ਕਹਾਣੀ : ਓਪਰੀ ਸ਼ੈਅ

08/23/2020 2:44:25 PM

ਆਪਣੇ ਖੇਤਾਂ ਵਿੱਚ ਕੰਮ ਕਰਦਾ ਥੱਕਿਆ ਟੁੱਟਿਆ ਲਾਭਾ ਆਪਣੀ ਮੋਟਰ ਦੇ ਨਾਲ ਲੱਗੀ ਵੱਡੀ ਟਾਹਲੀ ਹੇਠ ਆਰਾਮ ਕਰਨ ਲਈ ਬੈਠ ਜਾਂਦਾ ਹੈ। ਤੇ ਬੈਠਦਿਆਂ ਹੀ ਉਦਾਸ ਹੋ ਅੱਖਾਂ ਭਰ ਆਉਂਦਾ ਹੈ ਤੇ ਟਾਹਲੀ ਨਾਲ ਗੱਲਾਂ ਕਰਦਾ ਹੈ। ਟਾਹਲੀ ਨੂੰ ਸਿੱਲ੍ਹੀਆ ਅੱਖਾਂ ਨਾਲ ਆਖਦਾ ਹੈ। ਧੀਏ ਹੁਣ ਤਾਂ ਤੂੰ ਬਹੁਤ ਵੱਡੀ ਹੋ ਗਈ ਹੈ...ਤੇਰੀ ਛਾਂ ਬਹੁਤ ਠੰਢੀ ਹੈ, ਜਿਉਂਦੀ ਰਹਿ ਧੀਏ ... ਇਹ ਕਹਿੰਦਾ ਫਿਰ ਰੋਣ ਲੱਗ ਜਾਂਦਾ ਹੈ।

ਇੰਨੇ ਵਿੱਚ ਨਾਲ ਦੇ ਖੇਤ ਦਾ ਗੁਆਂਢੀ ਗੁਰਕੀਰਤ ਜੋ ਲਾਭੇ ਦੇ ਦੋਵੇਂ ਮੁੰਡਿਆਂ ਦਾ ਆੜੀ ਵੀ ਹੈ ਆ ਜਾਂਦਾ ਹੈ ।

ਕੀਰਤ- ਕਿਵੇਂ ਆ ਤਾਇਆ, ਕੀ ਗੱਲ ਤੂੰ ਜਦੋਂ ਵੀ ਟਾਹਲੀ ਥੱਲੇ ਬੈਠਦਾਂ, ਉਦਾਸ ਹੋ ਰੋਣ ਲੱਗ ਜਾਂਨੈ ..ਗੱਲ ਕੀ ਆ...? 

ਜੇ ਤੂੰ ਅਈਂ ਕਰਦਾ ਰਿਹਾ ...ਤਾਂ ਮੈਂ ਹਰਮਨ ਤੇ ਕਿੰਦੇ ਨੂੰ ਕਹਿ ਕੇ ਵੱਢਾ ਦੇਣਾ ਇਸ ਟਾਹਲੀ ਨੂੰ ...।

ਲਾਭਾ -ਨਾ ਪੁੱਤ..

ਇਸ ਟਾਹਲੀ ਨੂੰ ਦੇਖ ਦੇਖ ਹੀ ਜਿਊਣਾ ਮੈਂ ......

ਜੇ ਤੁਸੀਂ ਇਹ ਕਹਿਰ ਕਰਤਾ , ਤਾਂ ਤੇਰਾ ਤਾਇਆ ਨਹੀਂ ਬਚਣਾ।

ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

ਕੀਰਤ- ਇਹ ਤੇਰੀ ਮਾੜੀ ਗੱਲ ਐ ਤਾਇਆ ,ਜੋ ਤੂੰ ਦੱਸਦਾ ਨਹੀਂ ......ਵੀ ਕਿਉਂ ਦੁਖੀ ਹੋ ਜਾਂਨੈ ...

ਇਹਦੇ ਥੱਲੇ ਬੈਠ ਕੇ ....ਉ....ਤੂੰ ਇਨ੍ਹਾਂ ਰਲੌਟਾਂ ਤੇ ਗਾਲੜੀ ਆ....

ਇੱਥੇ ਆ ਕੇ ਪਤਾ ਨਹੀਂ ਕੀ ਹੋ ਜਾਂਦਾ ਤੈਨੂੰ... 

ਚੱਲ ਆਜ਼ਾ ਤਾਇਆ, ਰੋਟੀ ਖਾਈਏ , ਫਿਰ ਚਾਹ ਪੀਵਾਂਗੇ ।

ਲਾਭਾ - ਲਿਆ ਪੁੱਤ ਰੋਟੀ ਚੁੱਕਦਾ ਹੈ ਤੇ ਖਾਂਦਾ ਖਾਂਦਾ ਬੋਲਦਾ ਹੈ ਭੁੱਖ ਬਹੁਤ ਲੱਗੀ ਸੀ ਨਾਲੇ ਭਤੀਜ ਕੁਝ ਗੱਲਾਂ ਤੇ ਦੁੱਖ ਬੰਦੇ ਨੂੰ ਇਕੱਲਿਆਂ ਹੀ ਹੰਢਾਉਣੇ ਪੈਂਦੇ ਆਂ । (ਥੋੜ੍ਹੀ ਦੇਰ ਕੰਮ ਕਰਨ ਤੋਂ ਬਾਅਦ ਲਾਭਾਂ ਤੇ ਗੁਰਕੀਰਤ ਇਕੱਠੇ ਸਕੂਟਰ ਤੇ ਘਰ ਨੂੰ ਚੱਲ ਪੈਂਦੇ ਹਨ ਤੇ ਗੁਰਕੀਰਤ ਲਾਭੇ ਨੂੰ ਉਸ ਦੇ ਗੇਟ ਅੱਗੇ ਉਤਾਰ ਕੇ ਆਪਣੇ ਘਰ ਨੂੰ ਚਲਾ ਜਾਂਦਾ ਹੈ )

ਲਾਭਾ - ਘਰ ਵੜਦਿਆਂ ਸਾਹਮਣੇ ਬੈਠੇ ਹਰਮਨ ਨੂੰ ਪੁੱਛਦੈ ਪੜ੍ਹ ਆਇਆ ਮੇਰਾ ਪੜ੍ਹਾਕੂ ਪੁੱਤ ..?

ਹਰਮਨ- ਹਾਂ ਬਾਪੂ ..ਅੱਜ ਲੇਟ ਹੋ ਗਿਆ ਸੀ ਕਾਲਜ ਤੋਂ ਹੁਣ ਪੇਪਰਾਂ ਕਰਕੇ ਵਾਧੂ ਕਲਾਸਾਂ ਲੱਗਦੀਆਂ ਨੇ ।

ਲਾਭਾ -ਚੱਲ ਪੁੱਤ ਦਿਲ ਲਾ ਕੇ ਪੜ੍ਹ ਹੁਣ ਮੈਂ ਥੱਕਿਆ ਹੋਇਆ ਘੰਟਾ ਕੁ ਆਰਾਮ ਕਰਨਾ ਨਾਲੇ ਜਸਪ੍ਰੀਤ ਪੁੱਤ ਕਿੰਦਾ ਸ਼ਹਿਰ ਸਪਰੇ ਲੈਣ ਗਿਆ ਸੀ ਆਇਆ ਕਿ ਨਹੀਂ ਹਾਲੇ 

ਜਸਪ੍ਰੀਤ (ਵੱਡੇ ਮੁੰਡੇ ਦੀ ਘਰਵਾਲੀ )-ਨਹੀਂ ਬਾਪੂ ਜੀ ਉਹ ਆਏ ਨੀ ਹਾਲੇ ।

ਇੱਕਲੇ ਨਹੀਂ, ਆਪਣੇ ਪਾਟਨਰ ਨਾਲ ਕਰੋ ਇਹ ‘ਕਸਰਤ’, ਰਹੋਗੇ ਹਮੇਸ਼ਾ ‘ਫਿੱਟ‘

ਲਾਭਾ- ਠੀਕ ਹੈ ਧੀਏ ਹੁਣ ਮੈਂ ਆਰਾਮ ਕਰਨਾ (ਆਥਣ ਵੇਲੇ ਗੁਰਕੀਰਤ ਹਰਮਨ ਨੂੰ ਮਿਲਦਾ ਹੈ )

