" ਆਖਰ ਕਿਹੋ ਜਿਹੇ ਗੁਣਾਂ ਦਾ ਧਾਰਨੀ ਹੋਵੇ ਇਕ ਆਦਰਸ਼ ਅਧਿਆਪਕ..! "

09/05/2020 10:07:19 AM

ਵਿਸ਼ਵ ਦੇ ਵੱਖ-ਵੱਖ ਦੇਸ਼ਾਂ ’ਚ ਅਧਿਆਪਕਾਂ ਨੂੰ ਸਨਮਾਨ ਦੇਣ ਲਈ ਵਿਸ਼ੇਸ਼ ਤੌਰ ’ਤੇ ਅਧਿਆਪਕ ਦਿਹਾੜੇ ਦਾ ਆਯੋਜਨ 5 ਅਕਤੂਬਰ ਨੂੰ ਕੀਤਾ ਜਾਂਦਾ ਹੈ। ਜਦੋਂ ਕਿ ਭਾਰਤ ਵਿੱਚ ਅਧਿਆਪਕ ਦਿਹਾੜਾ ਸਾਬਕਾ ਰਾਸ਼ਟਰਪਤੀ ਸਵ: ਡਾ. ਰਾਧਾਕ੍ਰਿਸ਼ਣਨ ਦੇ ਜਨਮ ਦਿਨ (5 ਸਤੰਬਰ) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵਰਨਣਯੋਗ ਹੈ ਕਿ ਡਾ. ਰਾਧਾਕ੍ਰਿਸ਼ਨ, ਜੋ ਭਾਰਤ ਦੇ ਰਾਸ਼ਟਰਪਤੀ ਰਹੇ ਹਨ। ਜਦੋਂ ਉਹ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਕੁਝ ਵਿਦਿਆਰਥੀਆਂ ਸਮੇਤ ਸ਼ੁਭਚਿੰਤਕਾਂ ਨੇ ਉਨ੍ਹਾਂ ਦਾ ਜਨਮਦਿਨ ਮਨਾਉਣ ਦੀ ਇੱਛਾ ਪਈ ਤਾਂ ਰਾਧਾਕ੍ਰਿਸ਼ਨਨ ਹੁਰਾਂ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਅਸੀਂ ਇਸ ਦਿਨ ਨੂੰ ਅਧਿਆਪਕਾਂ ਨੂੰ ਸਮਰਪਿਤ ਕਰੀਏ। ਇਸ ਤੋਂ ਬਾਅਦ 1967 ਤੋਂ ਇਹ ਦਿਨ (ਪੰਜ ਸਤੰਬਰ) ਨੂੰ ਸਾਡੇ ਦੇਸ਼ ਅੰਦਰ ਹਰ ਸਾਲ ਅਧਿਆਪਕ ਦਿਹਾੜੇ ਦੇ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼ ਦੇ ਸਕੂਲਾਂ ਕਾਲਜਾਂ 'ਚ ਵਿਦਿਆਰਥੀਆਂ ਵਲ੍ਹੋਂ ਆਪਣੇ ਅਧਿਆਪਕਾਂ ਦੇ ਸਤਿਕਾਰ ਵਜੋਂ ਵੱਖ ਵੱਖ ਤਰ੍ਹਾਂ ਦੇ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। 

ਕੈਨੇਡਾ ਸਟੱਡੀ ਵੀਜ਼ਾ: 30 ਅਪ੍ਰੈਲ ਤੱਕ ਆਨਲਾਈਨ ਕਲਾਸਾਂ ਨੇ ਵਿਦਿਆਰਥੀਆਂ ਦੇ ਵਧਾਏ ਤੌਖ਼ਲੇ

ਅਧਿਆਪਕਾਂ ਦਾ ਮਾਣ ਸਤਿਕਾਰ
ਵਿਦਿਆ ਜਿਸ ਨੂੰ ਇਨਸਾਨ ਦਾ ਤੀਜਾ ਨੇਤਰ ਵੀ ਕਿਹਾ ਜਾਂਦਾ ਹੈ, ਇਸ ਨੂੰ ਪ੍ਰਦਾਨ ਕਰਨ ਵਾਲੇ ਭਾਵ ਅਧਿਆਪਕਾਂ ਦੀ ਜਿਹੜੀਆਂ ਕੌਮਾਂ ਇਜੱਤ ਕਰਦੀਆਂ ਹਨ। ਉਹ ਯਕੀਨਨ ਤਰੱਕੀਆਂ ਕਰਦੀਆਂ ਹਨ। ਪਰ ਅਫਸੋਸ ਕਿ ਦੇਸ਼ ਨੂੰ ਸੁਤੰਤਰ ਹੋਇਆਂ ਸੱਤ ਦਹਾਕਿਆਂ ਤੋਂ ਵੀ ਉਪਰ ਸਮਾਂ ਹੋ ਚੁੱਕਾ ਹੈ ਪਰ ਸਾਡੇ ਇਥੇ ਹਕੀਕੀ ਮਾਅਨਿਆਂ ਵਿੱਚ ਅਧਿਆਪਕਾਂ ਨੂੰ ਉਹ ਮਾਣ ਸਤਿਕਾਰ ਨਹੀਂ ਮਿਲ ਸਕਿਆ ਜਿਸ ਦੇ ਉਹ ਹੱਕਦਾਰ ਹਨ।

