“ਸੱਚੇ ਰਿਸ਼ਤੇ“
Saturday, Feb 09, 2019 - 05:11 PM (IST)

ਧਰਤੀ ਦੀ ਸਿਰਜਨਾ, ਇੰਨਸਾਨ ਨੂੰ ਰੱਬ ਤੋਂ ਵਰਦਾਨ ਮਿਲਿਆ,
ਕਿਰਤ ਕਮਾਉਣ ਅਤੇ ਮਨੁੱਖਤਾ ਦੀ ਸੇਵਾਕਰਨ ਦਾ ਦਾਨ ਮਿਲਿਆ।
ਦੁਨੀਆ ਤੋਂ ਅਨਜਾਨ, ਲੋਕ ਧਰਤੀ ਤੇ ਜਨਮ ਲੈ ਕੇ ਆਉਂਦੇ ਨੇ,
ਨਾ ਹੁੰਦਾ ਹੋਸ਼, ਨਾ ਕੋਈ ਸਮਝ, ਬਿਨ੍ਹਾਂ ਸੂਰਤ ਦੇ ਹੰਝੂ ਵਹਾਉਂਦੇ ਨੇ,
ਬੱਚੇ ਦੇ ਜਨਮ ਤੇ ਜੋ ਲੋਕ ਨੱਚਦੇ-ਗਾਉਂਦੇ, ਖੁਸ਼ੀਆਂ ਮਨਾਉਂਦੇ ਨੇ,
ਦਾਦੇ-ਦਾਦੀ, ਨਾਨੇ-ਨਾਨੀ ਦੇ ਰੂਪ 'ਚ, ਸੱਚੇ ਰਿਸ਼ਤੇ ਕਹਿਲਾਉਂਦੇ ਨੇ।
ਜਿਨਾਂ ਜ਼ਰੀਆ ਬਣ ਸਾਨੂੰ ਜੰਮਿਆ, ਜੋ ਦੁਨੀਆ ਤੋਂ ਜਾਣੂ ਕਰਵਾਉਂਦੇ ਨੇ,
ਬੱਚਿਆਂ ਦੀ ਭੁੱਖ-ਪਿਆਸ ਲਈ, ਜੋ ਰੋਟੀ ਖਾਉਣਾ ਭੁੱਲ ਜਾਂਦੇ ਨੇ,
ਬਣ ਸਕੀਏ ਦੁਨੀਆ ਵਿੱਚ ਕਾਬਲ, ਸਾਨੂੰ ਅਜਿਹਾ ਪਾਠ ਪੜਾਉਂਦੇ ਨੇ,
ਦਿਲੋਂ ਫਿਕਰ ਕਰਨ ਵਾਲੇ ਰਿਸ਼ਤੇ, ਮਾਤਾ-ਪਿਤਾ ਕਹਿਲਾਉਂਦੇ ਨੇ।
ਰਿਸ਼ਤਿਆਂ ਵਿੱਚ ਆਉਂਦੇ ਭੈਣ-ਭਰਾ, ਚਾਚੇ-ਤਾਏ ਵੀ ਆਉਂਦੇ ਨੇ,
ਜੋ ਮਾਪਿਆਂ ਦੇ ਨਾਲ ਪਰਿਵਾਰ ਵਿੱਚ, ਵੱਡਿਆਂ ਦਾ ਅਹਿਸਾਸ ਦਿਲਾਉਂਦੇ ਨੇ,
ਜੱਦ ਤੱਕ ਹੈ ਹੋਂਦ ਮਾਪਿਆਂ ਦੀ, ਇਹ ਰਿਸ਼ਤੇ ਸਾਥ ਨਿਭਾਉਂਦੇ ਨੇ,
ਮਾਪਿਆਂ ਦੇ ਜਾਣ ਮਗਰੋਂ, ਇਹ ਬੱਸ ਨਾਂ ਦੇ ਰਿਸ਼ਤੇ ਕਹਿਲਾਉਂਦੇ ਨੇ।
ਹਾਂ ਸਖਤ ਖਿਲਾਫ ਦਹੇਜ ਦੇ ਉਹ ਸਮਾਜ ਸੇਵਕ ਕਹਿਲਾਉਂਦੇ ਨੇ,
ਨਾ ਪਿਆ ਸ਼ਗਨ ਨਾ ਗਹਿਣਾ ਕੋਈ, ਪਿੱਠ ਪਿੱਛੇ ਮੂੰਹ ਬਣਾਉਂਦੇ ਨੇ,
ਨਹੀਂ ਜੱਚਦੀ ਜੋੜੀ ਦੋਵਾਂ ਦੀ, ਲੋਕਾਂ ਵਿੱਚ ਚੁੱਗਲੀ ਕਰਾਉਂਦੇ ਨੇ,
ਇਹੋ ਜਿਹੇ ਇਨਸਾਨ ਪਰਿਵਾਰਾਂ ਵਿੱਚ, ਸੱਚੇ ਰਿਸ਼ਤੇ ਕਹਿਲਾਉਂਦੇ ਨੇ।
ਸਾਨੂੰ ਬਣ ਮਾਪਿਆਂ ਪਾਲਿਆ, ਸਾਰੀ ਉਮਰ ਅਹਿਸਾਨ ਜਤਾਉਂਦੇ ਨੇ,