ਗੁਰਕੀਰਤ -ਹੋਰ ਵੀ ਕਿਵੇਂ ਪੜ੍ਹਿਆ 

ਹਰਮਨ- ਠੀਕ ਬਾਈ ਤੂੰ ਦੱਸ 

ਗੁਰਕੀਰਤ- ਯਾਰ ਅੱਜ ਖੇਤ ਫੇਰ ਤੇਰਾ ਬਾਪੂ ਟਾਹਲੀ ਥੱਲੇ ਬੈਠਾ ਰੋਈ ਜਾਂਦਾ ਸੀ ।

ਹਰਮਨ- ਅੱਛਾ ...!ਜਦੋਂ ਘਰ ਆਇਆ ਉਦੋਂ ਤਾਂ ਵਧੀਆ ਸੀ, ਮੈਨੂੰ ਲੱਗਦੈ ਬੀਬੀ ਦੀ ਯਾਦ ਆ ਜਾਂਦੀ ਹੋਉ।

ਗੁਰਕੀਰਤ- ਨਹੀਂ ਬਾਈ ਮੇਰਾ ਬਾਪੂ ਦੱਸਦਾ ਸੀ ਕਿ ਉਹਨੇ ਤਾਏ ਨੂੰ ਤਾਈ ਦੇ ਹੁੰਦਿਆਂ ਵੀ ਕਈ ਵਾਰੀ ਟਾਹਲੀ ਥੱਲੇ ਬੈਠਿਆਂ ਰੋਂਦਿਆਂ ਵੇਖਿਆ ਤੁਸੀਂ ਗੌਰ ਕਰੋ ਬਈ।

ਹਰਮਨ ਘਰ ਆ ਜਾਂਦਾ ਹੈ ਤੇ ਕਿੰਦੇ ਕੋਲ ਬੈਠ ਸਾਰੀ ਗੱਲ ਦਸਦਾ ਕਿ ਬਾਪੂ ਨੂੰ ਅੱਜ ਫੇਰ ਗੁਰਕੀਰਤ ਨੇ ਟਾਹਲੀ ਥੱਲੇ ਰੋਂਦਿਆਂ ਵੇਖਿਆ ਹੈ ਦੋਨੇਂ ਭਰਾਵਾਂ ਦੀ ਗੱਲ ਸੁਣ ਕੋਲ ਬੈਠੀ ਜਸਪ੍ਰੀਤ ਬੋਲਦੀ ਹੈ ਤੁਸੀਂ ਕਿਸੇ ਸਿਆਣੇ ਤੋਂ ਪੁੱਛ ਪੱਛ ਲੈ ਲਓ ਮੈਨੂੰ ਤਾਂ ਉੱਥੇ ਕੋਈ ਓਪਰੀ ਸ਼ੈਅ ਲੱਗਦੀ ਹੈ ਦੋਨੇਂ ਭਰਾ ਸੋਚੀਂ ਪੈ ਜਾਂਦੇ ਹਨ ਅਤੇ ਇੱਕ ਦੂਜੇ ਵੱਲ ਵੇਖਦੇ ਹਨ ।

ਹਰਮਨ- ਚੱਲ ਭਾਬੀ ਤੂੰ ਤੇ ਬਾਈ ਕੱਲ੍ਹ ਹੀ ਦੋਵੇਂ , ਜਿਹੜਾ ਪਿੰਡ ਦੇ ਬਾਹਰਲੇ ਪਾਸੇ ਡੇਰਾ ਹੈ , ਉਸ ਬਾਬੇ ਕੋਲ ਜਾ ਕੇ ਆਓ।