ਇਸਲਾਮ ਧਰਮ ਦੇ ਆਖਰੀ ਪੈਗੰਬਰ ਹਜਰਤ ਮੁਹੰਮਦ ਸਲੱਲਾਹੋ ਅਲੈਹਵ ਸਲੱਮ ਨੇ ਇਰਸ਼ਾਦ ਫਰਮਾਇਆ ਕਿ" ਤੁਹਾਡੇ ਤਿੰਨ ਪਿਤਾ ਹਨ" ਇੱਕ ਉਹ ਜਿਹੜਾ ਤੁਹਾਨੂੰ ਦੁਨੀਆ ’ਚ ਲਿਆਇਆ, ਦੂਜਾ ਉਹ ਜਿਸ ਨੇ ਤੁਹਾਨੂੰ ਆਪਣੀ ਧੀ (ਵਿਆਹੀ) ਦਿੱਤੀ। ਤੀਜਾ ਉਹ ਜਿਸ ਨੇ ਤੁਹਾਨੂੰ ਇਲਮ ਦਿੱਤਾ।’’ 

ਉਨ੍ਹਾਂ ਅੱਗੇ ਫਰਮਾਇਆ ਕਿ ਇਨ੍ਹਾਂ ਸਾਰਿਆਂ ’ਚੋਂ ਤੁਹਾਡੇ ਵਧੇਰੇ ਮਹੱਤਵਪੂਰਨ ਉਹ ਹੈ, ਜਿਸ ਨੇ ਤੁਹਾਨੂੰ ਇਲਮ (ਵਿਦਿਆ /ਸਿਖਿਆ) ਦਿੱਤੀ। ਮੇਰੇ ਖਿਆਲ ’ਚ ਇਕ ਉਸਤਾਦ ਦੇ ਮੁਕਾਮ ’ਤੇ ਮਰਤਬੇ ਅਤੇ ਉਸ ਦੀ ਵਡਿਆਈ ਨੂੰ ਇਸ ਤੋਂ ਵਧੇਰੇ ਕੋਈ ਬਿਆਨ ਨਹੀਂ ਕਰ ਸਕਦਾ। ਜਦੋਂ ਕਿ ਹਜਰਤ ਅਲੀ ਨੇ ਕਿਹਾ ਕਿ "ਜਿਸ ਨੇ ਮੈਨੂੰ ਕੋਈ ਇਕ ਸ਼ਬਦ ਵੀ ਸਿਖਾਇਆ ਉਹ ਮੇਰਾ ਉਸਤਾਦ ਹੈ"

ਅਧਿਆਪਕ ਵਰਗ ਦੇ ਮਰਤਬੇ ਨੂੰ ਸਮਝਣ ਵਾਲੇ
ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ, ਜਿਨ੍ਹਾਂ ਕੌਮਾਂ ਦੇਸ਼ਾਂ ਨੇ ਵੀ ਅਧਿਆਪਕ ਵਰਗ ਦੇ ਮਰਤਬੇ ਨੂੰ ਸਮਝਿਆ ਹੈ ਉਨ੍ਹਾਂ ਨੂੰ  ਬਣਦਾ ਮਾਣ ਸਨਮਾਨ ਦਿੱਤਾ। ਸਚਮੁੱਚ ਉਨ੍ਹਾਂ ਨੇ ਬੇ ਮਿਸਾਲ ਤਰੱਕੀਆਂ ਕੀਤੀਆਂ। ਇਸ ਸੰਦਰਭ ਵਿੱਚ ਜਾਪਾਨ ਦੀ ਉਦਾਹਰਣ ਸਾਹਮਣੇ ਹੈ ਕਹਿੰਦੇ ਹਨ ਜਦੋਂ ਅਮਰੀਕਾ ਨੇ ਐਟਮ ਬੰਬਾਂ ਨਾਲ ਜਾਪਾਨ ਦੇ ਹੀਰੋਸ਼ੀਮਾ ਨਾਗਾਸਾਕੀ ਨੂੰ ਤਬਾਹ ਕੀਤਾ ਤਾਂ ਜਾਪਾਨ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਿਆ ਸੀ ਤਦੇ ਜਾਪਾਨ ਦੀ ਸਿਆਸੀ ਲੀਡਰਸ਼ਿਪ ਨੇ ਆਪਣੇ ਮੁਲਕ ਨੂੰ ਮੁੜ ਤੋਂ ਲੀਹ ’ਤੇ ਲਿਆਉਣ ਲਈ ਸੱਭ ਤੋਂ ਪਹਿਲਾਂ ਅਧਿਆਪਕ ਵਰਗ ’ਤੇ ਵਿਸ਼ਵਾਸ ਜਤਾਇਆ। ਉਨ੍ਹਾਂ ਉਥੋਂ ਦੇ ਪ੍ਰਾਇਮਰੀ ਟੀਚਰਾਂ ਨਾਲ ਮੀਟਿੰਗ ਕੀਤੀ ਅਤੇ ਆਖਿਆ ਕਿ ਹੁਣ ਮੁਲਕ ਨੂੰ ਮੁੜ ਤੋਂ ਤਰੱਕੀ ਦੀਆਂ ਲੀਹਾਂ ’ਤੇ ਪਾਉਣ ਲਈ ਤੁਹਾਡੀ ਜ਼ਿੰਮੇਵਾਰੀ ਹੈ ਕਿਉਂਕਿ ਕਿਸੇ ਵੀ ਕੌਮ ਦਾ ਭਵਿੱਖ ਖਿਆਲ ਕੀਤੇ ਜਾਂਦੇ ਬੱਚਿਆਂ ਦਾ ਵਾਸਤਾ ਅਧਿਆਪਕਾਂ ਦਾ ਨਾਲ ਪੈਂਦਾ ਹੈ। ਇਸੇ ਲਈ ਅਧਿਆਪਕ ਵਰਗ ਨੂੰ ਰਾਸ਼ਟਰ ਨਿਰਮਾਤਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸ ਸਮੇਂ ਜਾਪਾਨ ਦੀ ਕਿਆਦਤ ਨੇ, ਜੋ ਅਧਿਆਪਕ ਵਰਗ ’ਤੇ ਵਿਸ਼ਵਾਸ ਜਤਾਇਆ, ਅਧਿਆਪਕਾਂ ਨੇ ਵੀ ਜਾਪਾਨ ਦੇ ਦੂਰ-ਅੰਦੇਸ਼ ਆਗੂਆਂ ਦੀ ਪਿੱਠ ਨਹੀਂ ਲੱਗਣ ਦਿੱਤੀ। ਉਨ੍ਹਾਂ ਬੱਚਿਆਂ ਨੂੰ ਕਾਬਲ ਬਨਾਉਣ ਲਈ ਬੇਤਹਾਸ਼ਾ ਮਿਹਨਤ ਕੀਤੀ। ਉਸੇ ਦਾ ਨਤੀਜਾ ਹੈ ਕਿ ਅੱਜ ਜਾਪਾਨ ਟੈਕਨਾਲੋਜੀ ਵਿੱਚ ਉਸ ਅਮਰੀਕਾ ਨਾਲੋਂ ਕਿਤੇ ਅੱਗੇ ਹੈ, ਜਿਸ ਨੇ ਦਹਾਕਿਆਂ ਪਹਿਲਾਂ ਘੁਮੰਡ ’ਚ ਆ ਕੇ ਜਾਪਾਨ ਦੀ ਇੱਟ ਨਾਲ ਇੱਟ ਖੜਕਾਈ ਸੀ। 

