ਕਹਾਣੀਨਾਮਾ: ਮੈਂ ਇਨਸਾਫ਼ ਨਹੀਂ ਕਰ ਸਕਿਆ...
Monday, May 17, 2021 - 02:11 PM (IST)
ਬੇਬੇ ਨੇ ਹਾਕ ਮਾਰਦਿਆਂ ਆਖਿਆ, ਬਾਹਰ ਕੋਈ ਪੱਗ ਬਨਾਉਣ ਆਇਆ ਹੈ।ਇਹ ਬੋਲ ਸੁਣਦਿਆਂ ਸਾਰ ਹੀ ਮੈਨੂੰ ਬਾਬਾ ਜੀ ਦੇ ਦਰ 'ਤੇ ਮਿਲੇ ਜੀਤੂ ਦੀ ਯਾਦ ਆ ਗਈ।ਅੱਖਾਂ ਭਰ ਆਈਆਂ ਕਿ ਮੈ ਇਨਸਾਫ਼ ਨਹੀਂ ਕਰ ਸਕਿਆ।
ਰੰਗ ਦਾ ਸਾਫ਼ ਤੇ ਨੈਣ ਨਕਸ਼ ਉਹਦੇ ਬਹੁਤ ਸੋਹਣੇ ਸੀ।ਉਮਰ ਵਿਚ ਵੀ ਮੇਰੇ ਤੋਂ ਉਹ ਵੱਡਾ ਜਾਪਿਆ।ਕਿੰਨਾਂ ਚਿਰ ਮੈਂ ਉਹਦੀ ਮਾਂ ਤੇ ਉਹਦੇ ਵੱਲ ਵੇਖਦਾ ਰਿਹਾ।
ਲਿਆ ਪੁੱਤ ਮੈਂ ਸਿਰ ਵਾਹ ਦਿਆਂ "ਜੀਤੂ ਦੀ ਮਾਂ ਨੇ ਆਖਿਆ।"
ਏਨੇ ਪਿਆਰ ਨਾਲ ਉਨੇ ਸਿਰ ਘੁਮਾਇਆ ਇਸ ਤਰ੍ਹਾਂ ਲੱਗੇ ਜਿਵੇਂ ਮਾਂ ਦੀ ਮਮਤਾ ਉਸ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਸੀ। ਜੂੜਾ ਕਰਦੀ ਹੋਈ ਉਸ ਮਾਂ ਨੇ ਜਦੋਂ ਬੈਗ 'ਚੋਂ ਸਾਫਾ ਕੱਢਿਆ ਤਾਂ ਹੈਰਾਨੀ ਹੋਈ ਕਿ ਮੇਰੇ ਤੋਂ ਵੱਧ ਉਮਰ ਦਾ ਨੌਜਵਾਨ ਹੋਵੇ ਤੇ ਮਾਂ ਕੋਲੋਂ ਸਾਫਾ ਬੰਨਵਾਏ ?
ਜਿਵੇਂ ਵਲ ਮਾਰਨੇ ਆਏ ਬੀਬੀ ਨੂੰ ,ਉਨੇ ਮਾਰ ਕੇ ਮੱਥੇ 'ਤੇ ਹੱਥ ਫੇਰਦਿਆਂ ਆਖਿਆ "ਮੇਰਾ ਸੋਹਣਾ ਪੁੱਤ ਜੀਤੂ।"
ਧਿਆਨ ਮੇਰਾ ਉੱਧਰ ਹੀ ਸੀ ਕਿ ਬੇਬੇ ਨੇ ਬੈਗ ਵੱਲ ਇਸ਼ਾਰਾ ਕਰਦਿਆਂ ਕਿਹਾ " ਸਮਾਨ ਚੈੱਕ ਕਰ ਪੂਰਾ ਹੈ?" ਹਾਂ ਪੂਰਾ ਹੈ। " ਪੱਗ ਨੂੰ ਠੀਕ ਕਰਦਿਆਂ ਆਖਿਆ।"
ਘਰ ਜਾਣ ਦੀ ਤਿਆਰੀ ਹੀ ਸੀ ਕਿ ਉਸ ਮਾਤਾ ਨੇ ਕੋਲ ਆ ਕਿ ਆਖਿਆ "ਪੁੱਤ! ਮੇਰੇ ਪੁੱਤ ਦੇ ਸਾਫਾ ਬੰਨ੍ਹ ਦੇ .."
