ਭਾਰਤ ਚੀਨ ਦੇ ਰਿਸ਼ਤਿਆਂ ਤੇ ਜੰਮੀ ਬਰਫ਼ ਪਿਘਲੀ!
Tuesday, Nov 05, 2024 - 04:36 PM (IST)
ਭਾਰਤ ਅਤੇ ਚੀਨ ਦੀਆਂ ਫੌਜਾਂ 25 ਅਕਤੂਬਰ ਤੋਂ ਪੂਰਬੀ ਲੱਦਾਖ ਹੱਦ ਤੋਂ ਪਿੱਛੇ ਹਟਣਾ ਸ਼ੁਰੂ ਹੋ ਗਈਆਂ ਹਨ। ਵੱਖ-ਵੱਖ ਨਿਊਜ ਰਿਪੋਰਟਾਂ ਅਨੁਸਾਰ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਆਪੋ ਆਪਣੇ ਅਸਥਾਈ ਟੈਂਟ ਅਤੇ ਸ਼ੈੱਡ ਹਟਾ ਲਏ ਹਨ। ਗੱਡੀਆਂ ਅਤੇ ਹੋਰ ਮਿਲਟਰੀ ਸਾਜ਼ੋ-ਸਾਮਾਨ ਵੀ ਹੱਦ ਤੋਂ ਦੂਰ ਲਿਜਾਇਆ ਜਾ ਰਿਹਾ ਹੈ। ਫੌਜੀ ਸੂਤਰਾਂ ਮੁਤਾਬਕ 28 ਅਤੇ 29 ਅਕਤੂਬਰ ਤੱਕ ਦੋਵੇਂ ਦੇਸ਼ਾਂ ਦੀਆਂ ਫੌਜਾਂ ਹੱਦ ਤੋਂ ਪੂਰੀ ਤਰ੍ਹਾਂ ਆਪਣੇ ਸੈਨਿਕ ਪਿੱਛੇ ਲੈ ਜਾਣਗੇ। ਇਸ ਤੋਂ ਪਹਿਲਾਂ ਕਿ ਅਸੀਂ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਲੈ ਅੱਗੇ ਵਧੀਏ ਆਓ ਇੱਕ ਉਡਦੀ ਇਨ੍ਹਾਂ ਦੋਵਾਂ ਦੇ ਬਣਦੇ-ਬਿਗੜਦੇ ਰਿਸ਼ਤਿਆਂ ਦੇ ਇਤਿਹਾਸ ਤੇ ਮਾਰਦੇ ਹਾਂ। ਦਰਅਸਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਚੀਨ ਸੰਬੰਧਾਂ ਦੀ ਸ਼ੁਰੂਆਤ 1950 ਵਿੱਚ ਹੋ ਗਈ ਸੀ। ਉਂਝ ਭੂਤਕਾਲ ਤੇ ਝਾਤ ਮਾਰਦੇ ਹਾਂ ਤਾਂ ਭਾਰਤ ਅਤੇ ਚੀਨ(ਪੀਪਲਜ਼ ਰਿਪਬਲਿਕ ਆਫ ਚਾਈਨਾ,ਪੀਆਰਸੀ) ਨੇ ਇਤਿਹਾਸਕ ਤੌਰ 'ਤੇ ਹਜ਼ਾਰਾਂ ਸਾਲਾਂ ਦੇ ਰਿਕਾਰਡ ਕੀਤੇ ਇਤਿਹਾਸ ਤੋਂ ਸ਼ਾਂਤੀਪੂਰਨ ਸਬੰਧ ਬਣਾਏ ਰੱਖੇ ਹਨ। ਇਹ ਕਿ 1949 ਵਿੱਚ ਚੀਨੀ ਘਰੇਲੂ ਯੁੱਧ ਦੌਰਾਨ ਅਤੇ ਖਾਸ ਤੌਰ 'ਤੇ ਚੀਨ ਦੇ ਲੋਕ ਗਣਰਾਜ ਦੁਆਰਾ ਤਿੱਬਤ ਦੇ ਕਬਜ਼ੇ ਤੋਂ ਬਾਅਦ। ਦੋਵਾਂ ਦੇਸ਼ਾਂ ਨੇ ਇਕ ਦੂਜੇ ਨਾਲ ਆਰਥਿਕ ਸਹਿਯੋਗ ਦੀ ਮੰਗ ਕੀਤੀ ਹੈ, ਜਦੋਂ ਕਿ ਅਕਸਰ ਸਰਹੱਦੀ ਵਿਵਾਦ ਅਤੇ ਦੋਵਾਂ ਦੇਸ਼ਾਂ ਵਿਚ ਆਰਥਿਕ ਰਾਸ਼ਟਰਵਾਦ ਵਿਵਾਦ ਦਾ ਮੁੱਖ ਕਾਰਨ ਹਨ। ਇਸ ਤੋਂ ਪਹਿਲਾਂ ਭਾਰਤ ਦਰਮਿਆਨ ਸੱਭਿਆਚਾਰਕ ਅਤੇ ਆਰਥਿਕ ਸਬੰਧ ਕਦੀਮੀ ਸਮੇਂ ਤੋਂ ਚਲੇ ਆ ਰਹੇ ਹਨ। ਸਿਲਕ ਰੋਡ ਨੇ ਭਾਰਤ ਅਤੇ ਚੀਨ ਵਿਚਕਾਰ ਇੱਕ ਪ੍ਰਮੁੱਖ ਵਪਾਰਕ ਮਾਰਗ ਵਜੋਂ ਕੰਮ ਕੀਤਾ।
ਜਦੋਂ ਕਿ 19ਵੀਂ ਸਦੀ ਦੌਰਾਨ, ਚੀਨ, ਈਸਟ ਇੰਡੀਆ ਕੰਪਨੀ ਦੇ ਨਾਲ ਅਫੀਮ ਦੇ ਵਧਦੇ ਵਪਾਰ ਵਿੱਚ ਸ਼ਾਮਲ ਸੀ, ਜੋ ਭਾਰਤ ਵਿੱਚ ਉਗਾਈ ਜਾਣ ਵਾਲੀ ਅਫੀਮ ਦੀ ਬਰਾਮਦਗੀ ਕਰਦੀ ਸੀ। ਦੂਜੇ ਵਿਸ਼ਵ ਯੁੱਧ ਦੌਰਾਨ, ਬ੍ਰਿਟਿਸ਼ ਭਾਰਤ ਅਤੇ ਚੀਨ ਗਣਰਾਜ (ਆਰਓਸੀ) ਦੋਵਾਂ ਨੇ ਇੰਪੀਰੀਅਲ ਜਾਪਾਨ ਦੀ ਤਰੱਕੀ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
1947 ਵਿੱਚ ਭਾਰਤ ਦੇ ਆਜ਼ਾਦ ਹੋਣ ਤੋਂ ਉਪਰੰਤ ਇਸਨੇ ਆਰਓਸੀ ਨਾਲ ਸਬੰਧ ਸਥਾਪਿਤ ਕੀਤੇ। ਆਧੁਨਿਕ ਚੀਨ-ਭਾਰਤੀ ਕੂਟਨੀਤਕ ਸਬੰਧ 1950 ਵਿੱਚ ਸ਼ੁਰੂ ਹੋਏ। ਇਹ ਕਿ ਪਿਛਲੇ ਕਈ ਦਹਾਕਿਆਂ ਤੋਂ ਚੀਨ ਅਤੇ ਭਾਰਤ ਏਸ਼ੀਆ ਦੀਆਂ ਦੋ ਪ੍ਰਮੁੱਖ ਖੇਤਰੀ ਸ਼ਕਤੀਆਂ ਚਲੀਆਂ ਆ ਰਹੀਆਂ ਹਨ, ਅਤੇ ਦੋਵੇਂ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਹਨ(ਬੇਸ਼ੱਕ ਹੁਣ ਭਾਰਤ ਨੇ ਆਬਾਦੀ ਦੇ ਮਾਮਲੇ ਵਿੱਚ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ) ਇਸ ਤੋਂ ਇਲਾਵਾ ਇਹ ਦੋਵੇਂ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਇੱਕ ਹਨ। ਮਾਹਿਰਾਂ ਅਨੁਸਾਰ ਦੋਵੇਂ ਦੇਸ਼ ਆਪਣੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਵਿੱਚ ਹੁਣ ਤੱਕ ਅਸਫਲ ਰਹੇ ਅਤੇ ਭਾਰਤੀ ਮੀਡੀਆ ਆਉਟਲੈਟਾਂ ਨੇ ਵਾਰ-ਵਾਰ ਭਾਰਤੀ ਖੇਤਰ ਵਿੱਚ ਚੀਨੀ ਫੌਜੀ ਘੁਸਪੈਠ ਦੀਆਂ ਰਿਪੋਰਟਾਂ ਦਿੱਤੀਆਂ ਹਨ ਅਤੇ ਸਮਕਾਲੀ ਚੀਨ ਅਤੇ ਭਾਰਤ ਵਿਚਕਾਰ ਸਬੰਧਾਂ ਨੂੰ ਸਰਹੱਦੀ ਵਿਵਾਦਾਂ ਦੁਆਰਾ ਦਰਸਾਇਆ ਗਿਆ ਹੈ, ਜਿਸਦੇ ਨਤੀਜੇ ਵਜੋਂ ਤਿੰਨ ਫੌਜੀ ਸੰਘਰਸ਼ - 1962 ਦੀ ਚੀਨ-ਭਾਰਤ ਜੰਗ, 1967 ਵਿੱਚ ਨਾਥੂ ਲਾ ਅਤੇ ਚੋ ਲਾ ਵਿੱਚ ਸਰਹੱਦੀ ਝੜਪਾਂ, ਅਤੇ 1987 ਵਿੱਚ ਸੁਮਡੋਰੋਂਗ ਚੂ ਰੁਕਾਵਟ ਸਾਹਮਣੇ ਆਏ। ਹਾਲਾਂਕਿ, 1980 ਦੇ ਦਹਾਕੇ ਦੇ ਅਖੀਰ ਤੋਂ, ਦੋਵਾਂ ਦੇਸ਼ਾਂ ਨੇ ਸਫਲਤਾਪੂਰਵਕ ਕੂਟਨੀਤਕ ਅਤੇ ਆਰਥਿਕ ਸਬੰਧਾਂ ਨੂੰ ਦੁਬਾਰਾ ਬਣਾਇਆ ਹੈ।
ਜਦੋਂ ਕਿ 2013 ਤੋਂ, ਸਰਹੱਦੀ ਵਿਵਾਦ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਵਿੱਚ ਮੁੜ ਉੱਭਰ ਕੇ ਸਾਹਮਣੇ ਆਏ। 2018 ਦੇ ਸ਼ੁਰੂ ਵਿੱਚ, ਦੋਵੇਂ ਫ਼ੌਜਾਂ ਵਿਵਾਦਤ ਭੂਟਾਨ-ਚੀਨ ਸਰਹੱਦ ਦੇ ਨਾਲ ਡੋਕਲਾਮ ਪਠਾਰ 'ਤੇ ਇੱਕ ਰੁਕਾਵਟ ਵਿੱਚ ਰੁੱਝੀਆਂ ਹੋਈਆਂ ਸਨ। ਇਸ ਤੋਂ ਬਾਅਦ ਇਹ ਤਨਾਅ ਦਾ ਸਿਲਸਿਲਾ 2020 ਵਿੱਚ ਗਲਵਾਨ ਘਾਟੀ ਤੱਕ ਪਹੁੰਚਦਾ ਹੈ।
ਫਿਲਹਾਲ ਦੋਵਾਂ ਦੇਸ਼ਾਂ ਦੇ ਸੈਨਿਕਾਂ ਨੇ ਡੇਪਸਾਂਗ ਅਤੇ ਡੇਮਚੋਕ ਖੇਤਰਾਂ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਸਮਝੌਤੇ ਮੁਤਾਬਕ ਦੋਵਾਂ ਧਿਰਾਂ ਨੇ ਇਲਾਕੇ ਵਿੱਚ ਇੱਕ-ਇੱਕ ਟੈਂਟ ਅਤੇ ਕੁੱਝ ਅਸਥਾਈ ਢਾਂਚੇ ਨੂੰ ਢਾਹ ਦਿੱਤਾ ਹੈ। ਡੇਮਚੋਕ ਵਿੱਚ, ਭਾਰਤੀ ਸੈਨਿਕ ਚਾਰਡਿੰਗ ਡਰੇਨ ਦੇ ਪੱਛਮ ਵੱਲ ਮੁੜ ਰਹੇ ਹਨ ਜਦੋਂ ਕਿ ਚੀਨੀ ਸੈਨਿਕ ਡਰੇਨ ਦੇ ਦੂਜੇ ਪਾਸੇ ਪੂਰਬ ਵੱਲ ਵਾਪਸ ਜਾ ਰਹੇ ਹਨ। ਦੋਹਾਂ ਪਾਸੇ ਕਰੀਬ 10-12 ਆਰਜ਼ੀ ਢਾਂਚੇ ਬਣਾਏ ਗਏ ਹਨ ਅਤੇ ਦੋਹਾਂ ਪਾਸੇ ਕਰੀਬ 12-12 ਟੈਂਟ ਲਗਾਏ ਗਏ ਹਨ, ਜਿਨ੍ਹਾਂ ਨੂੰ ਹਟਾਇਆ ਜਾਣਾ ਹੈ। ਕੁਝ ਰਿਪੋਰਟਾਂ ਅਨੁਸਾਰ ਇਸ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ ਅਗਲੇ 4-5 ਦਿਨਾਂ 'ਚ ਡੇਪਸੰਗ ਅਤੇ ਡੇਮਚੋਕ 'ਚ ਗਸ਼ਤ ਸ਼ੁਰੂ ਹੋਣ ਦੀ ਸੰਭਾਵਨਾ ਹੈ | ਇਸ ਤੋਂ ਪਹਿਲਾਂ ਵੀਰਵਾਰ ਨੂੰ ਕੁੱਝ ਅਸਥਾਈ ਢਾਂਚੇ ਵੀ ਢਾਹ ਦਿੱਤੇ ਗਏ। ਇਸ ਦੇ ਨਾਲ ਹੀ ਵੀਰਵਾਰ ਨੂੰ ਚੀਨੀ ਸੈਨਿਕਾਂ ਨੇ ਆਪਣੇ ਕੁਝ ਵਾਹਨ ਇੱਥੋਂ ਹਟਾ ਦਿੱਤੇ ਹਨ। ਭਾਰਤੀ ਫੌਜ ਨੇ ਵੀਰਵਾਰ ਨੂੰ ਇੱਥੋਂ ਕੁਝ ਸੈਨਿਕਾਂ ਦੀ ਗਿਣਤੀ ਵੀ ਘਟਾ ਦਿੱਤੀ।
ਰਿਪੋਰਟਾਂ ਅਨੁਸਾਰ ਗਸ਼ਤ ਲਈ ਵੀ ਫੌਜੀਆਂ ਦੀ ਗਿਣਤੀ ਤੈਅ ਕੀਤੀ ਗਈ ਹੈ। ਹੱਦ ਤੋਂ ਪਿੱਛੇ ਹਟਣ ਦਾ ਇਹ ਫੈਸਲਾ ਅਪ੍ਰੈਲ 2020 ਤੋਂ ਪਹਿਲਾਂ ਦੀ ਸਥਿਤੀ ਬਹਾਲ ਕਰਨ ਲਈ ਲਿਆ ਗਿਆ ਹੈ। 2020 ਵਿੱਚ ਭਾਰਤ-ਚੀਨ ਦੇ ਫੌਜੀਆਂ ਵਿਚਾਲੇ ਗਲਵਾਨ ਘਾਟੀ ਵਾਲੀ ਝੜਪ ਤੋਂ ਬਾਅਦ ਲਗਾਤਾਰ ਤਣਾਅ ਬਣਿਆ ਹੋਇਆ ਸੀ । ਇਸ ਦੌਰਾਨ ਵੱਖ-ਵੱਖ ਸਮਿਆਂ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਉਕਤ ਤਣਾਅ ਨੂੰ ਘੱਟ ਕਰਨ ਲਈ ਕਈ ਵਾਰ ਬੈਠਕਾਂ ਹੋਈਆਂ ਪਰ ਉਨ੍ਹਾਂ ਦਾ ਕੋਈ ਖਾਸ ਨਤੀਜਾ ਵੇਖਣ ਨੂੰ ਨਹੀਂ ਸੀ ਮਿਲਿਆ। ਹੁਣ ਉਕਤ ਗਲਵਾਨ ਘਾਟੀ ਵਾਲੀ ਘਟਨਾ ਨੂੰ ਵਾਪਰਿਆਂ ਕਰੀਬ ਚਾਰ ਸਾਲਾਂ ਦਾ ਸਮਾਂ ਹੋ ਗਿਆ ਹੈ ਤਾਂ ਘਟਨਾ ਦੇ ਚਾਰ ਸਾਲ ਬਾਅਦ 21 ਅਕਤੂਬਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਫੌਜੀ ਜਵਾਨਾਂ ਦੀ ਗਸ਼ਤ ਸਬੰਧੀ ਨਵਾਂ ਸਮਝੌਤਾ ਹੋਇਆ ਸੀ। ਇਸ ਸੰਦਰਭ ਵਿੱਚ ਵਿਦੇਸ਼ ਮੰਤਰੀ ਐੱਸ. ਜੈ. ਸ਼ੰਕਰ ਨੇ ਕਿਹਾ ਹੈ ਕਿ ਇਸ ਸਮਝੌਤੇ ਦਾ ਮਕਸਦ ਲੱਦਾਖ ਵਿੱਚ ਗਲਵਾਨ ਵਰਗੀ ਝੜਪ ਰੋਕਣਾ ਅਤੇ ਪਹਿਲਾਂ ਵਰਗੇ ਹਾਲਾਤ ਬਣਾਉਣਾ ਹੈ। ਦੋਵਾਂ ਦੇਸ਼ਾਂ ਵਿਚਾਲੇ ਇਹ ਸਮਝੌਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬ੍ਰਿਕਸ ਯਾਤਰਾ ਤੋਂ ਪਹਿਲਾਂ ਲੱਗਭਗ ਫਾਈਨਲ ਹੋਇਆ ਸੀ। ਇੱਥੇ ਜਿਕਰਯੋਗ ਹੈ ਕਿ ਬ੍ਰਿਕਸ ਸੰਮੇਲਨ ਦੌਰਾਨ ਵੀ ਪ੍ਰਧਾਨ ਮੰਤਰੀ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਉਕਤ ਸੰਦਰਭ ਵਿੱਚ ਗੱਲਬਾਤ ਹੋਈ ਸੀ ਅਤੇ ਇਸ ਗੱਲਬਾਤ ਦੌਰਾਨ ਤੈਅ ਕੀਤਾ ਗਿਆ ਸੀ ਕਿ ਦੋਵੇਂ ਦੇਸ਼ਾਂ ਵੱਲੋਂ ਸ਼ਾਂਤੀ ਕਾਇਮ ਰੱਖਣ ਦੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਸੀ ਕਿ ਭਾਰਤ ਅਤੇ ਚੀਨੀ ਵਾਰਤਾਕਾਰ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲ ਏ ਸੀ) ਦੇ ਨਾਲ ਗਸ਼ਤ ਕਰਨ ਲਈ ਇੱਕ ਸਮਝੌਤੇ 'ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨੀ ਵਾਰਤਾਕਾਰ ਮੁੱਦਿਆਂ ਨੂੰ ਸੁਲਝਾਉਣ ਲਈ ਪਿਛਲੇ ਕੁੱਝ ਹਫਤਿਆਂ ਤੋਂ ਸੰਪਰਕ 'ਚ ਸਨ। ਮੰਨਿਆ ਜਾ ਰਿਹਾ ਹੈ ਕਿ ਸਮਝੌਤਾ ਡੇਪਸਾਂਗ ਅਤੇ ਡੇਮਚੋਕ ਖੇਤਰਾਂ 'ਚ ਗਸ਼ਤ ਨਾਲ ਸੰਬੰਧਤ ਹੈ। ਸਮਝੌਤੇ ਮੁਤਾਬਕ ਦੋਨੋਂ ਦੇਸ਼ਾਂ ਦੀਆਂ ਫੌਜਾਂ ਡੇਪਸਾਂਗ ਤੇ ਡੇਮਚੋਕ ਖੇਤਰ 'ਚੋਂ ਪਿੱਛੇ ਹਟਣਗੀਆਂ।