ਕੈਨੇਡਾ ਸਟੱਡੀ ਵੀਜ਼ਾ: 30 ਅਪ੍ਰੈਲ ਤੱਕ ਆਨਲਾਈਨ ਕਲਾਸਾਂ ਨੇ ਵਿਦਿਆਰਥੀਆਂ ਦੇ ਵਧਾਏ ਤੌਖ਼ਲੇ

ਅਧਿਆਪਕਾਂ ਦੀ ਇੱਜ਼ਤ ਕਰਨੀ
ਵਿਅਕਤੀਗਤ ਰੂਪ ਵਿੱਚ ਜਿਨ੍ਹਾਂ ਨੇ ਵੀ ਆਪਣੇ ਅਧਿਆਪਕਾਂ ਦੀ ਇੱਜ਼ਤ ਕੀਤੀ, ਉਨ੍ਹਾਂ ਨੇ ਦੁਨੀਆਂ ਚੰਗੀ ਨੇਕਨਾਮੀ ਖੱਟੀ ਹੈ। ਗੱਲ ਜੇਕਰ " ਸਾਰੇ ਜਹਾਂ ਸੇ ਅੱਛਾ ਹਿੰਦੂਸਤਾਂ ਹਮਾਰਾ" ਤਰਾਨਾ ਲਿਖਣ ਵਾਲੇ ਪ੍ਰਸਿੱਧ ਸ਼ਾਇਰ ਇਕਬਾਲ ਦੀ ਕਰੀਏ ਤਾਂ ਉਨ੍ਹਾਂ ਨੂੰ ਜਦੋਂ ਅੰਗਰੇਜ਼ਾਂ ਨੇ ਉਨ੍ਹਾਂ ਦੀਆਂ ਸ਼ਾਇਰਾਨਾ ਅਤੇ ਸਾਹਿਤਕ ਸੇਵਾਵਾਂ ਬਦਲੇ "ਸ਼ਮਸੁਲ ਉਲਮਾਅ" ਜਾਂ ‘ਸਰ" ਦਾ ਖਿਤਾਬ ਦੇਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਸਨਮਾਨਿਤ ਕਰਨ ਤੋਂ ਪਹਿਲਾਂ ਮੇਰੇ ਉਸਤਾਦ ਮੀਰ ਹਸਨ ਦਾ ਸਨਮਾਨ ਕੀਤਾ ਜਾਵੇ। ਜੂਡੀਸ਼ਰੀ ਮੈਂਬਰਾਂ ਨੇ ਕਿਹਾ ਕਿ ਤੁਸੀਂ ਤਾਂ ਮਹਾਨ ਸ਼ਾਇਰ ਹੋ ਅਤੇ ਕਈ ਅਹਿਮ ਰਚਨਾਵਾਂ (ਕਿਤਾਬਾਂ) ਲਿਖੀਆਂ ਹਨ ਪਰ ਤੁਹਾਡੇ ਉਸਤਾਦ ਦੀ ਅਜਿਹੀ ਕੋਈ ਰਚਨਾ ਨਹੀਂ ਹੈ। ਇਕਬਾਲ ਨੇ ਕਿਹਾ "ਉਨ੍ਹਾਂ (ਉਸਤਾਦ ਮੀਰ ਹਸਨ) ਦੀ ਤਖਲੀਕ (ਰਚਨਾ) ਮੈਂ (ਇਕਬਾਲ) ਖੁਦ ਹਾਂ" ਇਕਬਾਲ ਦਾ ਇਹ ਜਵਾਬ ਸੁਣਕੇ ਸਾਰੇ ਲਾਜਵਾਬ ਹੋ ਗਏ। 