ਮੈਂ ਇਕ ਦਮ ਡਰ ਗਿਆ..
ਮਾਤਾ ਨੇ ਵਾਕ ਦੁਹਰਾਇਆ "ਪੁੱਤ ਮੈਨੂੰ ਸਾਫਾ ਵਧੀਆ ਬੰਨ੍ਹਣਾ ਨਹੀਂ ਆਉਂਦਾ ਤੂੰ ਬੰਨ੍ਹ ਦੇ।"
ਆਖਣ ਲੱਗੀ ..ਮੈਂ ਤੇ ਮੇਰਾ ਪੁੱਤ ਇਕੱਲੇ ਹੀ ਹਾਂ।ਜੀਤੂ ਨਾ-ਸਮਝ ਤੇ ਸਿਧੜਾ ਹੈ।ਤੂੰ ਸੋਹਣੀ ਦਸਤਾਰ ਬੰਨ੍ਹੀ ਐ ਇਹਦੇ ਵੀ ਸਜਾ ਦੇ...।ਗੁਰੂ ਰਾਮਦਾਸ ਤੇਰੀ ਜਰੂਰ ਸੁਣਨਗੇ।
ਮੈ ਜੀਤੂ ਵੱਲ ਦੇਖ ਕੇ ਆਪਣੀ ਬੇਬੇ ਵੱਲ ਦੇਖਿਆ..ਬੇਬੇ ਦੀ ਹਲਕੀ ਜਿਹੀ ਮੁਸਕਰਾਹਟ ਬਹੁਤ ਕੁਝ ਕਹਿ ਰਹੀ ਸੀ ਪਰ ਬੇਬੇ ਦੀ ਜ਼ੁਬਾਨੋਂ ਕੋਈ ਬੋਲ ਨਾ ਨਿਕਲੇ।ਇਸ ਤਰ੍ਹਾਂ ਲੱਗਿਆ ਜਿਵੇਂ ਮੇਰੀ ਪਰਖ ਹੋ ਰਹੀ ਹੋਵੇ ਕਿ ਮੈਂ ਕਿਸ ਤਰ੍ਹਾਂ ਦਾ ਫ਼ੈਸਲਾ ਲੈਂਦਾ।
ਬੜੀ ਛੇਤੀ ਹੀ ਮੈ ਜੀਤੂ ਨੂੰ ਕੋਲ ਆਉਣ ਲਈ ਕਿਹਾ।
ਮੈ ਜਲਦਬਾਜ਼ੀ ਕੀਤੀ..
ਮਨ ਹੀ ਮਨ ਵਿਚਾਰ ਚੱਲਣ ਲੱਗੇ ਮੈਨੂੰ ਤਾਂ ਬੀਬੀ ਠੀਕ ਨਹੀਂ ਲੱਗਦੀ... ਕਿਤੇ ਇਹ ਸਾਨੂੰ ਲੁੱਟ ਨਾ ਲੈਣ ..
ਮੇਰੀ ਤਾਂ ਬੇਬੇ ਵੀ ਭੋਲੀ ਹੈ ਜੇ ਬੀਬੀ ਨੇ ਕੁਝ ਵੀ ਮੰਗ ਲਿਆ ਤਾਂ ਪੈਸੇ ਕੱਢ ਕੇ ਫੜਾ ਦੂ..ਵਾਰ ਵਾਰ ਬੈਗ ਨੂੰ ਮੈਂ ਦੇਖਣ ਲੱਗਿਆ...
ਜਿਵੇਂ ਦਾ ਮੜਾਸੇ ਵਾਂਗ ਕਾਹਲੀ ਕਾਹਲੀ 'ਚ ਸਾਫਾ ਬੰਨ੍ਹਿਆ ਤਾਂ ਬੰਨ੍ਹ ਦਿੱਤਾ।
ਸਾਫਾ ਬੰਨ ਕੇ ਮੈਨੂੰ ਆਪ ਨੂੰ ਵੀ ਸਕੂਨ ਨਾ ਮਿਲਿਆ।ਬਿਨਾ ਪੂਣੀ ਕੀਤੇ ਸਾਫੇ ਦੇ ਵਲ ਮਾਰੇ ..
