'ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕਢਵਾ ਦਿਆਂਗੀ'
Monday, Jun 13, 2022 - 02:54 PM (IST)
ਮੰਦੀ ਜ਼ੁਬਾਨ ਬਾਰੇ ਅਖੌਤ ਐ, 'ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕਢਵਾ ਦਿਆਂਗੀ'। ਭਾਵ ਜਾਣ ਬੁੱਝ ਕੇ ਜਾਂ ਸੁਭਾਵਕ ਹੀ ਮੂੰਹੋਂ ਨਿਕਲੇ ਮੰਦੇ ਬੋਲਾਂ ਦੀ ਵਜ੍ਹਾ ਤੁਹਾਡੇ 'ਤੇ ਕਦੀ ਵੀ ਪੁੱਠੀ ਪੈ ਸਕਦੀ ਹੈ। ਘਰੇਲੂ ਕਲੇਸ਼ ਅਤੇ ਸਮਾਜਿਕ ਰਿਸ਼ਤੇ ਤਿੜਕਣ ਦਾ ਕਾਰਨ ਬਣਦੀ ਹੈ। ਅਜਿਹੀ ਬਿਰਤੀ ਦਾ ਮਾਲਕ ਕਰੀਬ ਹਰ ਪਿੰਡ, ਸ਼ਹਿਰ ਸਹਿਜੇ ਹੀ ਮਿਲ ਜਾਂਦਾ ਹੈ। ਇਸ ਪਿੱਛੇ ਤਰਕ ਅਕਸਰ ਉਸ ਮਨੁੱਖ ਦਾ ਮਾਨਸਿਕ ਤਣਾਓ ਅਤੇ ਖ਼ੂਨ ਦੇ ਦੌਰੇ ਦਾ ਵਧਣਾ ਹੀ ਹੁੰਦੈ। ਇਸ ਦੇ ਉਲਟ ਕੋਈ ਆਪਣੀ ਆਦਤ ਤੋਂ ਮਜ਼ਬੂਰ ਵੀ ਹੋ ਸਕਦੈ। ਅਜਿਹੇ ਬੇਬਾਕ ਮੂੰਹ ਫੱਟ ਬੁਲਾਰਿਆਂ ਵਿੱਚ ਇੱਕ ਮੌਜੂਦਾ ਨੇਤਾ ਸ਼ੁਮਾਰ ਹੈ ਜੋ ਅੱਜ-ਕੱਲ੍ਹ ਪਟਿਆਲਾ ਜੇਲ੍ਹ ਵਿੱਚ ਬੰਦ ਐ। ਕਈ ਪਾਰਟੀਆਂ ਬਦਲ ਚੁੱਕੇ ਇਸ ਨੇਤਾ ਦੀ ਨੀਅਤ ਪੰਜਾਬ ਪ੍ਰਤੀ ਇਕਦਮ ਸਾਫ਼ ਭਾਸਦੀ ਐ ਪਰ ਆਪਣੇ ਹਸਗੁੱਲ੍ਹੇ ਟੋਟਕਿਆਂ ਰਾਹੀਂ ਲੋਕਾਂ ਦਾ ਦਿਲ ਜਿੱਤਣ ਲਈ ਅਕਸਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਲਈ ਘਟੀਆ ਅਤੇ ਗਰਮ ਸ਼ਬਦਾਵਲੀ ਵਰਤ ਜਾਂਦੇ ਹਨ ਜੋ ਕਿ ਸ਼ੋਭਾ ਯੋਗ ਨਹੀਂ ।