ਵਿਦਿਆ ਦੇ ਸੰਦਰਭ ਵਿਚ ਜਦ ਅਸੀਂ ਭਾਰਤ ਦੇ ਪਿਛੋਕੜ ’ਤੇ ਝਾਤ ਮਾਰਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਤਾਲੀਮ ਦਾ ਅਧਿਕਾਰ ਕੁੱਝ ਖਾਸ ਲੋਕਾਂ ਤੱਕ ਸੀਮਤ ਰੱਖਿਆ ਗਿਆ ਸੀ ਅਰਥਾਤ ਉਸ ਦੌਰ ਵਿੱਚ ਭਾਰਤੀ ਸਮਾਜਿਕ ਢਾਂਚੇ ਵਿੱਚ ਸ਼ੂਦਰਾਂ ਅਤੇ ਮਹਿਲਾਵਾਂ ਨੂੰ ਵਿੱਦਿਆ ਪ੍ਰਾਪਤੀ ਦਾ ਅਧਿਕਾਰ ਨਹੀਂ ਸੀ। ਸਦੀਆਂ ਤੋਂ ਸਿੱਖਿਆ ਤੋਂ ਬਾਂਝੇ ਵਰਗਾਂ ਲਈ ਵਿੱਦਿਆ ਦਾ ਚਾਨਣ ਫੈਲਾਉਣ ਲਈ ਕਈ ਸਮਾਜ ਸੁਧਾਰਕਾਂ ਨੇ ਆਪਣਾ ਮੁਹਿੰਮਾਂ ਵਿੱਢੀਆਂ । ਇਸੇ ਸੰਦਰਭ ਵਿੱਚ ਸਵਿਤਰੀ ਬਾਈ ਫੂਲੇ, ਬਾਬੂ ਮੰਗੂ ਰਾਮ ਮੂਗੋਵਾਲੀਆ ਆਦਿ ਨੇ ਵਿਦਿਅਕ ਅਦਾਰੇ ਖੋਲ੍ਹੇ ਅਤੇ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਪਛੜੇ ਵਰਗਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਿੱਖਿਅਤ ਕਰਨ ਦੇ ਵੱਡੇ ਉਪਰਾਲੇ ਕੀਤੇ । ਵਿਦਿਆ ਪ੍ਰਾਪਤੀ ਦੇ ਇਸ ਮੁਖਤਸਰਨ ਵਿਵਰਣ ਤੋਂ ਬਾਅਦ ਆਓ ਅਸੀਂ ਵੇਖਦੇ ਹਾਂ ਕਿ ਇਕ ਆਦਰਸ਼ ਅਧਿਆਪਕ ਵਿਚ ਮੁੱਖ ਰੂਪ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਹਨ। 

ਇਹੋ ਜਿਹਾ ਹੁੰਦਾ ਹੈ ਆਦਰਸ਼ ਅਧਿਆਪਕ
ਦਰਅਸਲ ਇਕ ਵਧੀਆ ਅਧਿਆਪਕ ਉਸੇ ਨੂੰ ਕਹਿਣਾ ਬਣਦਾ ਹੈ, ਜੋ ਆਪਣੇ ਅਧਿਆਪਨ ਕਾਰਜ ਵਿੱਚ ਕਾਬਲ ਹੋਵੇ, ਵਿਵਹਾਰਿਕ ਰੂਪ ਸੁਹਿਰਦ, ਸੁਲੱਗ ਅਤੇ ਹਕੀਕੀ ਮਾਅਨਿਆਂ ਵਿੱਚ ਪ੍ਰਸ਼ੰਸਾ ਦਾ ਪਾਤਰ ਹੋਵੇ । ਆਦਰਸ਼ ਅਧਿਆਪਕ ਹਮੇਸ਼ਾਂ ਉੱਚੀ ਸੋਚ ਅਤੇ ਮਿਆਰੀ ਨੈਤਿਕ ਕਦਰਾਂ-ਕੀਮਤਾਂ ਜਿਹੀਆਂ ਖੂਬੀਆਂ ਦਾ ਧਾਰਨੀ ਹੁੰਦਾ ਹੈ । ਵਧੀਆ ਅਧਿਆਪਕ ਜਿੱਥੇ ਸਮਾਜ ਵਿੱਚ ਇਜੱਤ ਰੱਖਣ ਵਾਲੀ ਸ਼ਖਸੀਅਤ ਵਜੋਂ ਜਾਣਿਆ ਜਾਂਦਾ ਹੈ, ਉਥੇ ਹੀ ਉਹ ਵਿਦਿਆਰਥੀਆਂ ਵਿੱਚ ਵਧੇਰੇ ਹਰਮਨ ਪਿਆਰਾ ਹੁੰਦਾ ਹੈ। ਚੰਗਾ ਅਧਿਆਪਕ ਜਿਥੇ ਸਮੇਂ ਸਿਰ ਕਲਾਸ ਲੈਣਾ ਆਪਣਾ ਫ਼ਰਜ਼ ਸਮਝਦਾ ਹੈ ਉਥੇ ਹੀ ਉਹ ਬੱਚਿਆਂ ਦੇ ਘਰ ਦਾ ਕੰਮ ਚੈੱਕ ਕਰਨ ਵਿੱਚ ਕਦੀ ਵੀ ਕਾਹਲ ਨਹੀਂ ਵਿਖਾਉਂਦਾ। ਦੂਜੇ ਪਾਸੇ ਉਹ ਹੋਮ ਵਰਕ ਨਾ ਕਰਨ ਵਾਲੇ ਬੱਚਿਆਂ ਨੂੰ ਝਿੜਕਣ ਤੋਂ ਪਹਿਲਾਂ ਕੰਮ ਨਹੀਂ ਕਰਨ ਦੀ ਠੋਸ ਵਜ੍ਹਾ ਤੋਂ ਜਾਣੂ ਹੋਣਾ ਲੋਚਦਾ ਹੈ। ਇਸ ਸੰਦਰਭ ਵਿੱਚ ਬਹਾਨੇਬਾਜ਼ੀ ਕਰਨ ਵਾਲੇ ਵਿਦਿਆਰਥੀਆਂ ਨੂੰ ਅੱਗੇ ਤੋਂ ਅਜਿਹਾ ਨਾ ਕਰਨ ਦੀ ਤਾੜਨਾ ਕਰਦਿਆਂ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਅੱਛੇ ਅਧਿਆਪਕ ਦੀ ਇਹ ਵੀ ਖੂਬੀ ਹੁੰਦੀ ਹੈ ਕਿ ਉਹ ਹਮੇਸ਼ਾ ਬੱਚਿਆਂ ਨੂੰ ਘਰ ਦਾ ਕੰਮ ਵਧੇਰੇ ਦੇਣ ਤੋਂ ਗੁਰੇਜ਼ ਕਰਦਾ ਹੈ ਅਤੇ ਪੜ੍ਹਾਉਂਦੇ ਸਮੇਂ ਬੱਚਿਆਂ ’ਤੇ ਪੂਰੀ ਨਿਗਰਾਨੀ ਰੱਖਦਾ ਹੈ। 