ਇਹ ਐਲਾਨ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸੀ ਸ਼ਹਿਰ ਕਾਜ਼ਾਨ ਦੀ ਯਾਤਰਾ ਤੋਂ ਇਕ ਦਿਨ ਪਹਿਲਾਂ ਕੀਤਾ ਗਿਆ ਸੀ। ਹਾਲਾਂਕਿ ਇਸ ਬਾਰੇ ਉਸ ਸਮੇਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਸੀ ਆਇਆ, ਪਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਬ੍ਰਿਕਸ ਸੰਮੇਲਨ ਤੋਂ ਇਲਾਵਾ ਦੁਵੱਲੀ ਬੈਠਕ ਕਰਨ ਦੇ ਕਿਆਸ ਲਾਏ ਜਾ ਰਹੇ ਸਨ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਐੱਨ ਡੀ ਟੀ ਵੀ ਦੇ ਪ੍ਰੋਗਰਾਮ ਵਿਚ ਵਿਦੇਸ਼ ਸਕੱਤਰ ਦੇ ਬਿਆਨ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਸੀ ਕਿ ਚੀਨ ਨਾਲ ਠਰੰਮੇ ਦੀ ਰਣਨੀਤੀ ਕਾਰਨ ਇਹ ਕਾਮਯਾਬੀ ਮਿਲੀ ਹੈ। ਦੋਵੇਂ ਦੇਸ਼ ਅੱਗੇ ਵਧ ਰਹੇ ਹਨ। ਬੇਸ਼ੱਕ ਗੱਲਬਾਤ ਦੀ ਪ੍ਰਕਿਰਿਆ ਪੇਚੀਦਾ ਰਹੀ। ਪਰ ਉਮੀਦ ਹੈ ਕਿ ਅਸੀਂ ਅਮਨ ਵੱਲ ਵਧ ਰਹੇ ਹਾਂ। ਭਾਰਤ ਤੇ ਚੀਨ ਵਿਚਾਲੇ ਸਹਿਮਤੀ ਬਹੁਤ ਹਾਂ-ਪੱਖੀ ਹੈ। ਦੋਵੇਂ 2020 ਵਿਚ ਗਲਵਾਨ ਝੜਪ ਤੋਂ ਪਹਿਲਾਂ ਵਾਲੀ ਸਥਿਤੀ ਵੱਲ ਜਾ ਰਹੇ ਹਨ। ਉਪਰੋਕਤ ਸਥਿਤੀ ਨੂੰ ਵੇਖਦੇ ਹੋਏ ਇੰਝ ਲੱਗਦਾ ਹੈ ਕਿ ਜਿਵੇਂ ਪਿਛਲੇ ਚਾਰ ਸਾਲਾਂ ਤੋਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਜੰਮੀ ਬਰਫ਼ ਪਿਘਲਣ ਲੱਗੀ ਹੈ ਹੁਣ ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ ਇਨ੍ਹਾਂ ਰਿਸ਼ਤਿਆਂ ਵਿੱਚ ਹੋਰ ਕਿੰਨਾ ਕੁ ਅਤੇ ਕਿੱਥੇ ਕੁ ਤੱਕ ਨਿੱਘਾਪਣ ਵੇਖਣ ਮਿਲਦਾ ਹੈ।
ਮੁਹੰਮਦ ਅੱਬਾਸ ਧਾਲੀਵਾਲ
ਮਲੇਰਕੋਟਲਾ।
ਸੰਪਰਕ :9530950053