ਪਾਤਰ ਸਾਬ ਲਿਖਦੇ ਨੇ-
'ਐਨਾ ਵੀ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ।
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ।'
ਸੋ ਕਿਸੇ ਦੀ ਨਿੰਦਿਆ ਜਾਂ ਵਿਰੋਧ ਇਥੋਂ ਕੁ ਤੱਕ ਸੀਮਤ ਰਹਿਣਾ ਚਾਹੀਦੈ ਕਿ ਕੱਲ੍ਹ ਉਸ ਨਾਲ ਸਾਹਮਣਾ ਹੋਏ ਤਾਂ ਸ਼ਰਮਿੰਦਾ ਨਾ ਹੋਣਾ ਪਏ। ਬਜ਼ੁਰਗਾਂ ਦਾ ਕਥਨ ਐ, ਹੱਟੀ ਨਰਮੀ ਦੀ, ਸਿਆਸਤ ਗਰਮੀ ਦੀ ਤੇ ਦਲਾਲੀ ਬੇਸ਼ਰਮੀ ਦੀ। ਸਿਆਸਤ 'ਚ ਗਰਮੀ ਦਾ ਦਾਇਰਾ ਟੱਪਣ ਵਾਲਿਆਂ ਦਾ ਹਸ਼ਰ ਕੋਈ ਬਹੁਤਾ ਚੰਗਾ ਨਹੀਂ ਹੁੰਦਾ। ਸੋ ਇੰਨੀ ਕੁ ਗੁੰਜਾਇਸ਼ ਰੱਖ ਲੈਣੀ ਚਾਹੀਦੀ ਹੈ ਕਿ ਕੱਲ੍ਹ ਉਸ ਤੱਕ ਵੀ ਕੋਈ ਕੰਮ ਪੈ ਸਕਦੈ।-
ਰਾਹਤ ਇੰਦੌਰੀ ਸਾਬ੍ਹ ਦਾ ਸ਼ਿਅਰ ਐ-
"ਬਨ ਕੇ ਹਾਦਸਾ ਬਾਜ਼ਾਰ ਮੇਂ ਆ ਜਾਏਗਾ,
ਜੋ ਨਹੀਂ ਹੋਗਾ ਵੁਹ ਅਖ਼ਬਾਰ ਮੈਂ ਆ ਜਾਏਗਾ।
ਚੋਰ ਉਚੱਕੋਂ ਕੀ ਕਰੋ ਕਦਰ ਕਿ ਮਾਅਲੂਮ ਨਹੀਂ,
ਕੌਨ ਕਬ ਕੌਨ ਕੀ ਸਰਕਾਰ ਮੇਂ ਆ ਜਾਏਗਾ?"
ਕਹਿੰਦੇ ਤਲਵਾਰ ਦਾ ਫੱਟ ਤਾਂ ਕੁੱਝ ਦੇਰ ਪੈ ਕੇ ਮਿਟ ਜਾਂਦਾ ਹੈ ਪਰ ਜ਼ੁਬਾਨ ਦਾ ਫੱਟ ਸਾਰੀ ਉਮਰ ਨਹੀਂ ਮਿਟਦਾ। ਸੋ ਜ਼ੁਬਾਨ ਦਾ ਫੱਟ ਖਾਣ ਵਾਲਾ ਸਾਰੀ ਉਮਰ ਹੀ ਅੰਦਰੋਂ ਅੰਦਰੀ ਧੁਖ਼ਦਾ ਰਹਿੰਦਾ ਹੈ ਕਿ ਕਦ ਮੌਕਾ ਮਿਲੇ ਤਾਂ ਮੈਂ ਭਾਜੀ ਮੋੜਾਂ। ਨੌਬਤ ਕਤਲ ਤੱਕ ਵੀ ਆ ਸਕਦੀ ਐ ਪਰ ਉਹ ਸ਼ਰੀਫ਼ ਸਾਊ ਬੰਦੇ ਜੋ 'ਭੁੱਲ ਜਾਓ ਤੇ ਮੁਆਫ਼ ਕਰੋ' ਦੀ ਨੀਤੀ 'ਤੇ ਚੱਲਦੇ ਨੇ ਵੀ ਕਿਤੇ ਨਾ ਕਿਤੇ ਅਜਿਹਾ ਦਰਦ ਦਿਲ 'ਚ ਸਮੋਏ ਤੁਰ ਜਾਂਦੇ ਨੇ।
ਆਂਡ-ਗੁਆਂਢ ਕੋਈ ਚੀਜ਼ ਮੰਗਣ ਜਾਈਏ ਤਾਂ ਤਿੰਨ ਤਰ੍ਹਾਂ ਦੇ ਗੁਆਂਢੀ ਮਿਲਦੇ ਆ। ਇੱਕ ਕੋਰਾ ਜਵਾਬ ਦੇਣ ਵਾਲੇ , ਦੂਜਾ ਥੋੜ੍ਹਾ ਘੁਮਾਅ ਕੇ ਜਵਾਬ ਦੇਣ ਵਾਲੇ ਅਤੇ ਤੀਜਾ ਹਾਂ ਪੱਖੀ। ਘੁਮਾਅ ਕੇ ਜਵਾਬ ਦੇਣ ਵਾਲੇ 'ਤੇ ਤਾਂ ਯਕੀਨ ਕਰ ਲਈ ਦਾ ਐ ਪਰ ਕੋਰਾ ਜਵਾਬ ਦੇਣ ਵਾਲਾ ਹਮੇਸ਼ਾ ਚੁੱਭਦਾ ਹੈ। ਅਫ਼ਸੋਸ ਅਜਿਹੀ ਬਿਰਤੀ ਵਾਲਾ ਸ਼ਖ਼ਸ ਅਕਸਰ ਸਮਾਜ ਵਿਚ 'ਕੱਲਾ' ਪੈ ਜਾਂਦਾ ਹੈ। ਇਹੀ ਹਾਲ ਮੂੰਹ ਫੱਟ ਤੱਤੇ ਸਿਆਸਤਦਾਨਾਂ ਦਾ ਹੁੰਦਾ ਹੈ। ਉਨ੍ਹਾਂ ਦੀ 'ਗੁੱਡੀ ਚੜੀ' ਥੋੜ ਚਿਰੀ ਹੁੰਦੀ ਹੈ। ਜਦ ਵੀ ਚੋਣਾਂ ਦਾ ਮੌਸਮ ਹੁੰਦਾ ਹੈ ਤਾਂ ਅਣਗੌਲੇ ਨਿਰਾਸ਼ ਨੇਤਾ ਕੱਪੜਿਆਂ ਵਾਂਗ ਪਾਰਟੀਆਂ ਬਦਲਦੇ ਦੇਖੀਦੇ ਹਨ। ਭਾਜਪਾ 'ਚ ਅਜਿਹਾ ਅੱਜਕਲ੍ਹ ਹੋਲ ਸੇਲ ਦੀ ਤਰਜ਼ ਤੇ ਅਮਲ ਹੋ ਰਿਹਾ ਹੈ। ਇਹ ਤਾਂ ਚਲੋ ਉਨ੍ਹਾਂ ਦਾ ਲੋਕਤੰਤਰਕ ਅਧਿਕਾਰ ਹੈ। ਗੱਲ ਗਰਮੀ ਦੀ ਚੱਲਦੀ ਸੀ। ਜੇ ਇਨਸਾਨ ਕਿਸੇ ਤਲਖ਼ ਕਲਾਮੀ 'ਚ ਗਰਮੀ 'ਤੇ ਜ਼ਰਾ ਕੰਟਰੋਲ ਕਰ ਲਏ ਤਾਂ ਕਈ ਬਲ੍ਹਾਵਾਂ ਸਰੀਰ ਤੋਂ ਟਲ਼ ਜਾਂਦੀਆਂ ਨੇ। ਜਨਾਬ ਸਰਦਾਰ ਪੰਛੀ ਸਾਬ੍ਹ ਦਾ ਸ਼ਿਅਰ ਐ-