ਬਲੈਕ ਬੋਰਡ ਦੀ ਅਹਿਮੀਅਤ
ਇਸ ਦੇ ਨਾਲ ਨਾਲ ਇਕ ਵਧੀਆ ਅਧਿਆਪਕ ਬਲੈਕ ਬੋਰਡ ਦੀ ਅਹਿਮੀਅਤ ਨੂੰ ਵਧੇਰੇ ਚੰਗੇ ਸਮਝਦਾ ਹੈ। ਉਹ ਕਦੇ ਵੀ ਲੋੜ ਪੈਣ ਤੇ ਬਲੈਕ ਬੋਰਡ ਦੀ ਵਰਤੋਂ ਤੋਂ ਕਰਨ ਤੋਂ ਜੀਅ ਨਹੀਂ ਚੁਰਾਉਂਦਾ । 
ਉਦਾਹਰਣ ਵਜੋਂ ਗਣਿਤ ਮਾਸਟਰ, ਹਿਸਾਬ ਦੇ ਸੁਆਲ ਬੋਰਡ ’ਤੇ ਕੱਢਦਾ ਹੈ ਅਤੇ ਇਸੇ ਤਰ੍ਹਾਂ ਇਕ ਅੰਗਰੇਜ਼ੀ ਵਿਸ਼ੇ ਦਾ ਮਾਸਟਰ ਬੱਚਿਆਂ ਨੂੰ ਗਰਾਮਰ ਚੋਂ ਆਰਟੀਕਲ ਨਾਊਨ ਅਤੇ ਟੈਨਸ ਆਦਿ ਸਮਝਾਉਣ ਲਈ ਬੋਰਡ ਦੀ ਪੂਰੀ ਤਰ੍ਹਾਂ ਖੁਲ ਕੇ ਵਰਤੋਂ ਕਰਦਿਆਂ ਬੱਚਿਆਂ ਦੇ ਗੱਲ ਖਾਨੇ ਪਾਉਣ ਦੀ ਹਰ ਸੰਭਵ ਯਤਨ ਕਰਦਾ ਹੈ। ਇਹ ਕਿ ਇੱਕ ਚੰਗਾ ਅਧਿਆਪਕ ਕਲਾਸ ਵਿੱਚ ਚੱਕਰ ਲਾਉਂਦਾ ਹੈ ਤਾਂ ਕਿ ਬੱਚਿਆਂ ਨੂੰ ਆਪਸ ਵਿੱਚ ਨਕਲ ਮਾਰਨ ਤੋਂ ਰੋਕਿਆ ਜਾ ਸਕੇ। ਇਕ ਅੰਗਰੇਜ਼ੀ ਦੀ ਕਿਤਾਬ ਦਾ ਜੋ ਪਾਠ ਪੜ੍ਹਾਉਂਦਾ ਹੈ, ਉਸ ਵਿੱਚੋਂ ਔਖੇ ਸ਼ਬਦਾਂ ਦੇ ਅਰਥ ਬੋਰਡ ’ਤੇ ਲਿਖਣੇ ਜ਼ਰੂਰੀ ਸਮਝਦਾ ਹੈ। ਜੋ ਪੜ੍ਹਾਇਆ ਹੁੰਦਾ ਹੈ ਅਗਲੇ ਦਿਨ ਬੱਚਿਆਂ ਤੋਂ ਸੁਣਨਾ ਨਹੀਂ ਭੁੱਲਦਾ। ਇਕ ਸੁਹਿਰਦ ਅਤੇ ਸੱਚੇ ਅਧਿਆਪਕ ਦਾ ਇਹ ਵੀ ਵੱਡਾ ਗੁਣ ਹੁੰਦਾ ਹੈ ਕਿ ਉਹ ਕੋਰਸ ਚ' ਲੱਗੀਆਂ ਕਿਤਾਬਾਂ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕਰਦਾ ਸਗੋਂ ਉਨ੍ਹਾਂ ਨੂੰ ਪੜ੍ਹਾਉਣਾ ਆਪਣਾ ਫ਼ਰਜ਼ ਸਮਝਦਾ ਹੈ। ਉਹ ਗਾਈਡਾਂ ਦੀ ਲੋੜ ਤੋਂ ਵੱਧ ਵਰਤੋਂ ਕਰਨ ਤੋਂ ਬੱਚਿਆਂ ਨੂੰ ਵਰਜਿਤ ਕਰਦਾ ਹੈ ਇਸ ਦੀ ਥਾਂ ਉਹ ਵਿਦਿਆਰਥੀਆਂ ਨੂੰ ਪ੍ਰਸ਼ਨਾਂ ਦੇ ਉਤੱਰਾ ਨੂੰ ਖੁਦ ਹਲ ਕਰਨ ਲਈ ਪ੍ਰੇਰਿਤ ਕਰਦਾ ਹੈ। 

