੍ਰੋ : ਸ਼ਿੰਗਾਰਾ ਸਿੰਘ ਢਿੱਲੋਂ 
ਨਾਵਲ : ਉਸ ਪਾਰ ਜ਼ਿੰਦਗੀ (ਨਾਵਲ)
ਲੇਖਕ : ਬਿੰਦਰ ਕੋਲੀਆਂ ਵਾਲ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਪਟਿਆਲ਼ਾ (2020)
ਪੰਨੇ : 150 ਮੁੱਲ : 200.00 
(ISBN: 978-81-944542-7-4)

PunjabKesari

ਰਿਵੀਊ ਕਰਤਾ : ਪ੍ਰੋ : ਸ਼ਿੰਗਾਰਾ ਸਿੰਘ ਢਿੱਲੋਂ


rajwinder kaur

Content Editor

Related News