ਰੋਟੀ

Tuesday, Jul 31, 2018 - 05:28 PM (IST)

ਰੋਟੀ

ਸ਼ਮਸ਼ੇਰ ਆਪਣੇ ਪੁੱਤਰ ਨੂੰ ਵਧੀਆ ਪੜ੍ਹਾਉਣ ਦੇ ਇਰਾਦੇ ਨਾਲ ਪਿੰਡ ਛੱਡ ਕੇ ਸ਼ਹਿਰ ਵਿਚ ਰਹਿਣ ਲੱਗ ਪਿਆ ਸੀ । ਸ਼ਮਸ਼ੇਰ ਦੇ ਬੇਬੇ ਬਾਪੂ ਪਿੰਡ  ਵਿਚ ਹੀ ਇਕੱਲਤਾ ਦਾ ਸੰਤਾਪ ਹੰਢਾ ਰਹੇ ਸਨ । ਸਮੇਂ ਨੇ ਏਹੋ ਜਿਹਾ ਗੇੜ ਖਾਧਾ ਕਿ ਨਾ ਤਾਂ ਸ਼ਮਸ਼ੇਰ ਦੇ ਮਾਪੇ ਸ਼ਹਿਰ ਦੀ ਤੰਗ ਜ਼ਿੰਦਗੀ 'ਚ ਰਹਿ ਸਕਦੇ ਸਨ ਅਤੇ ਨਾ ਹੀ ਸ਼ਮਸ਼ੇਰ ਦਾ ਪਿੰਡ ਵਾਪਸ ਮੁੜਨਾ ਸੰਭਵ ਸੀ ।
ਸ਼ਮਸ਼ੇਰ ਦਾ ਹੁਣ ਸ਼ਹਿਰ 'ਚ ਰਹਿਣ ਦਾ ਹੁਣ ਕੋਈ ਖਾਸ ਮਕਸਦ ਨਹੀਂ ਸੀ ਰਿਹਾ ਕਿਉਂਕਿ ਉਸ ਦਾ ਇਕਲੌਤਾ ਪੁੱਤਰ ਰਾਜਵੀਰ ਉਚੇਰੀ ਪੜ੍ਹਾਈ ਕਰਨ ਵਿਦੇਸ਼ ਚਲਾ ਗਿਆ ਸੀ ।
ਇਕ ਸ਼ਾਮ ਸ਼ਮਸ਼ੇਰ ਆਪਣੇ ਬਾਪੂ ਨੂੰ ਫੋਨ 'ਤੇ ਕਹਿਣ ਲੱਗਾ 
“ਬਾਪੂ ਜੀ ਪੈਰੀ ਪੈਨਾ, ਹੋਰ ਸੁਣਾਓ ਕਿਵੇਂ ਆ ਸਿਹਤ ਹੁਣ , ਦਵਾਈ ਬੂਟੀ ਚੰਗੀ ਤਰ੍ਹਾਂ ਲੈ ਲੈਨੇ ਓ? ਨਾਲੇ ਹੁਣ ਤੁਸੀਂ ਰੋਟੀ ਪਾਣੀ ਦਾ ਖਾਸ ਧਿਆਨ ਰੱਖਿਓ,ਚੰਗਾ !! '' 
“ਸ਼ਮਸ਼ੇਰ ਪੁੱਤ, ਤੂੰ ਵੀ ਆਪਣਾ ਖਿਆਲ ਰੱਖੀ, ਨਾਲੇ ਰਾਜਵੀਰ ਨੂੰ ਵੀ ਕਹਿ ਦੇਈ ਕਿ ਬੇਗਾਨੇ ਮੁਲਕ 'ਚ ਰੋਟੀ ਟੈਮ ਨਾਲ ਈ ਖਾ ਲਿਆ ਕਰੇ , ਮੇਰੇ ਤਾਂ ਏਹ ਰੋਟੀ ਹੁਣ ਮਸਾਂ ਈ ਗਲੋਂ ਲੰਘਦੀ ਐ, ਜਿਹਨੇ ਆਪਣਾ ਘੁੱਗ ਵਸਦਾ ਪਰਿਵਾਰ ਖੇਰੂੰ-ਖੇਰੂੰ ਕਰ ਕੇ ਰੱਖਤਾ'' 
ਬਾਪੂ ਨੇ ਭਰੇ ਮਨ ਨਾਲ ਕਿਹਾ |
ਮਾਸਟਰ ਸੁਖਵਿੰਦਰ ਦਾਨਗੜ੍ਹ 
94171 80205 


Related News