ਟੈਸਟ ਦੀ ਅਹਿਮੀਅਤ
ਚੰਗੇ ਅਧਿਆਪਕ ਦੀ ਇਹ ਵੀ ਸਿਫਤ ਹੈ ਕਿ ਉਹ ਹਫਤੇ ਦੋ ਹਫਤੇ ਪੜ੍ਹਾਉਣ ਤੋਂ ਬਾਅਦ ਕਲਾਸ ਦਾ ਟੈਸਟ ਲੈਣਾ ਜ਼ਰੂਰੀ ਸਮਝਦਾ ਹੈ। ਦਰਅਸਲ ਟੈਸਟ ਦੀ ਅਹਿਮੀਅਤ ਦਾ ਅਹਿਸਾਸ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਤਿਆਰ ਕਰਦਾ ਹੈ। ਮੈਨੂੰ ਯਾਦ ਹੈ ਜਦੋਂ ਅਸੀਂ ਸ਼ਹਿਰ ਪ੍ਰਸਿੱਧ ਵਿਦਿਅਕ ਅਦਾਰੇ ਇਸਲਾਮੀਆ ਹਾਈ ਸਕੂਲ ਵਿਚ ਪੜਿਆ ਕਰਦੇ ਸਾਂ ਸਾਡੇ ਪੰਜਾਬੀ ਦੇ ਅਧਿਆਪਕ ਰਹਿਮਤੁੱਲਾ ਜੀ ਸਾਡਾ ਟੈਸਟ ਲਿਆ ਕਰਦੇ ਸਨ। ਇਸ ਦੇ ਇਲਾਵਾ ਅੰਗਰੇਜ਼ੀ ਦੇ ਮਾਸਟਰ ਨੂਰ ਸਾਹਿਬ ਵੀ ਅਕਸਰ ਪੋਇਮਜ ਦੇ ਸੈਂਟਰਲ ਆਈਡੀਆ ਅਤੇ ਰੀਡਰ ਪਾਠ ਪੁਸਤਕਾਂ ਵਿੱਚੋਂ ਪਾਠਾਂ ਦੇ ਪਿੱਛੇ ਦਿੱਤੇ ਅਭਿਆਸ ਵਾਲੇ  ਪ੍ਰਸ਼ਨਾਂ ਦੇ ਉੱਤਰਾਂ ਨੂੰ ਜੁਬਾਨੀ ਲਿਖਵਾ ਕੇ ਵੇਖਿਆ ਕਰਦੇ ਸਨ। ਇਕ ਯੋਗ ਅਧਿਆਪਕ ਹਮੇਸ਼ਾਂ ਪੜ੍ਹਾਈ ਚ ਕਮਜ਼ੋਰ ਵਿਦਿਆਰਥੀਆਂ ਨੂੰ ਹੁਸ਼ਿਆਰ ਬੱਚਿਆਂ ਦੀਆਂ ਮਿਸਾਲਾਂ ਦੇ ਨਕਲ ਦੇ ਕੋਹੜ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਿਆਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਿੱਚ ਆਪਣੀ ਇਕ ਸਾਕਾਰਾਤਮਕ ਭੂਮਿਕਾ ਨਿਭਾਉਂਦਾ ਹੈ।

