ਰੁੱਖ
Monday, Jul 16, 2018 - 02:09 PM (IST)

ਮੈਂ, ਇਕ ਰੁੱਖ ਹਾਂ,
ਹਰਦਮ ਰਹਾਂ ਧੁੱਪਾਂ ਵਿਚ ਸੜਦਾ,
ਸੇਕੇ ਗੜ੍ਹੇ ਮੈਂ ਸਿਰ ਤੇ ਝਲਦਾ,
ਆਪਣੀ ਛਾਵੇਂ ਠਰਦਾ ਸੜਦਾ,
ਕਦੇਂ ਨਾ ਗਿਲਾ ਕਿਸੇ 'ਤੇ ਕਰਦਾ,
ਵੇਖੋ ਕੈਸਾ ਸੁੱਖ ਹਾਂ,
ਮੈਂ, ਇਕ ਰੁੱਖ ਹਾਂ।
ਕਦੇ ਨਾ ਦੇਖਾਂ ਆਪਣਾ ਬੇਗਾਨਾ,
ਪਨਾਹ 'ਚ ਆਇਆ ਸਭ ਨੂੰ ਆਪਣਾ ਜਾਣਾ,
ਤੂੰ ਵੀ ਮੇਰੇ ਕੋਲ ਸੀ ਆਇਆ,
ਘੁੱਟ ਕਾਲਜੇ ਸੀ ਤੈਨੂੰ ਲਾਇਆ,
ਮਿਟਾ ਨਾ ਸਕਿਆ ਤੇਰੀ ਭੁੱਖ ਹਾਂ,
ਮੈਂ, ਇਕ ਰੁੱਖ ਹਾਂ।
ਅੰਬਰਾਂ ਤਾਈਂ ਦੇਖਦਾ ਰਹਿੰਦਾ,
ਕੱਦ ਆਪਣਾ ਮੇਚਦਾ ਰਹਿੰਦਾ,
ਨਾ ਕੁਝ ਸੁਣਦਾ ਨਾ ਕੁਝ ਕਹਿੰਦਾ,
ਸਭ ਕੁਝ ਹੀ ਤਾਂ ਦੇਖਦਾ ਰਹਿੰਦਾ,
ਖਬਰੇ ਹਾਣੀ ਕਿਹੜੀ ਰੁੱਤ ਹਾਂ,
ਮੈਂ, ਇਕ ਰੁੱਖ ਹਾਂ।
ਤੂੰ ਬਹਾਰ ਬਣ ਸੀ ਸਾਹੀਂ ਘੁਲਿਆ,
ਮੈਂ ਸੀ ਪਤਝੜੀ ਉਡੀਕਾਂ 'ਚ ਰੁਲਿਆ,
ਰਾਹ ਤੇਰੀ ਮੇਰੀ ਨਜ਼ਰ ਖਾ ਗਏ,
ਡਾਹਢਿਆ ਤੂੰ ਨਾ ਅਜੇ ਵੀ ਮੁੜਿਆ,
ਆਖਰੀ ਬਚਿਆ ਜ਼ਿੰਦਗੀ ਵਾਲਾ ਘੁੱਟ ਹਾਂ,
ਮੈਂ, ਇਕ ਰੁੱਖ ਹਾਂ।
ਤੇਰੇ ਲਈ ਖੁਸ਼ੀ ਜਨ ਨਾ ਪਾਇਆ,
ਨਾਲ ਤੂੰ ਮੇਰੇ ਖੜ੍ਹ ਨਾ ਪਾਇਆ,
ਅੱਜ ਵੀ ਉਡੀਕਾਂ ਉੱਥੇ ਖੜ੍ਹ ਕੇ,
ਜਿੱਥੇ ਤੂੰ ਨਾ ਮੁੜ ਫੇਰਾ ਪਾਇਆ,
ਮੈਂ ਬਾਂਝ ਹੋਈ ਕੋਈ ਕੁੱਖ ਹਾਂ,
ਮੈਂ, ਇਕ ਰੁੱਖ ਹਾਂ।
ਰੋਜ਼ ਤੂੰ ਮੈਨੂੰ ਖਤਮ ਹੈ ਕਰਦਾ,
ਇਨਸਾਨ ਤੋਂ ਹੈਂ ਤੂੰ ਅਕ੍ਰਿਤਘਣ ਬਣਦਾ,
ਜਦ ਤੂੰ ਫੜੇ ਕੁਹਾੜਾ ਹੱਥ ਵਿਚ,
ਦਿਲ ਮੇਰਾ ਤੈਨੂੰ ਮਿਨਤਾਂ ਕਰਦਾ,
ਵੇਖ ਦੁਨੀਆ ਤੋਂ ਅੱਜ ਚੱਲਿਆ ਮੁੱਕ ਹਾਂ,
ਮੈਂ, ਇਕ ਰੁੱਖ ਹਾਂ।
ਮੈਂ, ਇਕ ਰੁੱਖ ਹਾਂ।
ਗੁਰਬਾਜ ਸਿੰਘ ਖੈਰਦੀਨਕੇ
ਮੋਬਾ:9872334944