ਜਸਪ੍ਰੀਤ ਤੇ ਕਿੰਦਾ ਦੋਵੇਂ ਅਗਲੇ ਦਿਨ ਸਕੂਟਰ ਤੇ ਬੈਠ ਬਾਬੇ ਕੋਲ ਜਾਂਦੇ ਹਨ ।

ਬਾਬਾ - (ਇੱਕ ਢੋਂਗੀ ਜਿਹਾ) ਆਓ ਬੱਚਾ ।

ਜਸਪ੍ਰੀਤ - ਬਾਬਾ ਜੀ ਸਾਡੀ ਮੁਸ਼ਕਲ ਦਾ ਹੱਲ ਕਰੋ ਸਾਡੇ ਬਾਪੂ ਜੀ ਖੇਤ ਜਾ ਕੇ ਉੱਥੇ ਲੱਗੀ ਟਾਹਲੀ ਥੱਲੇ ਬੈਠ ਉਦਾਸ ਹੋ ਜਾਂਦੇ ਹਨ ਤੇ ਕਈ ਵਾਰੀ ਤਾਂ ਰੋਣ ਵੀ ਲੱਗ ਜਾਂਦੇ ਹਨ ।

ਬਾਬਾ- (ਧਿਆਨ ਲਾ ਕੇ) ਓਪਰੀ ਸ਼ੈਅ , ਡੈਣ ਬਹੁਤ ਭਿਆਨਕ ਪੁੱਠ ਪੈਰੀ ਡੈਣ ਦਾ ਵਾਸ ਹੈ ਉੱਥੇ ।

ਜਸਪ੍ਰੀਤ- ਫੇਰ ਬਾਬਾ ਜੀ ਕਰੋ ਉਪਾਅ ਕੋਈ ਸਾਡੇ ਕਸ਼ਟ ਦੂਰ ਕਰੋ ਬਾਬਾ ਜੀ ।

ਬਾਬਾ -ਫੇਰ ਧਿਆਨ ਲਾ ਕੇ ਆਏ ਕਰੋ ਸ਼ਨੀਵਾਰ ਵਾਲੇ ਦਿਨ ਟਾਹਲੀ ਨੂੰ ਵੱਢ ਦਿਓ ਤੇ ਸਾਰੀ ਲੱਕੜ ਬਾਬਿਆਂ ਦੇ ਡੇਰੇ ਸਿੱਟ ਜਾਓ । ਬਾਬੇ ਆਪੇ ਨਿੱਬੜ ਲੈਣਗੇ ।

ਜਸਪ੍ਰੀਤ ਤੇ ਕਿੰਦਾ - ਜੀ ਬਾਬਾ ਜੀ 

ਬਾਬਾ ਜੀ ਦਿਓ ਅਸ਼ੀਰਵਾਦ ਫਿਰ , ਜੈ ਬਾਬਾ ਜੀ ਕਿੰਦਾ ਤੇ ਜਸਪ੍ਰੀਤ ਘਰ ਆ ਜਾਂਦੇ ਹਨ ।

ਹਰਮਨ ਤੇ ਗੁਰਕੀਰਤ ਦੋਵੇਂ ਇਕੱਠੇ ਬੈਠੇ ਹੋਏ ਹਨ 

ਕਿੰਦਾ- ਲਓ ਵੀ ਹੋ ਜੋ ਤਿਆਰ ਪਰਸੋਂ ਨੂੰ ਜੂੜ ਵੱਢ ਦਿਆਂਗੇ ਆਪਾਂ ਟਾਹਲੀ ਦਾ (ਹਰਮਨ ਤੇ ਕਿੰਦੇ ਨੂੰ ਸਾਰੀ ਗੱਲ ਦੱਸਦਾ ਹੈ)

ਏਨੇ ਨੂੰ ਬਾਪੂ ਘਰ ਆ ਵੜਦਾ ਹੈ ਕਿਵੇਂ ਜੁੰਡਲੀ ਇਕੱਠੀ ਬੈਠੀ ਆਂ..? ਕਿ ਘੁਸਰ ਮੁਸਰ ਕਰਦੇ ਹੋ .?

ਕਹਿੰਦਾ ਕੁਝ ਨਹੀਂ ਬਾਪੂ ਉਹ ਆਪਣੇ ਖੇਤ ਵਾਲੀ ਟਾਹਲੀ ਜੀ ਮੈਂ ਸੋਚਦਾ ਸੀ ਆਪਾਂ ਡੇਰੇ ........ਕਿੰਦੇ ਦੀ ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਬਾਪੂ ਗੁੱਸੇ ਨਾਲ ...ਖਬਰਦਾਰ...... ਜੇ ਕਿਸੇ ਨੇ ਟਾਹਲੀ ਵੱਲ ਅੱਖ ਚੁੱਕ ਕੇ ਵੀ ਦੇਖਿਆ ...!