ਪਰ ਜੀਤੂ ਦੀ ਮਾਂ ਨੇ ਦੇਖਦਿਆਂ ਸਾਰ ਹੀ ਸਲਾਹੁਣਾ ਸ਼ੁਰੂ ਕੀਤਾ ਕਿ ਬਹੁਤ ਸੋਹਣਾ ਲੱਗ ਰਿਹਾ ਹੈ ਪੁੱਤ ਮੇਰਾ।
ਗੁਰੂ ਰਾਮਦਾਸ ਤੁਹਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਨ..ਇਹ ਦੁਆਵਾਂ ਦਿੰਦੀ ਜਦੋਂ ਮਾਤਾ ਉੱਠੀ ਤੇ ਕਹਿਣ ਲੱਗੀ ਪੁੱਤ ਵਾਹਿਗੁਰੂ ਨੇ ਇੰਨੂ ਸਿਧੜਾ ਬਣਾਇਆ ਹੈ।ਜਿੰਨੇ ਜੋਗੀ ਹਾਂ ਇਹਦੀ ਸੇਵਾ ਕਰ ਰਹੀ ਹਾਂ।ਮੇਰਾ ਇਹਦੇ ਬਿਨਾਂ ਕੋਈ ਨਹੀਂ।ਇਹਦੇ ਨਾਲ ਹੀ ਮੇਰਾ ਜਹਾਨ ਹੈ।ਚਲ ਪੁੱਤ ਜੀਤੂ ਚੱਲੀਏ ..
ਇਹ ਕਹਿੰਦੀ ਮਾਤਾ ਨੇ ਪਿਆਰ ਨਾਲ ਹੱਥ ਜੋੜ ਕੇ ਫਤਹਿ ਬੁਲਾਈ ਤੇ ਚਲੇ ਗਏ।ਏਧਰੋਂ ਵੀ ਮੈਨੂੰ ਬੜੀਆਂ ਅਸੀਸਾਂ ਮਿਲੀਆਂ ਪਰ ਅੰਦਰੋਂ ਖ਼ੁਸ਼ ਨਹੀਂ ਸੀ।ਘੁਟਣ ਜਿਹੀ ਮਹਿਸੂਸ ਹੁੰਦੀ ਰਹੀ।ਸਾਰੀ ਰਾਹ ਮੈਂ ਮਾਂ ਪੁੱਤ ਬਾਰੇ ਹੀ ਸੋਚਦਾ ਰਿਹਾ ।ਕਿਤੇ ਕਿਤੇ ਖਿਆਲ ਆਉਂਦਾ ਕਿ ਮੇਰੇ ਅੰਦਰੋਂ ਉਠੇ ਗ਼ਲਤ ਵਿਚਾਰਾਂ ਨੇ ਜੀਤੂ ਦੇ ਸੋਹਣੀ ਦਸਤਾਰ ਨਾ ਬੰਨ੍ਹਣ ਦਿੱਤੀ।ਅੱਜ ਵੀ ਜਦੋਂ ਕੋਈ ਦਸਤਾਰ ਬਨਾਉਣ ਲਈ ਆਉਂਦਾ ਤਾਂ ਜੀਤੂ ਸਮਝ ਕੇ ਉਹਦੇ ਸੋਹਣੀ ਦਸਤਾਰ ਬੰਨ੍ਹਣ ਦੀ ਕੋਸ਼ਿਸ਼ ਕਰਦਾ ਤੇ ਮਨ ਹੀ ਮਨ ਖਿਮਾਂ ਮੰਗਦਾ..ਹੋ ਸਕੇ ਤਾਂ ਵੀਰ ਮੁਆਫ ਕਰੀਂ ....।
ਸੁਰਜੀਤ ਸਿੰਘ 'ਦਿਲਾ ਰਾਮ'
ਸੰਪਰਕ 99147-22933