ਇਕ ਉਹ ਮਾਤਾ-ਪਿਤਾ ਸੀ, ਜਿਨਾਂ ਸਾਰੀ ਉਮਰ ਹਸਾਇਆ ਸਾਨੂੰ,
ਇਕ ਇਹ ਮਾਤਾ-ਪਿਤਾ ਨੇ, ਜੋ ਹਮੇਸ਼ਾ ਸਾਨੂੰ ਰਵਾਉਂਦੇ ਨੇ,
ਪਰ ਫੇਰ ਵੀ ਕਿਉਂ ਇਹ ਲੋਕ, ਸੱਚੇ ਰਿਸ਼ਤੇ ਕਹਿਲਾਉਂਦੇ ਨੇ।
ਕੁਝ ਰਿਸ਼ਤੇ ਨੇ ਪਰਿਵਾਰਾਂ ਵਿੱਚ, ਜੋ ਮਾਪਿਆਂ ਲਈ ਰੱਲ ਹੰਝੂ ਵਹਾਉਂਦੇ ਨੇ,
ਮਾਪਿਆਂ ਦੇ ਚੌਥੇ ਦੇ ਮਗਰੋਂ, ਇੱਕ ਦੂਜੇ ਨੂੰ ਨੋਟਿਸ ਭਿਜਵਾਉਂਦੇ ਨੇ,
ਵੰਡ ਲੈਂਦੇ ਘਰ ਜਾਇਦਾਦ ਸਾਰੀ, ਪਰਿਵਾਰ ਦੀ ਵੰਡ ਕਰਾਉਂਦੇ ਨੇ,
ਕਿਉਂ ਅਜਿਹੇ ਲੋਕ ਦੁਨੀਆ ਅੱਗੇ, ਸੱਚੇ ਰਿਸ਼ਤੇ ਕਹਿਲਾਉਂਦੇ ਨੇ।
ਇਹ ਦੁਨੀਆ ਤਮਾਸ਼ਾ ਵੇਖਦੀ ਹੈ, ਕੁਝ ਲੋਕ ਤਮਾਸ਼ਾ ਵਿਖਾਉਂਦੇ ਨੇ,
ਬਜ਼ੁਰਗਾਂ ਦੇ ਦਿੱਤੇ ਸੰਸਕਾਰਾਂ ਨੂੰ, ਲਾਲਚ ਦੇ ਲਈ ਭੁੱਲ ਜਾਂਦੇ ਨੇ,
ਭੈਣ-ਭਰਾਵਾਂ ਦੇ ਦੁੱਖਾਂ ਵਿੱਚ, ਜੋ ਲੋਕ ਖੁਸ਼ੀਆਂ ਮਨਾਉਂਦੇ ਨੇ,
ਪਰ ਫੇਰ ਵੀ ਕਿਉਂ ਇਹ ਲੋਕ ਹੀ, ਸੱਚੇ ਰਿਸ਼ਤੇ ਕਹਿਲਾਉਂਦੇ ਨੇ।
ਮਾਪਿਆਂ ਦੇ ਸੰਸਕਾਰ ਇਹੋ, ਜੋ ਸਾਰੀ ਉਮਰ ਸਮਝਾਉਂਦੇ ਨੇ,
ਸੱਚੇ ਭੈਣ-ਭਰਾ ਹੀ ਦੁਨੀਆ ਵਿੱਚ, ਇੱਕ ਦੂਜੇ ਦੇ ਕੰਮ ਆਉਂਦੇ ਨੇ,
ਕੋਈ ਬਰਕਤ ਨਹੀਂ ਉਸ ਘਰ ਵਿੱਚ, ਜਿਸ ਘਰ ਵਿੱਚ ਪਰਿਵਾਰ ਵੰਡ ਜਾਂਦੇ ਨੇ,
ਪਰ ਕਿਉਂ ਅਜਿਹੇ ਲੋਕ ਦੁਨੀਆ ਅੱਗੇ, ਸੱਚੇ ਰਿਸ਼ਤੇ ਕਹਿਲਾਉਂਦੇ ਨੇ।
ਧੰਨ ਹੈ ਦੇਸ਼ ਦੇ ਫੌਜੀ ਜੋ, ਵੱਖ-ਵੱਖ ਪਰਿਵਾਰਾਂ ਦੇ ਪੁੱਤ ਕਹਾਉਂਦੇ ਨੇ,
ਬਣ ਕੇ ਇਕ ਪਰਿਵਾਰ ਦਾ ਹਿੱਸਾ, ਆਪਣੇ ਦੇਸ਼ ਦਾ ਮਾਨ ਵਧਾਉਂਦੇ ਨੇ,
ਨਾ ਲਾਲਚ ਹੈ ਜਾਇਦਾਦ ਦਾ, ਇੱਕੋ ਪਹਿਰਾਵਾ ਪਾਉਂਦੇ ਨੇ,
ਇੱਕ ਦੂਜੇ ਦੇ ਸੁੱਖ-ਦੁੱਖ 'ਚ ਸ਼ਾਮਿਲ, ਇਹ ਸੱਚੇ ਰਿਸ਼ਤੇ ਕਹਿਲਾਉਂਦੇ ਨੇ।