ਮੈਨੂੰ ਮਰੇ ਨੂੰ ਚੱਕ ਲਿਓ (ਇਨ੍ਹਾਂ ਕਹਿ ਬਾਪੂ ਆਪਣੀ ਬੈਠਕ ਚ ਚਲਾ ਜਾਂਦਾ ਹੈ ਬੇਚੈਨ ਜਿਹਾ ਹੋ )

ਜਸਪ੍ਰੀਤ - ਬਾਪੂ ਦੇ ਜਾਣ ਤੋਂ ਬਾਅਦ ਬੋਲਦੀ ਹੈ ਦੇਖੋ ਉਹ ਓਪਰੀ ਸ਼ੈਅ ਹੁਣ ਬਾਪੂ ਜੀ ਦੇ ਸਿਰ ਚੜ੍ਹ ਬੋਲਦੀ ਹੈ । ਤੁਸੀਂ ਆਏ ਕਰੋ ਚੁੱਪਚਾਪ ਕੱਲ੍ਹ ਨੂੰ ਕੰਮ ਨਿਬੇੜ ਦਿਓ, ਸ਼ਨੀਵਰ ਆ ਕੱਲ੍ਹ ।

ਕਿੰਦਾ- ਹਾਂ ਤੜਕੇ ਹੀ ਜਾਨੇ ਆਂ ... ਹਰਮਨ ...ਤੂੰ ਆਏਂ ਕਰ... ਮੋਦਨ ਨੂੰ ਕਹਿੰਦੇ.... ਉਹ ਛੇਤੀ ਵੱਢ ਦਿਉ ...ਨਾਲੇ ਉਹਦਾ ਕੰਮ ਹੀ ਅਾਹੀ ਆ। ਗੁਰਕੀਰਤ-( ਕੋਲ ਖੜ੍ਹਾ ) ਬਾਈ ਤੁਸੀਂ ਸੋਚ ਲਓ ਇੱਕ ਵਾਰੀ ਫੇਰ ਯਾਰ ।

ਕਿੰਦਾ - ਹੁਣ ਸੋਚਣਾ ਕੀ ਆ..... ਹੁਣ ਤਾਂ ਆਰਾ ਚੱਲੂ ..ਆਰਾ

ਅਗਲੇ ਦਿਨ ਸਵੇਰੇ ਹੀ ਕਿੰਦਾ ਅਤੇ ਹਰਮਨ ਖੇਤ ਨੂੰ ਚਲੇ ਜਾਂਦੇ ਹਨ।

ਬਾਪੂ - ਸਵੇਰੇ ਆਪਣੀ ਬੈਠਕ ਚੋਂ ਬਾਹਰ ਨਿਕਲਦਿਆਂ ਜਸਪ੍ਰੀਤ ਪੁੱਤ ਕਿੰਦਾ ਤੇ ਹਰਮਨ ਨਹੀਂ ਦਿੱਸਦੇ ਕਿੱਥੇ ਗਏ ...?

ਜਸਪ੍ਰੀਤ- ਬਾਪੂ ਜੀ ਉਹ ਖੇਤ ਗਏ ਕਹਿੰਦੇ ਸੀ ਅੱਜ ਕੰਮ ਜ਼ਿਆਦਾ ਹੈ । (ਬਾਪੂ ਸੋਚੀਂ ਪੈ ਜਾਂਦਾ ਹੈ ਕਿ ਕੰਮ ਤਾਂ ਕੋਈ ਹੈ ਹੀ ਨਹੀਂ ਸੀ ਸਪਰੇਅ ਵੀ ਹੋ ਗਈ ਸੀ ਫੇਰ ਉਹ ਖੇਤ ਕੀ ਲੈਣ ਗਏ )