ਅਧਿਆਪਕ ਦੇ ਅਹਿਮ ਗੁਣ
ਇਕ ਵਧੀਆ ਅਧਿਆਪਕ ਹਮੇਸ਼ਾਂ ਬੱਚਿਆਂ ਨੂੰ ਕੁੱਟਣ ਤੋਂ ਪਰਹੇਜ਼ ਕਰਦਾ ਹੈ। ਉਸ ਦੀ ਪਹਿਲੀ ਕੋਸ਼ਿਸ਼ ਬੱਚੇ ਨੂੰ ਸਮਝਾਉਣ ਦੀ ਹੁੰਦੀ ਹੈ ਜਦ ਕੋਈ ਬੱਚਾ ਸ਼ਰਾਰਤ ਤੋਂ ਬਾਜ਼ ਨਹੀਂ ਆਉਂਦਾ ਜਾਂ ਕਲਾਸ ਵਿੱਚ ਪੜ੍ਹਾਈ ’ਚ ਦਿਲਚਸਪੀ ਨਹੀਂ ਵਿਖਾਉਂਦਾ ਅਤੇ ਘਰ ਦਾ ਕੰਮ ਆਦਿ ਨਹੀਂ ਕਰਦਾ ਤਾਂ ਇਕ ਆਦਰਸ਼ ਅਧਿਆਪਕ ਬੱਚੇ ਦੇ ਉਕਤ ਨਕਾਰਤਮਕ ਵਿਵਹਾਰ ਦੀ ਪੜਚੋਲ ਕਰਦਾ ਹੈ। ਉਹ ਬੱਚੇ ਦੀ ਕਾਊਂਸਲਿੰਗ ਕਰਨ ਦੇ ਨਾਲ-ਨਾਲ ਬੱਚੇ ਦੇ ਵਿਵਹਾਰ ਵਿੱਚ ਸਾਕਾਰਾਤਮਕ ਤਬਦੀਲੀ ਲਿਆਉਣ ਦੇ ਮਕਸਦ ਨਾਲ ਉਸਦੇ ਮਾਤਾ-ਪਿਤਾ ਨਾਲ ਹਰ ਤਰ੍ਹਾਂ ਸਹਿਯੋਗ ਕਰਦਾ ਹੈ। ਚੰਗੇ ਅਧਿਆਪਕ ਦਾ ਇਹ ਵੀ ਇਕ ਗੁਣ ਹੁੰਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਨਾਲ ਹਮੇਸ਼ਾਂ ਨਿਰਪੱਖ ਤੇ ਨਿਰਛੱਲ ਵਰਤਾਓ ਕਰਨਾ ਆਪਣਾ ਫ਼ਰਜ਼ ਸਮਝਦਾ ਹੈ। ਉਹ ਬੱਚਿਆਂ ਨੂੰ ਹਮੇਸ਼ਾਂ ਖਿੜੇ-ਮੱਥੇ ਮਿਲਦਾ ਅਤੇ ਬੱਚਿਆਂ ਦੀਆਂ ਨਾ ਸਿਰਫ ਸਮੱਸਿਆਵਾਂ ਸੁਣਦਾ ਹੈ, ਜਿਥੋਂ ਤਕ ਮੁਮਕਨ ਹੋਏ ਉਹ ਉਨ੍ਹਾਂ ਸਮਸਿਆਵਾਂ ਦਾ ਨਿਵਾਰਨ ਵੀ ਕਰਦਾ ਹੈ। ਬੱਚਿਆਂ ਦੇ ਕਿਰਦਾਰ ਨੂੰ ਉੱਚਾ ਚੁੱਕਣ ਚ ਇਕ ਯੋਗ ਅਧਿਆਪਕ ਹਮੇਸ਼ਾਂ ਆਪਣਾ ਇਕ ਅਹਿਮ ਰੋਲ ਨਿਭਾਉਂਦਾ ਹੈ। ਉਹ ਪੜ੍ਹਾਈ ਕਰਾਉਣ ਦੇ ਨਾਲ ਨਾਲ  ਬੱਚਿਆਂ ਨੂੰ ਇਨਸਾਨੀ ਕਦਰਾਂ-ਕੀਮਤਾਂ ਤੋਂ ਵੀ ਵਾਕਿਫ ਕਰਾਉਂਦਾ ਰਹਿੰਦਾ ਹੈ। 

ਅਧਿਆਪਕਾਂ ਦੀ ਸ਼ਖਸੀਅਤ
ਸਾਡੇ ਸਮਿਆਂ ਵਿੱਚ ਅਧਿਆਪਕਾਂ ਦੁਆਰਾ ਬੱਚਿਆਂ ਦੇ ਹੱਥਾਂ ’ਤੇ ਡੰਡੇ ਮਾਰਨਾ ਅਤੇ ਮੁਰਗਾ ਬਨਾਉਣਾ ਆਮ ਰਿਵਾਜ ਸੀ। ਕਈ ਵਾਰ ਤਾਂ ਅਧਿਆਪਕਾਂ ਦੀ ਸਖਤੀ ਦੇ ਚਲਦਿਆਂ ਵਿਦਿਆਰਥੀ ਸਕੂਲ ਛੱਡ ਜਾਂਦੇ ਸਨ। ਕਹਿੰਦੇ ਹਨ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਜਿਥੇ ਫੁੱਲ ਹੁੰਦੇ ਹਨ ਉਥੇ ਕੰਡੇ ਵੀ ਹੁੰਦੇ ਹਨ। ਜਿਥੇ ਮਾਸੂਮਾਂ ਦੇ ਪਿੰਨਾਂ ਵਾਲੇ ਸਨ ਉਥੇ ਹੀ ਅਜਿਹੇ ਵੀ ਸਨ ਜਿਨ੍ਹਾਂ ਅਧਿਆਪਕਾਂ ਦੀ ਜਾਦੂਈ ਸ਼ਖਸੀਅਤ ਦੇ ਚਲਦਿਆਂ ਵਿਦਿਆਰਥੀਆਂ ਦੇ ਜੀਵਨ ਬਣ ਜਾਣ। ਮੈਨੂੰ ਯਾਦ ਹੈ ਕਿ ਸਾਡੇ ਇੱਕ ਅਧਿਆਪਕ ਨੇ ਦੂਜੀ ਜਮਾਤ ਵਿਚ ਮੇਰੀ ਸਿਆਹੀ ਨਾਲ ਲਿੱਖੀ ਤਖਤੀ(ਲਕੜੀ ਦੀ ਫੱਟੀ ਜਿਸ ਤੇ ਦਵਾਤ ਵਾਲੀ ਕਾਲੀ ਸਿਆਹੀ ਨਾਲ ਅੱਖਰ ਲਿਖੇ ਜਾਂਦੇ ਸਨ) ਪੈਂਤੀ ਨੂੰ ਬੇਹੱਦ ਪਸੰਦ ਕਰਦਿਆਂ ਜਮਾਤ ਦੇ ਬੱਚਿਆਂ ਨੂੰ ਵਿਖਾਉਣ ਲਈ ਬਲੈਕ ਬੋਰਡ ਦੇ ਉਪਰਲੇ ਪਾਸੇ ਟਿਕਾ ਦਿੱਤਾ ਅਤੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਇਸੇ ਤਰ੍ਹਾਂ ਸੁੰਦਰ ਸੁੰਦਰ ਲਿਖਿਆ ਕਰੋ । 