ਮੈਂ ਖੁਸ਼ਬੂ ਹੂੰ ਮੁਝੇ ਮਹਿਸੂਸ ਕਰ ਲੋ,
ਨਾ ਆਊਂਗਾ ਨਜ਼ਰ ਤੁਮ੍ਹ ਕੋ ਨਜ਼ਰ ਸੇ।
ਸਲੀਕਾ ਹੈ ਜਿਨ੍ਹੇ ਲਚਕ ਜਾਨੇ ਕਾ,
ਗੁਜ਼ਰ ਜਾਤੇ ਹੈਂ ਤੁਫਾਂ ਵੀ ਉਨ੍ਹ ਕੇ ਸਰ ਸੇ।
ਘਰਾਂ ਵਿੱਚ ਜਾਂ ਬਾਹਰ ਝਗੜਿਆਂ ਦਾ ਬਹੁਤਾ ਕਾਰਨ ਕਿਸੇ ਇੱਕ ਧਿਰ ਦਾ ਤੱਤਾ ਬੋਲਣਾ ਹੀ ਹੁੰਦੈ। ਅਜਿਹੇ ਮੌਕੇ ਜੇ ਦੋ ਗਲਾਸ ਪਾਣੀ ਦੇ ਪੀ ਕੇ ਠਰੰਮੇ ਅਤੇ ਦਲੀਲ ਨਾਲ ਗੱਲ ਕਰ ਲਈ ਜਾਵੇ ਤਾਂ ਜਾਨੀ ਮਾਲੀ ਨੁਕਸਾਨ ਤੋਂ ਬਚਿਆ ਜਾ ਸਕਦੈ। ਵੈਸੇ 'ਗੁਰੂਦੇਵ' ਨੇ ਵੀ ਹਲੀਮੀ ਦੀ ਹੀ ਤਰਜਮਾਨੀ ਕੀਤੀ ਐ। ਸ਼ਰਤ ਇਹ ਕਿ ਅਜਿਹੀ ਧਾਰਨਾ ਦੇ ਹਾਮੀ ਦੋਵੇਂ ਧਿਰਾਂ ਹੋਣ। ਜੇ ਅਜਿਹਾ ਵਰਤਾਰਾ ਭਾਰੂ ਹੋ ਜਾਏ ਤਾਂ ਪੁਲਸ ਥਾਣਿਆਂ ਦੀ ਅੱਧੀ ਖੱਜਲਖੁਆਰੀ ਘਟ ਜਾਏ। ਹੁਣ ਇਕ ਭਾਜਪਾ ਨੇਤਾ ਨੇ ਹਜ਼ਰਤ ਮੁਹੰਮਦ ਸਾਹਿਬ ਬਾਰੇ ਵਿਵਾਦਤ ਬਿਆਨ ਦੇ ਕੇ ਭਾਜਪਾ ਸਰਕਾਰ ਨੂੰ ਵਖ਼ਤ ਪਾ ਦਿਤੈ। ਮੁਸਲਿਮ ਭਾਈਚਾਰੇ ਵਲੋਂ ਰੋਸ ਮੁਜ਼ਾਹਰੇ ਸਿਖ਼ਰ 'ਤੇ ਹਨ। ਓਧਰ ਕਈ ਰਾਜਾਂ 'ਚ ਚੋਣ ਬੁਖਾਰ ਚੜ੍ਹਿਆ ਹੋਇਐ। ਇਸ ਬਿਆਨ ਦਾ ਅਸਰ ਪ੍ਰਤੱਖ ਪਏਗਾ। ਅਜਿਹੀ ਹੀ ਕਿਸੇ ਮੂੰਹ ਫੱਟ ਔਰਤ ਬਾਰੇ ਬਜ਼ੁਰਗਾਂ ਦਾ ਅਖਾਣ ਹੈ- 'ਤੈਨੂੰ ਯਾਰ ਰੱਖਣਾ ਨਾ ਆਵੇ, ਬੋਲ ਕੇ ਬਿਗਾੜ ਲੈਨੀ ਏਂ'।
ਸਤਵੀਰ ਸਿੰਘ ਚਾਨੀਆਂ
ਨੋਟ : ਇਹ ਲੇਖਕ ਦੇ ਨਿੱਜੀ ਵਿਚਾਰ ਹਨ।