ਬਾਪੂ ਜਦੋਂ ਦਰਵਾਜ਼ੇ ਵਿੱਚ ਆਉਂਦਾ ਹੈ ਤਾਂ ਵੇਖਦਾ ਹੈ ਕਿ ਬਾਹਰ ਸਕੂਟਰ ਤੇ ਗੁਰਕੀਰਤ ਮੋਦਨ ਨੂੰ ਬਿਠਾ ਕੇ ਖੇਤਾਂ ਵਾਲੇ ਰਾਹ ਪੈ ਜਾਂਦਾ ਹੈ ।

ਲਾਭਾ- ਉਸੇ ਵੇਲੇ ਖੇਤਾਂ ਨੂੰ ਭੱਜ ਲੈਂਦਾ ਹੈ ਡਿੱਗਦਾ ਢਹਿੰਦਾ ਸਾਹੋੰ ਸਾਹੀਂ ਖੇਤਾਂ ਵੱਲ ਨੂੰ ਭੱਜਦਾ ਜਾ ਰਿਹਾ ਹੈ 

ਟਾਹਲੀ ਦੀਆਂ ਜੜ੍ਹਾਂ ਵਿੱਚ ਆਰਾ ਫਿਰਦਾ ਵੇਖ ਦੂਰੋਂ ਹੀ ਚੀਕਾਂ ਮਾਰਦਾ ਰੋਂਦਾ ਕੁਰਲਾਉਂਦਾ ਕਹਿੰਦਾ ਨਾ ਓਏ... ਇਹ ਨਾ ਉਏ ਇਹ ਨਾ ਕਹਿਰ ਕਰੋ ਨਾ ਮਾਰੋ ਮੇਰੀ ਧੀ ਨੂੰ ਨਾ ਮਾਰੋ ਮਾਰੋ ਮੇਰੀ ਧੀ , ਮਰਜੂ ਕੋਈ ਓਪਰੀ ਸ਼ੈਅ ਨਈ ਏਥੇ ,ਮੇਰੀ ਧੀ ਆ।

ਲਾਭਾ ਰੋਂਦਾ ਹੋਇਆ ਧੱਕਾ ਮਾਰ ਸਾਰਿਆਂ ਨੂੰ ਪਾਸੇ ਕਰ ਦਿੰਦਾ ਹੈ ਤੇ ਟਾਹਲੀ ਨੂੰ ਜੱਫਾ ਪਾ ਕੇ ਨਾ ਮੇਰਾ ਪੁੱਤ ਨਾ ਮੈਂ ਆ ਗਿਆ ਹੁਣ ਤੇਰਾ ਬਾਪੂ ਆ ਗਿਆ ......(ਸਾਰੇ ਆਸੇ ਪਾਸੇ ਖੜ੍ਹੇ ਇਹ ਦੇਖ ਡਰੇ ਹੋਏ ਤੇ ਹੈਰਾਨ ਡੌਰ ਭੌਰ ਇੱਕ ਦੂਜੇ ਵੱਲ ਝਾਕ ਰਹੇ ਹਨ )

(ਹਰਮਨ ਹੌਲੀ ਹੌਲੀ ਬਾਪੂ ਕੋਲ ਜਾਂਦਾ ਤੇ ਬਾਪੂ ਨੂੰ ਮੋਢਿਆਂ ਤੋਂ ਫੜ ਆਪਣੇ ਗਲ ਨਾਲ ਲਾ ਲੈਂਦਾ ਹੈ )

ਹਰ ਪਾਸੇ ਚੁੱਪ ਛਾ ਜਾਂਦੀ ਹੈ ਬਾਪੂ ਚੁੱਪ ਨੂੰ ਤੋੜਦਿਆਂ ਬੋਲਦਾ ਹੈ ਪੁੱਤਰੋ ਕਿਹੜੇ ਬੂਬਣਿਆਂ ਦੇ ਚੱਕਰਾਂ ਵਿੱਚ ਪਏ ਓ 

ਇੱਥੇ ਕੋਈ ਓਪਰੀ ਸ਼ੈਅ ਜਾਂ ਕੋਈ ਭੂਤ ਦੇਣ ਨਹੀਂ ਹੈ 

ਅਸਲ ਵਿੱਚ ਮੈਂ ਹੀ ਪਾਪੀ ਹਾਂ .........