ਇਸੇ ਤਰ੍ਹਾਂ ਇਕ ਹੋਰ ਹੌਸਲਾ ਵਧਾਊ ਅਜ ਵੀ ਖੁਸ਼ੀਆਂ ਪ੍ਰਦਾਨ ਕਰ ਜਾਂਦੀ ਹੈ ਇਹ ਕਿ ਜਦ ਮੈਂ ਇਸਲਾਮੀਆ ਹਾਈ ਸਕੂਲ ਵਿੱਚੋਂ ਦਸਵੀਂ ਪਾਸ ਕਰ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਦਾਖਲ ਹੋਇਆ ਤਾਂ ਮੇਰੇ ਇਕ ਅਧਿਆਪਕ ਮੇਰੇ ਦੁਆਰਾ ਪੱਤਰਾਂ ਅਤੇ ਲੇਖਾਂ ਵਿੱਚ ਵਰਤੀ ਸ਼ਬਦਾਵਲੀ ਨੂੰ ਵੇਖ ਕੇ ਅਸ਼-ਅਸ਼ ਕਰਿਆ ਕਰਦੇ ਸਨ ਅਤੇ ਕਿਹਾ ਕਰਦੇ ਸਨ ਕਿ 'ਅੱਬਾਸ' ਤੇਰੀ ਲੇਖਣੀ ਤਾਂ ਵਿਦਵਾਨਾਂ ਵਰਗੀ ਹੈ। ਉਨ੍ਹਾਂ ਦੁਆਰਾ ਮੇਰੀ ਪ੍ਰਸ਼ੰਸਾ ਚ ਕੀਤੀਆਂ ਇਹ ਟਿੱਪਣੀਆਂ ਜਿਵੇਂ ਮੈਨੂੰ ਸਚਮੁੱਚ ਵਿਦਵਾਨਾਂ ਦੀ ਸ਼੍ਰੇਣੀ ਕਰ ਜਾਂਦੀਆਂ। ਸਚਮੁੱਚ ਉਸ ਸਮੇਂ ਮੈਂ ਆਪਣੇ ਆਪ ਚ' ਜੋ ਗੌਰਵ ਅਤੇ ਮਾਣ ਮਹਿਸੂਸ ਕਰਦਾ ਸਾਂ ਉਸ ਨੂੰ ਸ਼ਬਦਾਂ ਚ ਬਿਆਨ ਕਰਨੋਂ ਅੱਜ ਵੀ ਕਾਸਰ ਹਾਂ।

ਹਾਲਾਂਕਿ ਅੱਜ ਮੈਂ ਖੁਦ ਇਕ ਅਧਿਆਪਕ ਹਾਂ। ਪਰ ਆਪਣੇ ਵਿਦਿਆਰਥੀ ਜੀਵਨ ਵਿੱਚ ਵਾਪਰੀਆਂ ਅਲੱਗ ਅਲੱਗ ਘਟਨਾਵਾਂ ਜਿਵੇਂ ਕਿ ਪਿੰਨਾਂ ਮਾਰਨ ਵਾਲੇ ਅਧਿਆਪਕ ਅਤੇ ਫੱਟੀ ਨੂੰ ਬੋਰਡ ਤੇ ਰੱਖਣ ਵਾਲੇ ਅਧਿਆਪਕ ਅਤੇ ਵਿਦਿਆਰਥੀ ਜੀਵਨ ’ਚ ਵਿਦਵਾਨ ਦੀ ਉਪਾਧੀ ਦੇਣ ਵਾਲੇ ਅਧਿਆਪਕਾਂ ਦੀਆਂ ਤਸਵੀਰਾਂ ਅੱਜ ਵੀ ਮੇਰੇ ਦਿਲ-ਓ -ਦਿਮਾਗ ਵਿੱਚ ਉਕਰੀਆਂ ਪਈਆਂ ਹਨ। ਸੱਚਮੁੱਚ ਹੀ ਬੱਚਿਆਂ ਦੇ ਮਨ ਇਕ ਕੋਰੀ ਸਲੇਟ ਵਾਂਗ ਹੁੰਦੇ ਹਨ ਬਚਪਨ ਚ ਜੋ ਵੀ ਉਨ੍ਹਾਂ ਉਪਰ ਉੱਕਰਿਆ ਜਾਵੇ ਉਹ ਕਦੇ ਨਾ ਮਿਟਣਯੋਗ ਹੁੰਦਾ ਹੈ, ਅਧਿਆਪਕ ਵਰਗ ਨੂੰ ਇਸ ਗੱਲ ਨੂੰ ਕਦੀ ਵੀ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ..! 

ਲੇਖਕ :ਅੱਬਾਸ ਧਾਲੀਵਾਲ
ਮਲੇਰਕੋਟਲਾ 
ਸੰਪਰਕ ਨੰਬਰ 9855259650 
Abbasdhaliwal72@gmail.com 


rajwinder kaur

Content Editor

Related News