ਭਾਵੁਕ ਜਿਹਾ ਹੋਇਆ ਲਾਭਾ ਹਉਕੇ ਲੈਂਦਾ ਸਭ ਨੂੰ ਦੱਸਦਾ ਹੈ ਕਿ ਹਰਮਨ ਤੋਂ ਪਹਿਲਾਂ ਮੈਂ ਆਪਣੇ ਪਹਿਲੇ ਬੱਚੇ ਵੇਲੇ ਡਾਕਟਰ ਤੋਂ ਚੈੱਕ ਕਰਵਾਇਆ ਤੇ ਡਾਕਟਰ ਨੇ ਚੈੱਕ ਕਰਕੇ ਦੱਸਿਆ ਕਿ ਕੁੜੀ ਹੈ...... ਮੈਂ ਹਰਮਨ ਦੀ ਬੀਬੀ ਨੂੰ ਮਜਬੂਰ ਕਰ ਉਸਨੂੰ ਡਾਕਟਰ ਕੋਲ ਲੈ ਗਿਆ ਤੇ ਆਪਣੀ ਧੀ ਰਾਣੀ ਨੂੰ ਕੁੱਖ ਵਿੱਚ ਹੀ ਕਤਲ ਕਰਵਾ ਦਿੱਤਾ ਤੇ ਉਸ ਨੂੰ ਲਿਆ ਕੇ ਇੱਥੇ ਦੱਬ ਦਿੱਤਾ ਤੇ ਫੇਰ ਟਾਹਲੀ ਦਾ ਬੂਟਾ ਲਗਾ ਦਿੱਤਾ .......ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਪਛਤਾਵਾਂ ਹੀ ਕਰ ਰਿਹਾ ਹਾਂ ਤੇ ਇਸ ਟਾਹਲੀ ਨੂੰ ਆਪਣੀ ਧੀ ਵਾਂਗ ਪਾਲਿਆ ਹੈ । ਪੁੱਤਰੋ ......ਮੈਂ ਇੱਕ ਵਾਰ ਆਪਣੀ ਧੀ ਨੂੰ ਮਾਰ ਚੁੱਕਿਆ ਹਾਂ ......ਤੇ ਹੁਣ ਦੂਜੀ ਵਾਰ ਮੈਂ ਆਪਣੀ ਧੀ ਨੂੰ ਨਹੀਂ ਮਰਨ ਦੇ ਸਕਦਾ ...

ਤੇ ਨਾਲੇ ਕਿਸੇ ਰੁੱਖ ਨੂੰ ਬੇਵਜ੍ਹਾ ਵੱਢਣਾ ਵੀ ਕੋਈ ਸਿਆਣਪ ਨਹੀਂ ..।

ਇਸ ਜੁਰਮ ਦੀ ਮੈਨੂੰ ਕਿਤੇ ਵੀ ਮਾਫੀ ਨਹੀਂ ਮਿਲਣੀ ,ਕੁਦਰਤ ਦੀਆਂ ਦਿੱਤੀਆਂ ਦਾਤਾਂ ਦੀ ਆਪਾਂ ਨੂੰ ਸੰਭਾਲ ਕਰਨੀ ਚਾਹੀਦੀ ਹੈ ,

ਨਾਲੇ ਮਾਪਿਆਂ ਦਾ ਮਾਣ ਹੁੰਦੀਆਂ ਨੇ ਧੀਆਂ। ਧੀਆਂ ਬਿਨਾਂ ਸਭ ਕੁੱਝ ਅਧੂਰਾ ਹੈ , ਘਰ-ਪਰਿਵਾਰ , ਸਮਾਜ ਤੇ ਮਨੁੱਖਤਾ ਮੈਨੂੰ ਜਦੋਂ ਇਹ ਗੱਲ ਸਮਝ ਆਈ ਤਾਂ ਦੇਰ ਹੋ ਚੁੱਕੀ ਸੀ।

ਜਤਿੰਦਰ ( ਭੁੱਚੋ )
9501475400


rajwinder kaur

Content Editor

Related News